ਅੰਮ੍ਰਿਤਸਰ (ਸਮਾਜ ਵੀਕਲੀ): ਸ਼੍ਰੋਮਣੀ ਕਮੇਟੀ ਦੇ ਕੰਮਕਾਜ ਦੀ ਨਿਗਰਾਨੀ ਅਤੇ ਸਮੀਖਿਆ ਲਈ ਸਬ ਕਮੇਟੀਆਂ ਬਣਾਉਣ ਦੀ ਯੋਜਨਾ ਹੈ। ਇਹ ਖੁਲਾਸਾ ਸਿੱਖ ਸੰਸਥਾ ਦੇ ਨਵ ਨਿਯੁਕਤ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ। ਉਨ੍ਹਾਂ ਅੱਜ ਦਫ਼ਤਰੀ ਕੰਮ-ਕਾਜ ਨੂੰ ਹੋਰ ਸਚਾਰੂ ਢੰਗ ਨਾਲ ਚਲਾਉਣ ਲਈ ਸੰਸਥਾ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਤੋਂ ਸੰਗਤ ਨੂੰ ਵੱਡੀਆਂ ਆਸਾਂ ਹਨ, ਜਿਨ੍ਹਾਂ ਅਨੁਸਾਰ ਕਾਰਜ ਕਰਨੇ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਨਿਗਰਾਨੀ ਲਈ ਜਲਦ ਹੀ ਸਬ-ਕਮੇਟੀਆਂ ਬਣਾਈਆਂ ਜਾਣਗੀਆਂ, ਜੋ ਮਹੀਨੇ ਵਿੱਚ ਦੋ-ਵਾਰ ਆਪਣੀ ਰਿਪੋਰਟ ਬਣਾਉਣਗੀਆਂ ਅਤੇ ਕੀਤੇ ਜਾ ਰਹੇ ਕੰਮਾਂ ਦੀ ਨਿਗਰਾਨੀ ਕਰਨਗੀਆਂ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਆਪੋ-ਆਪਣੇ ਮਹਿਕਮੇ ਦੀ ਕਾਰਗੁਜ਼ਾਰੀ ਨੂੰ ਹੋਰ ਤਸਲੀਬਖ਼ਸ਼ ਬਣਾਉਣ ਅਤੇ ਪ੍ਰਬੰਧਾਂ ਨੂੰ ਚੁਸਤ-ਦਰੁਸਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸਕੱਤਰ ਮਹਿੰਦਰ ਸਿੰਘ ਆਹਲੀ ਅਤੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਸਤਬੀਰ ਸਿੰਘ ਧਾਮੀ ਓਐੱਸਡੀ ਨਿਯੁਕਤ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਤਬੀਰ ਸਿੰਘ ਧਾਮੀ ਨੂੰ ਆਪਣਾ ਓਐੱਸਡੀ ਨਿਯੁਕਤ ਕੀਤਾ ਹੈ, ਜੋ ਆਨਰੇਰੀ ਤੌਰ ’ਤੇ ਸੇਵਾਵਾਂ ਨਿਭਾਉਣਗੇ। ਸਤਬੀਰ ਸਿੰਘ ਪਿਛਲੇ ਸਾਲ ਵੀ ਐਡਵੋਕੇਟ ਹਰਜਿੰਦਰ ਸਿੰਘ ਦੇ ਮੁੱਖ ਸਕੱਤਰ ਹੁੰਦਿਆਂ ਆਨਰੇਰੀ ਓਐੱਸਡੀ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ। ਓਐੱਸਡੀ ਨਿਯੁਕਤ ਕੀਤੇ ਜਾਣ ਮਗਰੋਂ ਸਤਬੀਰ ਸਿੰਘ ਧਾਮੀ ਨੇ ਅੱਜ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly