ਨਫ਼ਰਤੀ ਭਾਸ਼ਣ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ਵਿਦਿਆਰਥੀ ਥਾਣੇ ਡੱਕੇ

ਨਵੀਂ ਦਿੱਲੀ (ਸਮਾਜ ਵੀਕਲੀ) : ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ‘ਆਇਸਾ’ ਸਣੇ ਹੋਰ ਜਥੇਬੰਦੀਆਂ ਵੱਲੋਂ ਜੰਤਰ-ਮੰਤਰ ਵਿਖੇ ਮੁਸਲਮਾਨਾਂ ਖ਼ਿਲਾਫ਼ ਨਫ਼ਤਰੀ ਨਾਅਰੇ ਲਾਉਣ ਵਾਲਿਆਂ ਨੂੰ ਸਖ਼ਤੀ ਨਾਲ ਹੱਥ ਪਾਉਣ ਤੇ ਢੁਕਵੀਂ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਦਿੱਲੀ ਪੁਲੀਸ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਤੋਂ ਨੌਜਵਾਨਾਂ ਦਾ ਗੁੱਸਾ ਵਧ ਗਿਆ ਤੇ ਦਿੱਲੀ ਪੁਲੀਸ ਨੂੰ ਵੀ ਨਿਸ਼ਾਨੇ ’ਤੇ ਲਿਆ। ਮੁਜ਼ਹਾਰੇ ਵਿੱਚ ਆਇਸਾ ਤੋਂ ਇਲਾਵਾ ਸਿਵਲ ਸੁਸਾਇਟੀ, ਪੱਤਰਕਾਰਾਂ ਤੇ ਆਮ ਲੋਕਾਂ ਨੇ ਸ਼ਿਰਕਤ ਕੀਤੀ।

ਵਿਦਿਆਰਥਣਾਂ ਨੇ ‘ਮੰਨੂਵਾਦ ’ਤੇ ਹੱਲਾ ਬੋਲ…ਹੱਲਾ ਬੋਲ’, ‘ਭਾਜਪਾ ਹੋਸ਼ ਵਿੱਚ ਆਓ’ ਵਰਗੇ ਨਾਅਰੇ ਲਾਏ। ਉਹ ਮੰਗ ਕਰ ਰਹੇ ਸਨ ਕਿ ਦਿੱਲੀ ਪੁਲੀਸ ਦੇਸ਼ ਦੇ ਸਦਭਾਵਨਾ ਵਾਲੇ ਮਾਹੌਲ ਨੂੰ ਖ਼ਰਾਬ ਕਰਨ ਵਾਲਿਆਂ ਨੂੰ ਫੜ ਕੇ ਮੰਦਰ ਮਾਰਗ ਥਾਣੇ ਲੈ ਗਈ ਜਿੱਥੇ ਵਿਦਿਆਰਥੀ ਥਾਣੇ ਦੀ ਫਰਸ਼ ਉੱਪਰ ਬੈਠ ਕੇ ਧਰਨਾ ਦੇਣ ਲੱਗੇ। ਉਨ੍ਹਾਂ ਦੇ ਹੋਰ ਸਾਥੀ ਵੀ ਉੱਥੇ ਪਹੁੰਚ ਗਏ। ਵਿਦਿਆਰਥੀਆਂ ਨੇ ਕਿਹਾ ਕਿ ਦੇਸ਼ ਨੂੰ ਫ਼ਿਰਕੂ ਲੀਹਾਂ ਉਪਰ ਵੰਡਣ ਵਾਲਿਆਂ ਲਈ ਦੇਸ਼ ਵਿੱਚ ਕੋਈ ਥਾਂ ਨਹੀਂ ਹੋ ਸਕਦੀ। ਦੇਰ ਸ਼ਾਮ ਨੂੰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਇਸੇ ਦੌਰਾਨ ਕ੍ਰਾਂਤੀਕਾਰੀ ਯੁਵਾ ਸੰਗਠਨ ਵੱਲੋਂ ਵੀ ਭਾਜਪਾ ਦੇ ਸਾਬਕਾ ਬੁਲਾਰੇ ਤੇ ਹੋਰਨਾਂ ਵੱਲੋਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਨਫ਼ਰਤੀ ਨਾਅਰੇ ਲਾਉਣ ਵਾਲਿਆਂ ਦੀ ਸਖ਼ਤ ਨਿਖੇਧੀ ਕੀਤੀ ਗਈ ਤੇ ਦੋਸ਼ ਲਾਇਆ ਗਿਆ ਕਿ ਫ਼ਿਰਕੂ ਤਾਕਤਾਂ ਆਪਣੀ ਮਾੜੀ ਫ਼ਿਰਕੂ ਨੀਤੀ ਭਾਜਪਾ ਦੇ ਰਾਜ ਵਿੱਚ ਜ਼ੋਰ-ਸ਼ੋਰ ਨਾਲ ਪ੍ਰਗਟਾਉਣ ਲੱਗੀਆਂ ਹਨ। ਇਸੇ ਕਰ ਕੇ ਘੱਟ ਗਿਣਤੀਆਂ ’ਤੇ ਹਮਲੇ ਕਰਨੇ ਅਤੇ ਉਨ੍ਹਾਂ ਨੂੰ ਡਰਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਿਨਾਂ ਪੁਲੀਸ ਦੀ ਆਗਿਆ ਦੇ ਕੁੱਝ ਲੋਕਾਂ ਦੇ ਨਫ਼ਰਤੀ ਭਾਸ਼ਣ ਦੇਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਇਹ ਮਾਮਲਾ ਭਖ਼ਿਆ ਤੇ ਪੁਲੀਸ ਨੂੰ ਕੇਸ ਦਰਜ ਕਰ ਕੇ ਅੱਜ ਛੇ ਲੋਕਾਂ ਨੂੰ ਗ੍ਰਿਫ਼ਤਾਰ ਕਰਨਾ ਪਿਆ। ਵਿਦਿਆਰਥੀ ਜਥੇਬੰਦੀਆਂ ਨੇ ਕਰੋਨਾ ਕਾਲ ਵਿੱਚ ਅਜਿਹੇ ਪ੍ਰੋਗਰਾਮ ਹੋਣ ਦੇਣ ਵਿੱਚ ਦਿੱਲੀ ਪੁਲੀਸ ਦੀ ਢਿੱਲ ਉੱਪਰ ਵੀ ਸਵਾਲ ਚੁੱਕੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾਵਾਇਰਸ ਦੇ 80 ਫ਼ੀਸਦੀ ਮਾਮਲਿਆਂ ’ਚ ਡੈਲਟਾ ਰੂਪ: ਜੈਨ
Next articleਕੇਂਦਰ ਨੇ ਆਕਸੀਜਨ ਨਾਲ ਹੋਈਆਂ ਮੌਤਾਂ ਬਾਰੇ ਦਿੱਲੀ ਤੋਂ ਕੋਈ ਰਿਪੋਰਟ ਨਹੀਂ ਮੰਗੀ: ਸਿਸੋਦੀਆ