ਇੰਜੀ.ਸਤਨਾਮ ਸਿੰਘ ਮੱਟੂ
(ਸਮਾਜ ਵੀਕਲੀ) ਕਿਸਾਨਾਂ ਵੱਲੋਂ ਖੇਤਾਂ ਦੀ ਪਰਾਲੀ ਨੂੰ ਅੱਗ ਲਗਾਉਣਾ ਅਜੇ ਤੱਕ ਵੀ ਉਲਝੀ ਤੰਦ ਬਣਿਆ ਹੋਇਆ ਹੈ।ਕਿਸਾਨ ਅਤੇ ਸਰਕਾਰਾਂ ਇਸ ਮੁੱਦੇ ਤੇ ਆਹਮੋ- ਸਾਹਮਣੇ ਹਨ ।ਕਿਸਾਨ ਆਰਥਿਕ ਮੰਦਹਾਲੀ ਅਤੇ ਪਰਾਲੀ ਖਤਮ ਕਰਨ ਲਈ ਸਰਕਾਰ ਵੱਲੋਂ ਮਸ਼ੀਨਰੀ ਉਪਲਬਧ ਨਾ ਕਰਾਉਣ ਦਾ ਵਾਸਤਾ ਪਾਕੇ ਪਰਾਲੀ ਸਾੜਨ ਨੂੰ ਆਪਣੀ ਮਜਬੂਰੀ ਦੱਸ ਰਹੇ ਹਨ ਜਦਕਿ ਨੈਸਨਲ ਗ੍ਰੀਨ ਟ੍ਰਿਬਿਊਨਲ ਨੇ ਵਾਤਾਵਰਣ ਪ੍ਰਤੀ ਸੁਚੇਤ ਹੋਣ ਪ੍ਰਗਟਾਵਾ ਕਰਦਿਆਂ ਸਰਕਾਰਾਂ ਨੂੰ ਇਸ ਪ੍ਰਤੀ ਸਖਤਾਈ ਕਰਨ ਦੀ ਹਦਾਇਤ ਕੀਤੀ ਹੋਈ ਹੈ।ਪਰ ਸਰਕਾਰਾਂ ਇਸ ਮੁੱਦੇ ਪ੍ਰਤੀ ਹਰ ਵਾਰੀ ਅਵੇਸਲਾਪਣ ਦਿਖਾਉਂਦੀਆਂ ਹਨ।
ਇਸ ਮੁੱਦੇ ਪ੍ਰਤੀ ਵੱਖ ਵੱਖ ਵਿਚਾਰਕਾਂ ਦੀਆਂ ਵਿਚਾਰਾਂ/ਰਿਪੋਰਟਾਂ ਸਾਨੂੰ ਸਾਡੇ ਸੁਵੱਲੇ ,ਉਜਲੇ ਅਤੇ ਸੁਰੱਖਿਅਤ ਭਵਿੱਖ ਲਈ ਸੋਚਣ ਲਈ ਮਜਬੂਰ ਕਰਦੀਆਂ ਹਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਝੋਨੇ ਦੇ ਖੇਤਾਂ ਨੂੰ ਅੱਗ ਲਗਾਉਣ ‘ਤੇ ਕੀਤੀ ਸਖ਼ਤੀ ਕਾਰਣ ਵਾਦ-ਵਿਵਾਦਾਂ ਵਿੱਚ ਕਿਸਾਨਾਂ ਦੀ ਆਰਥਿਕ ਮੰਦਹਾਲੀ ਦੇ ਹਵਾਲੇ ਨਾਲ ਖੇਤਾਂ ‘ਚ ਅੱਗ ਲਗਾਉਣ ਨੂੰ ਕਿਸਾਨਾਂ ਦੀ ਮਜਬੂਰੀ ਵਜੋਂ ਪੇਸ਼ ਕੀਤਾ ਜਾਂਦਾ ਹੈ,ਪਰ ਸੋਚਣ ਵਾਲੀ ਗੱਲ ਇਹ ਹੈ ਜੇਕਰ ਕੋਈ ਮਜਬੂਰੀ ਆਮ ਲੋਕਾਂ ਲਈ ਮਾਰੂ ਸਾਬਤ ਹੋਵੇ ਤਾਂ ਕੀ ਉਹ ਮਜਬੂਰੀ ਜਾਇਜ਼ ਹੈ?
ਇੱਕ ਰਿਪੋਰਟ ਅਨੁਸਾਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਹਿਰੀਲੀਆਂ ਅਤੇ ਘਾਤਕ ਗੈਸਾਂ ਪੈਦਾ ਹੁੰਦੀਆਂ ਹਨ।ਪੰਜਾਬ ਵਿੱਚ ਲਗਭੱਗ 65 ਲੱਖ ਏਕੜ ਜ਼ਮੀਨ ਵਿਚ ਝੋਨੇ ਦੀ ਖੇਤੀ ਹੁੰਦੀ ਹੈ।ਇੱਕ ਏਕੜ ਖੇਤ ਚੋਂ ਇੱਕ ਅੰਦਾਜੇ ਅਨੁਸਾਰ ਢਾਈ ਤੋਂ ਤਿੰਨ ਟਨ ਪਰਾਲੀ ਪੈਦਾ ਹੁੰਦੀ ਹੈ।ਇਸ ਤਰ੍ਹਾਂ ਇਕੱਲੇ ਪੰਜਾਬ ਚ ਲਗਭਗ 17.87 ਕ੍ਰੋੜ ਟਨ ਪਰਾਲੀ ਸਾੜ ਦਿੱਤੀ ਜਾਂਦੀ ਹੈ।ਜਿਸ ਨਾਲ ਸਾਡੇ ਵਾਤਾਵਰਣ ਵਿੱਚ ਜਹਿਰੀਲੀਆਂ ਗੈਸਾਂ ਦਾ ਮਾਦਾ ਵੱਧ ਜਾਂਦਾਂ ਹੈ ਅਤੇ ਇਹਨਾਂ ਜਹਿਰੀਲੀਆਂ ਗੈਸਾਂ ਦਾ ਪ੍ਰਭਾਵ ਸਭ ਤੋਂ ਵੱਧ ਬੱਚਿਆਂ ਅਤੇ ਬਜੁਰਗਾਂ ਦੀ ਸਿਹਤ ‘ਤੇ ਪੈਂਦਾ ਹੈ। ਵਾਤਾਵਰਨ ‘ਚ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ,ਜ਼ਹਿਰੀਲਾ ਧੂੰਆਂ,ਜ਼ਹਿਰੀਲੀਆਂ ਅਤੇ ਹਾਨੀਕਾਰਕ ਗੈਸਾਂ ਦੇ ਪ੍ਰਭਾਵ ਨਾਲ ਹੋਣ ਵਾਲੀਆਂ ਬਿਮਾਰੀਆਂ ਸਾਹ, ਦਮਾ,ਬਲੱਡ ਪ੍ਰੈਸ਼ਰ,ਘਬਰਾਹਟ, ਸਿਰ ਦਰਦ,ਦਿਲ ਦੇ ਰੋਗ ,ਚਮੜੀ ਦੇ ਰੋਗ,ਅੰਦਰੂਨੀ ਰੋਗਾਂ ਆਦਿ ਦਾ ਸਾਰੇ ਲੋਕ ਸ਼ਿਕਾਰ ਹੁੰਦੇ ਹਨ। ਆਮ ਦਿਨਾਂ ‘ਚ ਸਾਡੇ ਸਾਹ ਨਾਲ ਸਰੀਰ ਅੰਦਰ ਜਾਣ ਵਾਲੇ ਮਹੀਨ ਧੂੜ ਕਣਾਂ ਦੀ ਮਾਤਰਾ 60 ਮਿਲੀਗ੍ਰਾਮ ਪ੍ਰਤੀ ਘਣ ਮੀਟਰ ਹੁੰਦੀ ਹੈ ,ਪਰ ਪਰਾਲੀ ਸਾੜਨ ਦੇ ਦਿਨਾਂ ‘ਚ ਇਹ 425 ਮਿ.ਗ੍ਰਾ. ਘਣ ਮੀਟਰ ਤਕ ਹੋ ਜਾਂਦੀ ਹੈ।ਇਸਦੇ ਜੋ ਮਾਰੂ ਅਤੇ ਖਤਰਨਾਕ ਪ੍ਰਭਾਵ ਆਮ ਜਨਤਾ ਦੀ ਜ਼ਿੰਦਗੀ ‘ਤੇ ਪੈਂਂਦੇ ਹਨ ਜਾਂ ਬਿਮਾਰੀਆਂ ਲੱਗਦੀਆਂ ਹਨ,ਉਸ ਹੇਠ ਕਿਸਾਨਾਂ ਦੇ ਪਰਿਵਾਰ ਵੀ ਆਉਂਦੇ ਹਨ। ਪਰਾਲੀ ਸਾੜਨ ਨਾਲ ਪੈਦਾ ਹੋਏ ਧੂੰਏਂ ਨਾਲ ਅਨੇਕਾਂ ਸੜਕੀ ਹਾਦਸੇ ਵਾਪਰਦੇ ਹਨ ਅਤੇ ਬਹੁਤ ਮਨੁੱਖੀ ਜਾਨਾਂ ਚਲੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਅਨੇਕਾਂ ਜੀਵ ਜੰਤੂ, ਪਸ਼ੂ, ਪੰਛੀ,ਕੀੜੇ ਮਕੌੜੇ ,ਕੀਟ ਪਤੰਗੇ, ਫੁੱਲ ਬੂਟੇ, ਦਰੱਖਤ ਆਦਿ ਦਾ ਅੱਗ ਨਾਲ ਸੜ ਜਾਣਾ ,ਕੀ ਇਹ ਕੁਦਰਤ ਨਾਲ ਸਰਾਸਰ ਅਨਿਆ ਨਹੀਂ ਹੈ?
ਪਰਾਲੀ ਦੇ ਧੂੰਏ ਨਾਲ ਜੋ ਬਿਮਾਰੀਆਂ ਪੈਦਾ ਹੁੰਦੀਆਂ ਹਨ,ਉਸ ਬਿਮਾਰੀ ‘ਤੇ ਹੋਣ ਵਾਲਾ ਖਰਚਾ ਕਿਸਾਨ ਲਈ ਵੀ ਹੋਰ ਆਰਥਿਕ ਮੰਦਹਾਲੀ ਦਾ ਕਾਰਨ ਬਣਦਾ ਹੈ।
ਖੇਤੀਬਾੜੀ ਮਾਹਿਰਾਂ ਮੁਤਾਬਿਕ ਪਰਾਲੀ ਸਾੜਨ ਨਾਲ ਲਗਭਗ 32 ਕਿਲੋ ਯੂਰੀਆ,5.5 ਕਿਲੋ ਡੀਪੀਏ, 51 ਕਿਲੋ ਪੋਟਾਸ਼ ਸੜ ਜਾਂਦੀ ਹੈ ,ਜੋ ਸਾਡੀ ਜਮੀਨ ਦੀ ਉਪਜਾਊ ਸ਼ਕਤੀ ਨੂੰ ਘਟਾਉਂਦੀ ਹੈ ਅਤੇ ਇਸਦੀ ਪੂਰਤੀ ਲਈ ਲੋੜ ਤੋਂ ਜਿਆਦਾ ਖਾਦਾਂ ਦੀ ਵਰਤੋਂਂ ਨਾਲ ਵੀ ਕਿਸਾਨੀ ਆਰਥਿਕਤਾ ਨੂੰ ਢਾਹ ਲੱਗਣ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਹੈ।
ਦੂਸਰੇ ਪਾਸੇ ਪ੍ਰਦੂਸ਼ਣ ਘਟਾਉਣ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਦਰੱਖਤ ਮਨੁੱਖ ਨੇ ਵਿਕਾਸ ਦੇ ਨਾਂਂ ਤੇ ਨਿਰਦਈ ਬਿਰਤੀ ਦਾ ਕੁਹਾੜਾ ਚਲਾ ਕੁਦਰਤ ਪ੍ਰਤੀ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੈ।ਇਸ ਕੰਮ ‘ਚ ਪੰਜਾਬ ਦੇਸ਼ ਦਾ ਦੂਜਾ ਸੂਬਾ ਹੈ, ਜਿੱਥੇ ਦਰੱਖਤਾਂ ਦੀ ਸਭ ਤੋਂ ਵੱਧ ਕਟਾਈ ਹੋਈ ਹੈ।ਵਾਤਾਵਰਣ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਚੋਂ ਅਕਤੂਬਰ 1980 ਤੋਂ ਫਰਵਰੀ 2018 ਤੱਕ 1.72 ਲੱਖ ਏਕੜ ਜ਼ਮੀਨ ਤੋਂ ਹਰਿਆਲੀ ਦਾ ਸਫਾਇਆ ਹੋ ਗਿਆ ਹੈ।ਪੰਜਾਬ ਨੇ ਇੱਕ ਅੰਦਾਜੇ ਅਨੁਸਾਰ ਪਿਛਲੇ 37 ਵਰ੍ਹਿਆਂ ਚ ਪੰਜਾਬ ਨੇ ਵਿਕਾਸ ਦੀ ਆੜ ਚ 5.12 ਕਰੋੜ ਦਰੱਖਤਾਂ ਦੀ ਬਲੀ ਦਿੱਤੀ ਹੈ।
ਬੀਤੇ ਵਰ੍ਹਿਆਂ ‘ਚ ਵੀ ਸਰਕਾਰਾਂ ਨੇ 1415 ਏਕੜ ਜਮੀਨ ਚੋਂ ਜੰਗਲ ਸਾਫ ਕਰਕੇ 4 ਲੱਖ ਤੋਂ ਜਿਆਦਾ ਦਰੱਖਤ ਆਰੇ ਦੀ ਭੇਂਟ ਚਾੜ੍ਹੇ ਹਨ।ਕੇਂਦਰੀ ਵਾਤਾਵਰਣ ਅਤੇ ਜੰਗਲਾਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਚ ਜੰਗਲਾਂ ਹੇਠੋਂ ਰਕਬਾ ਦਿਨ ਪ੍ਰਤੀ ਦਿਨ ਘਟ ਰਿਹਾ ਹੈ, ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।ਇਕੱਲੇ ਜਨਵਰੀ 2015 ਤੋਂ ਹੀ ਅੰਕੜਿਆਂ ਨੂੰ ਵਾਚੀਏ ਤਾਂ ਪਤਾ ਚਲਦਾ ਹੈ ਕਿ ਪੰਜਾਬੀਆਂ ਨੇ ਹੁਣ ਤੱਕ ਕਰੀਬ 50 ਲੱਖ ਰੁੱਖਾਂ ਤੋਂ ਧਰਤੀ ਨੂੰ ਵਿਹੂਣੀ ਕਰਕੇ 2280 ਏਕੜ ਜ਼ਮੀਨ ਨੂੰ ਜੰਗਲ ਮਕਤ ਕਰ ਦਿੱਤਾ ਹੈ।ਸੜਕਾਂ ਨੂੰ ਚੌੜੀਆਂ ਕਰਨ ਲਈ ਵੀ ਬੇਸ਼ੁਮਾਰ ਦਰੱਖਤ ਕੱਟ ਕੇ ਮਨੁੱਖ ਨੇ ਕੁਦਰਤੀ ਸੁੰਦਰਤਾ ਨੂੰ ਢਾਹ ਲਾਈ ਹੈ।ਬਠਿੰਡਾ-ਅੰਮ੍ਰਿਤਸਰ ਸੜਕ ਨੇ ਆਪਣੇ ਫੈਲਾਅ ਲਈ 30 ਹਜ਼ਾਰ,ਜਲੰਧਰ-ਦਿੱਲੀ ਸੜਕ ਨੇ 1.10 ਲੱਖ ਦਰੱਖਤਾਂ ਦੀ ਬਲੀ ਲਈ ਹੈ।ਇਸੇ ਤਰ੍ਹਾਂ ਲੁਧਿਆਣਾ-ਫਿਰੋਜ਼ਪੁਰ ਨੇ 500 ਏਕੜ ਅਤੇ ਬਠਿੰਡਾ ਜ਼ੀਰਕਪੁਰ ਸੜਕ ਨੇ 281 ਹੈਕਟਰ ਜ਼ਮੀਨ ਦਰੱਖਤਾਂ ਹੇਠੋਂ ਖੋਹੀ ਹੈ। ਸਰਹਿੰਦ-ਪਟਿਆਲਾ ਸੜਕ ਨੂੰ ਚਹੁੰ ਮਾਰਗੀ ਕਰਨ ਦੀ ਆੜ ਚ ਇੱਕ ਅੰਦਾਜ਼ੇ ਮੁਤਾਬਿਕ 26000 ਦਰੱਖਤਾਂ ਨੂੰ ਨੂੰ ਕੱਟ ਕੇ ਮਨੁੱਖ ਨੂੰ ਕੁਦਰਤੀ ਆਬੋ ਹਵਾ ਤੋਂ ਵਿਰਵਾ ਕਰ ਦਿੱਤਾ ਹੈ।ਸੜਕ ਕਿਨਾਰੇ ਖੜ੍ਹੇ 100-100 ਸਾਲ ਤੋਂ ਵੱਧ ਪੁਰਾਣੇ ਬੋਹੜ,ਪਿੱਪਲ,ਕਰੀਰ,ਨਿੰਮ ਆਦਿ ਨੂੰ ਬੇਕਿਰਕੀ ਨਾਲ ਵੱਢ ਕੇ ਨਸ਼ਟ ਕਰ ਦਿੱਤਾ ਹੈ,ਜਿਸਨੇ ਹਰ ਕੁਦਰਤ ਪ੍ਰੇਮੀ ਦੇ ਹਿਰਦੇ ਨੂੰ ਝੰਜੋੜਿਆ ਹੈ।
ਇੱਕ ਪਾਸੇ ਅਸੀਂ ਫੈਕਟਰੀਆਂਂ, ਥਰਮਲ ਪਲਾਟਾਂ, ਇੱਟਾਂ ਦੇ ਭੱਠਿਆਂ,ਗੱਡੀਆਂ ਅਤੇ ਪਰਾਲੀ ਸਾੜਨ ਆਦਿ ਦੇ ਧੂੰਏਂਂ ਨਾਲ ਜਹਿਰੀਲੀਆਂ ਅਤੇ ਹਾਨੀਕਾਰਕ ਗੈਸਾਂ ਵਾਤਾਵਰਣ ਵਿੱਚ ਛੱਡ ਕੇ ਇਸਨੂੰ ਪਲੀਤ ਕਰ ਰਹੇ ਹਾਂ, ਦੂਜੇ ਪਾਸੇ ਵਿਕਾਸ ਦੀ ਆੜ ਚ ਪੰਜਾਬ ਦੀ ਧਰਤੀ ਤੋਂ ਦਰੱਖਤਾਂ ਦਾ ਕਤਲ ਕਰਕੇ ਹਰਿਆਲੀ ਨੂੰ ਖਤਮ ਕਰਨ ‘ਚ ਕੋਈ ਕਸਰ ਵੀ ਨਹੀਂ ਛੱਡ ਰਹੇ। ਪਲੀਤ ਹੋਏ ਵਾਤਾਵਰਣ ਨੂੰ ਸਾਫ ਕਰਨ ਲਈ ਰੁੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ।ਜਿਉਂਦੇ ਰਹਿਣ ਲਈ ਮਨੁੱਖ ਨੂੰ ਆਕਸੀਜਨ ਦੀ ਲੋੜ ਹੈ, ਜਿਸਦਾ ਸਾਧਨ ਸਿਰਫ ਤੇ ਸਿਰਫ ਦਰੱਖਤ ਹਨ।ਸੋ ਧਰਤੀ ਤੋਂ ਰੁੱਖ ਖਤਮ ਕਰਕੇ ਅਸੀਂ ਆਪਣੇ ਆਪ ਨੂੰ ਖਤਮ ਕਰਨ ਵੱਲ ਧਕੇਲ ਰਹੇ ਹਾਂ।ਸ਼ਾਇਦ ਉਹ ਦਿਨ ਦੂਰ ਨਹੀਂ ਜਦੋਂ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਵਾਂਗ ਸ਼ਾਹ ਲੈਣ ਲਈ ਆਕਸੀਜਨ ਦੇ ਸਿਲੰਡਰ ਵੀ ਰੱਖਣੇ ਪਿਆ ਕਰਨਗੇ ਅਤੇ ਅਸੀਂ ਆਪਣੀ ਗਲਤੀ ਅਤੇ ਮੂਰਖਤਾ ਉੱਤੇ ਪਛਤਾਵਾ ਕਰਿਆ ਕਰਾਂਗੇ।ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਪਾਣੀ ਪੀ ਪੀ ਕੋਸਿਆ ਕਰਨਗੀਆਂ। ਜਦਕਿ ਉਦੋਂ ਕੋਈ ਹੱਲ ਵੀ ਨਜ਼ਰ ਨਹੀਂ ਆਵੇਗਾ।ਕੁਦਰਤ ਦੀ ਦੇਣ ਰੁੱਖਾਂ ਨੂੰ ਖਤਮ ਕਰਕੇ ਸ਼ਾਇਦ ਅਸੀਂ ਆਪਣੀ ਹੋਂਦ ਨੂੰ ਖਤਮ ਕਰਨ ਦੇ ਰਾਹ ਪੈ ਗਏ ਹਾਂ।ਮੌਕੇ ਦੀਆਂ ਸਰਕਾਰਾਂ ਨੂੰ ਵੋਟ ਬੈਂਕ ਤੋਂ ਉੱਪਰ ਉੱਠ ਕੇ ਮਨੁੱਖੀ ਦੀ ਭਲਾਈ ਪ੍ਰਤੀ ਸੁਹਿਰਦ ਹੁੰਦਿਆਂ ਨੇਕ-ਨੀਅਤੀ ਨਾਲ ਪਰਾਲੀ ਨੂੰ ਸਾੜਨ ਤੋਂ ਬਚਾਉਣ ਲਈ ਪ੍ਰਬੰਧਾਂ ਹਿੱਤ ਅਗੇਤੇ ਯਤਨ ਕਰਨੇ ਚਾਹੀਦੇ ਹਨ।ਪਰਾਲੀ ਦੇ ਖਾਤਮੇ ਲਈ ਲੋੜੀਂਦੀ ਮਸ਼ੀਨਰੀ ਖਰੀਦਣ ਲਈ ਸਰਕਾਰ ਅਤੇ ਮਹਿਕਮਿਆਂ ਨੂੰ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਹਨ।ਨਹੀਂ ਤਾਂ ਮੌਕਾ ਆਉਣ ਤੇ “ਵਿਹੜੇ ਆਈ ਜੰਝ,ਵਿੰਨੋ ਕੁੜੀ ਦੇ ਕੰਨ” ਵਾਲੀ ਸਥਿਤੀ ਬਣ ਜਾਣ ਤੇ ਫਿਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਰੁੱਖੇ ਅਤੇ ਸਖਤਾਈ ਭਰੇ ਰੁਖ ਦਾ ਸਾਹਮਣਾ ਕਰਨਾ ਪਵੇਗਾ।ਕਿਸਾਨਾਂ ਨੂੰ ਜੁਰਮਾਨਾ ਕਰਨਾ ਜਾਂ ਕੇਸ ਦਰਜ ਕਰਨਾ ਇਸ ਮਸਲੇ ਦਾ ਠੋਸ ਹੱਲ ਨਹੀਂ ਹੈ,ਲੋੜ ਪਰਾਲੀ ਦੇ ਠੋਸ ਪ੍ਰਬੰਧਨ ਦੀ ਹੈ।
ਸੋ ਸਾਨੂੰ ਵੀ ਸਾਰਿਆਂ ਨੂੰ ਆਰਥਿਕ ਮੰਦਹਾਲੀ ਦੀ ਸੋਚ ਤੋਂ ਉੱਪਰ ਉੱਠ ਕੇ ਪੂਰੀ ਮਾਨਵਤਾ ਦੇ ਭਲੇ ਲਈ ਇਸ ਤੋਂ ਬਚਾਅ ਲਈ ਰਲ ਕੇ ਹੰਭਲਾ ਮਾਰਨ ਅਤੇ ਲੋਕ ਲਹਿਰ ਬਣਾਉਣ ਦੀ ਲੋੜ ਹੈ।ਕਿਸਾਨਾਂ ਲਈ ਵੀ ਖੇਤਾਂ ਵਿੱਚ ਪ੍ਰਤੀ ਏਕੜ ਪੰਜ ਬੂਟੇ ਖੇਤ ਚ ਲਾਉਣਾ ਜਰੂਰੀ ਕਰ ਦੇਣਾ ਚਾਹੀਦਾ ਹੈ।ਸ਼ਹਿਰੀ ਘਰਾਂ ਦੇ ਨਕਸ਼ਿਆਂ ਚ ਘਰ ਰੁੱਖ ਲਗਾਉਣਾ ਕਰ ਦੇਣਾਂ ਚਾਹੀਦਾ ਹੈ।ਪਿੰਡਾਂ ਚ ਵੀ ਸਰਕਾਰੀ ਸਹੂਲਤਾਂ ਲੈਣ ਵਾਲੇ ਲਾਭਪਾਤਰੀਆਂ ਲਈ ਘਰ ਚ ਇੱਕ ਬੂਟਾ ਲਾਉਣ ਸ਼ਰਤ ਲਗਾ ਦੇਣੀ ਚਾਹੀਦੀ ਹੈ।ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਆਦੇਸ਼ਾ ਦੀ ਪਾਲਣਾ ਕਰਦਿਆਂ ਪ੍ਰਦੂਸ਼ਣ ਮੁਕਤ ਵਾਤਾਵਰਨ ਸਿਰਜਣ ਲਈ ਅਤੇ ਧਰਤੀ ਦੀ ਹਰਿਆਵਲ ਬਰਕਰਾਰ ਰੱਖਣ ਲਈ ਸਮਾਜਿਕ, ਧਾਰਮਿਕ, ਰਾਜਨੀਤਕ ਸੰਸਥਾਵਾਂ, ਨੌਜਵਾਨ ਕਲੱਬਾਂ, ਸਾਹਿਤਕ ਅਤੇ ਵਿੱਦਿਅਕ ਅਦਾਰਿਆਂ ਦੀ ਸਹਾਇਤਾ ਨਾਲ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਇੰਜੀ.ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।
9779708257
ਉੱਪ ਮੰਡਲ ਇੰਜੀਨੀਅਰ ਰੋਪੜ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly