*ਜ਼ਿਲ੍ਹਾ ਬਠਿੰਡਾ ਦੇ ਸਰਕਾਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਇੰਸਪਾਇਰ ਮੀਟ 2.0 ਦਾ ਸਫਲ ਆਯੋਜਨ : ਜ਼ਿਲ੍ਹਾ ਸਿੱਖਿਆ ਅਧਿਕਾਰੀ*

*ਇਤਿਹਾਸ ਵਿੱਚ ਪਹਿਲੀ ਵਾਰ ਡਿਪਟੀ ਕਮਿਸ਼ਨਰ, ਐੱਸ.ਡੀ.ਐੱਮ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਹਲਕਾ ਵਿਧਾਇਕਾਂ ਨੇ ਇੰਸਪਾਇਰ ਮੀਟ ਵਿੱਚ ਸ਼ਿਰਕਤ ਕੀਤੀ*

*ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਤਿਉਹਾਰਾਂ ਜਿਹੇ ਮਾਹੌਲ ਵਿੱਚ ਹਜ਼ਾਰਾਂ ਮਾਪਿਆਂ ਨੇ ਆਪਣੇ ਬੱਚਿਆਂ ਦੇ ਉੱਜਲ ਭਵਿੱਖ ਦੀ ਗਵਾਹੀ ਭਰੀ*

 ਬਠਿੰਡਾ (ਸਮਾਜ ਵੀਕਲੀ):  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲ ਸਿੱਖਿਆ ਵਿੱਚ ਗੁਣਾਤਮਿਕ ਸੁਧਾਰ ਅਤੇ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਤਹਿਤ ਜ਼ਿਲ੍ਹਾ ਬਠਿੰਡਾ ਦੇ ਸਿੱਖਿਆ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਮੂਹ ਸਰਕਾਰੀ ਸਕੂਲਾਂ ਵਿੱਚ ਅੱਜ ਮਾਪੇ ਅਧਿਆਪਕ ਮਿਲਣੀ ਇੰਸਪਾਇਰ ਮੀਟ 2.0 ਕਰਵਾਈ ਗਈ। ਜਿਸ ਵਿੱਚ ਪਹਿਲੀ ਵਾਰ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਦੇ ਨਾਲ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਹਲਕਾ ਵਿਧਾਇਕਾ ਨੇ ਵੀ ਉਤਸਾਹਪੂਰਵਕ ਭਾਗ ਲਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮੇਵਾ ਸਿੰਘ ਸਿੱਧੂ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਹਿੰਦਰਪਾਲ ਸਿੰਘ ਨੇ ਮਾਪੇ ਅਧਿਆਪਕ ਮਿਲਣੀ ਇੰਸਪਾਇਰ ਮੀਟ 2.0 ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਦੇ ਬਲਾਕ ਨੋਡਲ ਅਫ਼ਸਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਇਸ ਸਬੰਧੀ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਸਨ। ਸਕੂਲਾਂ ਵਿੱਚ ਮੇਲੇ, ਤਿਉਹਾਰਾਂ ਅਤੇ ਸਮਾਗਮਾਂ ਜਿਹਾ ਮਾਹੌਲ ਬਣਿਆ ਹੋਇਆ ਸੀ।

ਸਕੂਲਾਂ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਸੀ। ਸਕੂਲਾਂ ਵਿੱਚ ਆ ਰਹੇ ਮਾਪਿਆਂ ਨੂੰ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਸਕੂਲਾਂ ਵਿੱਚ ਲਾਇਬ੍ਰੇਰੀਆਂ, ਵੱਖ ਵੱਖ ਵਿਸ਼ਿਆਂ ਨਾਲ ਸੰਬੰਧਤ ਸਿੱਖਿਆਦਾਇਕ ਪ੍ਰਦਰਸ਼ਨੀਆਂ , ਅਕਾਦਮਿਕ ਪ੍ਰਾਪਤੀਆਂ ਸੰਬੰਧੀ ਚਾਰਟ , ਮਾਡਲ, ਫਲੈਕਸ ਖਿੱਚ ਦਾ ਕੇਂਦਰ ਬਣੇ ਰਹੇ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਅੱਜ ਉਨ੍ਹਾਂ ਦੁਆਰਾ ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰੇਰਨਾਦਾਇਕ ਨਿਰੀਖਣ ਕੀਤਾ ਗਿਆ ਹੈ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਮਾਪੇ ਅਧਿਆਪਕ ਮਿਲਣੀ ਵਿੱਚ ਹਜ਼ਾਰਾਂ ਦੀ ਗਿਣਤੀ ਵਿਦਿਆਰਥੀਆਂ ਦੇ ਮਾਪਿਆਂ ਦੀ ਸ਼ਮੂਲੀਅਤ ਨੇ ਮਾਪੇ ਅਧਿਆਪਕ ਮੀਟਿੰਗ ਦੀ ਸਫ਼ਲਤਾ ਦੀ ਗਵਾਹੀ ਭਰੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਅਧਿਆਪਕ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਹੋਰ ਮੋਹਤਬਰ ਵਿਅਕਤੀਆਂ ਵੱਲੋਂ ਮੌਜੂਦਾ ਸਰਕਾਰ ਦੇ ਯਤਨਾਂ ਸਦਕਾ ਮਿਲ ਬੈਠ ਕੇ ਸਕੂਲੀ ਸਿੱਖਿਆ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਸੰਬੰਧੀ ਵਿਚਾਰ ਚਰਚਾਵਾਂ ਨੇ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਸਮੁਦਾਇ ਵਿਚਲੀ ਆਪਸੀ ਸਾਂਝ ਨੂੰ ਮਜ਼ਬੂਤੀ ਪ੍ਰਧਾਨ ਕੀਤੀ।

ਇਸ ਮੌਕੇ ਬਠਿੰਡਾ ਜ਼ਿਲ੍ਹੇ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਵੱਲੋਂ ਮਾਪੇ ਅਧਿਆਪਕ ਮਿਲਣੀ ਵਿੱਚ ਸ਼ਿਰਕਤ ਕੀਤੀ ਗਈ ਉੱਥੇ ਹੀ ਹਲਕਾ ਭੁੱਚੋ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਅਤੇ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਆਪਣੇ ਆਪਣੇ ਹਲਕੇ ਦੇ ਕਈ ਸਕੂਲਾਂ ਵਿੱਚ ਆਪਣੀ ਹਾਜ਼ਰੀ ਲਵਾਈ। ਜ਼ਿਲ੍ਹਾ ਸਿੱਖਿਆ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ ਅਤੇ ਬਲਵੀਰ ਸਿੰਘ ਕਮਾਂਡੋ ਨੇ ਦੱਸਿਆ ਕਿ ਅੱਜ ਦੀ ਇਸ ਇੰਸਪਾਇਰ ਮੀਟ ਲਈ ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸੋਸ਼ਲ ਅਤੇ ਪ੍ਰਿੰਟ ਮੀਡੀਆ ਰਾਹੀ ਧਾਰਮਿਕ ਅਤੇ ਸਰਵਜਨਿਕ ਸਥਾਨਾਂ ਤੋਂ ਮੁਨਾਦੀ ਰਾਹੀਂ, ਚੁਣੇ ਨੁਮਾਇੰਦਿਆਂ ਦੇ ਖਾਸ ਯੋਗਦਾਨ ਨਾਲ ਪੋਸਟਰ, ਬੈਨਰ ਅਤੇ ਫਲੈਕਸ ਬੋਰਡਾਂ ਅਤੇ ਨਿੱਜੀ ਸੰਪਰਕ ਦੇ ਚਲਦਿਆਂ ਹਰ ਇੱਕ ਵਿਦਿਆਰਥੀ ਦੇ ਮਾਪੇ ਅਤੇ ਸਿੱਖਿਆ ਪ੍ਰਤੀ ਸੁਹਿਰਦ ਆਮ ਵਿਅਕਤੀ ਤੱਕ ਪਹੁੰਚ ਕੀਤੀ ਗਈ ਸੀ।

ਅੱਜ ਦੇ ਇਸ ਇਤਿਹਾਸਿਕ ਦਿਨ ਮੌਕੇ ਸਰਕਾਰੀ ਸਕੂਲਾਂ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਉਂਦੇ ਹੋਏ ਬਲਾਕ ਨੋਡਲ ਅਫ਼ਸਰਾਂ, ਬੀਪੀਈਓ ਸਾਹਿਬਾਨਾਂ , ਪ੍ਰਿੰਸੀਪਲ , ਹੈੱਡਮਾਸਟਰ, ਸਿੱਖਿਆ ਸੁਧਾਰ ਟੀਮ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਸਮੁੱਚੀ ਟੀਮ, ਸੈਂਟਰ ਹੈੱਡ ਟੀਚਰ, ਜ਼ਿਲ੍ਹਾ, ਬਲਾਕ ਅਤੇ ਸਕੂਲ ਮੀਡੀਆ ਟੀਮ ਸਮੇਤ ਰਣਜੀਤ ਸਿੰਘ ਮਾਨ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਨਿਰਭੈ ਸਿੰਘ ਭੁੱਲਰ ਸਹਾਇਕ ਸਮਾਰਟ ਕੋਆਰਡੀਨੇਟਰ, ਜਤਿੰਦਰ ਸ਼ਰਮਾ ਸਹਾਇਕ ਸਮਾਰਟ ਕੋਆਰਡੀਨੇਟਰ, ਮਨਦੀਪ ਸਿੰਘ ਨੋਡਲ ਇੰਚਾਰਜ ਵੀ ਸਾਰਾ ਦਿਨ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਨਜ਼ਰ ਆਏ ਤਾਂ ਕਿ ਪੰਜਾਬ ਦੇ ਸਕੂਲ ਸਿੱਖਿਆ ਸਿਸਟਮ ਨੂੰ ਵਿਸ਼ਵ ਪੱਧਰੀ ਬਣਾਉਣ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।

 

Previous articleਤਾਲਿਬਾਨ ਬਨਾਮ ਦਾਰੂ ਦੀ ਦੁਕਾਨ
Next articleਸਕੂਲਾਂ ਦੀ ਦਿੱਖ ਸੰਵਾਰਨ ਵਿੱਚ ਵਲੰਟੀਅਰਾਂ ਦਾ ਵੱਡਾ ਯੋਗਦਾਨ