ਨਵੀਂ ਦਿੱਲੀ, (ਸਮਾਜ ਵੀਕਲੀ): ਦੇਸ਼ ਦੇ ਕਈ ਸੂਬਿਆਂ ਵਿਚ ਅੱਜ ਤੋਂ ਸਕੂਲਾਂ ਦੇ ਮੁੜ ਖੁੱਲ੍ਹਣ ’ਤੇ ਕੁਝ ਘਬਰਾਹਟ ਅਤੇ ਕੁਝ ਉਤਸ਼ਾਹ ਦੇ ਨਾਲ ਮਾਸਕ ਤੇ ਸਮਾਜਿਕ ਦੂਰੀ ਵਾਲੀ ਦੋਸਤੀ ਸਬੰਧੀ ਕਰੋਨਾਵਾਇਰਸ ਦੀ ਇਕ ਨਵੀਂ ਸੱਚਾਈ ਦਾ ਸਾਹਮਣਾ ਕਰਨ ਲਈ ਹਜ਼ਾਰਾਂ ਵਿਦਿਆਰਥੀ ਆਪੋ-ਆਪਣੀਆਂ ਜਮਾਤਾਂ ਵਿਚ ਪਰਤੇ।
ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ ਤੇ ਤਾਮਿਲ ਨਾਡੂ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਸਥਿਤ ਸਕੂਲਾਂ ਨੇ ਵਿਦਿਆਰਥੀਆਂ ਤੇ ਸਾਰੇ ਅਧਿਆਪਕਾਂ ਦਾ ਟੀਕਾਕਰਨ ਨਾ ਹੋਣ ਸਬੰਧੀ ਚਿੰਤਾ ਵਿਚਾਲੇ ਆਪਣੇ ਬੂਹੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਹਨ ਪਰ ਨਾਲ ਹੀ 50 ਫ਼ੀਸਦ ਹਾਜ਼ਰੀ, ਟਿਫਨ ਤੇ ਸਟੇਸ਼ਨਰੀ ਸਾਂਝੇ ਨਾ ਕਰਨ ਅਤੇ ਸਕੂਲ ਆਉਣ ਲਈ ਮਾਪਿਆਂ ਦੀ ਸਹਿਮਤੀ ਆਦਿ ਕਈ ਅਜਿਹੇ ਨਿਯਮ ਤੇ ਸ਼ਰਤਾਂ ਹਨ ਜਿਨ੍ਹਾਂ ਦੀ ਹਰੇਕ ਵਿਦਿਆਰਥੀ ਨੂੰ ਪਾਲਣਾ ਕਰਨੀ ਹੋਵੇਗੀ।
ਇਸੇ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੱਲੋਂ ਹਾਲਾਤ ਅਤੇ ਸਤੰਬਰ ਮਹੀਨੇ ਵਿਚ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਸਟਾਫ਼ ਦਾ ਟੀਕਾਕਰਨ ਕਰਨ ਸਬੰਧੀ ਯੋਜਨਾਬੰਦੀ ਦਾ ਜਾਇਜ਼ਾ ਲੈਣ ਲਈ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਗਈ।
ਜ਼ਿਕਰਯੋਗ ਹੈ ਕਿ ਕੁਝ ਸਕੂਲ ਤਾਂ ਪਿਛਲੇ ਸਾਲ ਕਰੋਨਾਵਾਇਰਸ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਖੁੱਲ੍ਹ ਰਹੇ ਹਨ ਜਦਕਿ ਬਾਕੀਆਂ ਵਿਚ ਕੋਵਿਡ-19 ਦੀ ਦੂਜੀ ਲਹਿਰ ਤੋਂ ਬਾਅਦ ਹੁਣ ਮੁੜ ਤੋਂ ਕਲਾਸਾਂ ਲੱਗਣੀਆਂ ਸ਼ੁਰੂ ਹੋਈਆਂ ਹਨ। ਹੁਣ ਜਦੋਂ ਕਈ ਰਾਜਾਂ ਵਿਚ ਕਰੋਨਾ ਦੇ ਕੇਸਾਂ ਵਿਚ ਨਿਘਾਰ ਆ ਰਿਹਾ ਹੈ ਤਾਂ ਅਜਿਹੇ ਵਿਚ ਇਹ ਸਕੂਲਾਂ ਵਿਚ ਪਰਤਣ ਦਾ ਸਹੀ ਸਮਾਂ ਸਮਝਿਆ ਜਾ ਰਿਹਾ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵਿੱਟਰ ’ਤੇ ਕਿਹਾ, ‘‘17 ਮਹੀਨਿਆਂ ਬਾਅਦ ਸਕੂਲ ਖੁੱਲ੍ਹੇ ਹਨ ਅਤੇ ਵਿਦਿਆਰਥੀ ਮੁੜ ਕਲਾਸਾਂ ਵਿਚ ਬੈਠਣਗੇ ਅਤੇ ਆਪਣੇ ਦੋਸਤਾਂ ਨਾਲ ਮਜ਼ਾ ਕਰਨਗੇ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly