ਕਨੇਡਾ ‘ਚ ਹੱਕੀ ਮੰਗਾਂ ਲਈ ਜੂਝਦੇ ਨੌਜਵਾਨਾਂ ਦੇ ਹੱਕ ‘ਚ ਨਿੱਤਰੀ ਦੇਸ਼ ਭਗਤ ਕਮੇਟੀ

ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕਨੇਡਾ ਸ਼ਹਿਰ ਬਰੈਂਪਟਨ ਦੀ 295 ਕੁਈਨ ਸਟਰੀਟ ‘ਤੇ ਲੰਮੇ ਅਰਸੇ ਤੋਂ ਆਪਣੇ ਹੱਕਾਂ ਲਈ ਦਿਨ ਰਾਤ ਪੱਕਾ ਮੋਰਚਾ ਲਗਾ ਕੇ ਵਿਖਾਵਾ ਕਰਦੇ ਆ ਰਹੇ ਪੋਸਟ ਗਰੈਜੂਏਟ ਵਰਕ ਪਰਮਿਟ ਹੋਲਡਰਾਂ ਅਤੇ ਕਿਸੇ ਵੇਲੇ ਵੀ ਉਜਾੜੇ ਦੀ ਨੰਗੀ ਲਟਕਦੀ ਤਲਵਾਰ ਦੇ ਸਹਿਮ ਹੇਠ ਦਿਨ ਕਟੀ ਕਰਦੇ ਆ ਰਹੇ ਸਮੂਹ ਅੰਤਰ ਰਾਸ਼ਟਰੀ ਕਾਮਿਆਂ ਦੇ ਹੱਕ ਵਿੱਚ ਅੱਜ ਇੱਕ ਵਾਰ ਫੇਰ ਦੇਸ਼ ਭਗਤ ਯਾਦਗਾਰ ਕਮੇਟੀ ਨੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਹੈ।
ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਮੂਹ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਜ਼ਬਾਤ ਅਤੇ ਸਰੋਕਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਸ਼ ਬਦੇਸ਼ ਸਭਨਾਂ ਥਾਵਾਂ ਤੋਂ ਗ਼ਦਰੀ ਦੇਸ਼ ਭਗਤਾਂ ਦੇ ਵਾਰਸਾਂ ਨੂੰ ਇੱਕ ਆਵਾਜ਼ ਹੋ ਕੇ ਹੱਕੀ ਮੰਗਾਂ ਦੇ ਸਮਰਥਨ ਵਿੱਚ ਖੜ੍ਹੇ ਹੋਣ ਦੀ ਲੋੜ ਹੈ।
ਕਮੇਟੀ ਨੇ ਮੰਗ ਕੀਤੀ ਹੈ ਕਿ ਵਿਖਾਵਾਕਾਰੀਆਂ ਦੀਆਂ ਪ੍ਰਮੁੱਖ ਚਾਰ ਮੰਗਾਂ ਅਨੁਸਾਰ; 2024-25 ਵਿੱਚ ਖਤਮ ਹੋ ਰਹੇ ਵਰਕ ਪਰਮਿਟਾਂ ਦਾ ਵਕਫ਼ਾ ਵਧਾਇਆ ਜਾਏ, ਐੱਲ.ਐੱਮ.ਆਈ.ਏ. ਅਧਾਰਤ ਲੁੱਟ ਖ਼ਤਮ ਕੀਤੀ ਜਾਏ, ਪੱਕੇ ਨਿਵਾਸੀਆਂ ਲਈ ਸਾਫ਼, ਸਪੱਸ਼ਟ, ਪਾਰਦਰਸ਼ਤ ਇਨਸਾਫ਼ ਦਾ ਰਾਹ ਖੋਲ੍ਹਿਆ ਜਾਏ ਅਤੇ ਸਮੂਹ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਪੰਜ ਸਾਲ ਦਾ ਵਰਕ ਪਰਮਿਟ ਤੁਰੰਤ ਦਿੱਤਾ ਜਾਏ।
ਕਮੇਟੀ ਨੇ ਕਿਹਾ ਕਿ ਇਹ ਕੇਹਾ ਵਿਸ਼ਵੀਕਰਣ ਹੈ ਜਿੱਥੇ ਕਾਰਪੋਰੇਟ ਸਾਮਰਾਜੀ ਜਗਤ ਬਹੁ-ਕੌਮੀ ਕੰਪਨੀਆਂ ਨੂੰ ਕੁੱਲ ਦੁਨੀਆਂ ਵਿੱਚ ਆਪਣਾ ਮੱਕੜਜਾਲ ਵਿਛਾਉਣ ਦੀ ਖੁੱਲ੍ਹ ਹੈ ਪਰ ਵਿਦਿਆਰਥੀਆਂ, ਨੌਜਵਾਨਾਂ ਸਮੂਹ ਕਾਮਿਆਂ ਨੂੰ ਕਿਰਤ ਕਰਨ ਉਪਰ ਵੰਨ-ਸੁਵੰਨੇ ਕਾਨੂੰਨਾਂ ਰਾਹੀਂ ਪਾਬੰਦੀਆਂ ਮੜ੍ਹਨ ਅਤੇ ਉਜਾੜੇ ਮੂੰਹ ਧੱਕਿਆ ਜਾ ਰਿਹਾ ਹੈ।
ਕਮੇਟੀ ਨੇ ਸੰਘਰਸ਼ ਕਰਦੇ ਨੌਜਵਾਨਾਂ ਨੂੰ ਵੀ ਪੂਰੀ ਸੂਝ-ਬੂਝ; ਹਰ ਵੰਨਗੀ ਦੀਆਂ ਸੌੜੀਆਂ ਵਲੱਗਣਾਂ ਤੋਂ ਚੌਕੰਨੇ ਰਹਿੰਦਿਆਂ ਗ਼ਦਰੀ ਦੇਸ਼ ਭਗਤਾਂ ਦੀ ਸੋਚ ਅਨੁਸਾਰ ਆਪਣੇ ਮਾਰਗ ‘ਤੇ ਦ੍ਰਿੜ੍ਹ ਰਹਿਣ ਅਤੇ ਵੱਧ ਤੋਂ ਵੱਧ ਲੋਕਾਂ ਦੀ ਵਿਸ਼ਾਲ ਹਮਾਇਤ ਜਿੱਤਣ ਲਈ ਬਹੁਤ ਹੀ ਜ਼ਿੰਮੇਵਾਰਾਨਾ ਅਤੇ ਜਾਬਤਾਬੱਤ ਸੰਘਰਸ਼ ਦਾ ਪਰਚਮ ਬੁਲੰਦ ਰੱਖਣ ਦੀ ਲੋੜ ਹੈ। ਕਮੇਟੀ ਨੇ ਕਿਹਾ ਕਿ ਉਹ ਗ਼ਦਰੀ ਬਾਬਿਆਂ ਦੇ ਮੇਲੇ ‘ਚ ਵੀ ਵਿਸ਼ੇਸ਼ ਮਤੇ ਰਾਹੀਂ ਆਵਾਜ਼ ਉਠਾਏਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟ੍ਰਿਪਲ ਐਮ ਇੰਸਟੀਚਿਊਟ ਵੱਲੋਂ ਰਤਨ ਟਾਟਾ ਨੂੰ ਸ਼ਰਧਾਂਜਲੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ
Next articleਗੁਰਸੇਵਾ ਨਰਸਿੰਗ ਕਾਲਜ ਪਨਾਮ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਪੰਜਾਬ ਸਟੂਡੈਂਟ ਯੂਨੀਅਨ ਦੇ ਸੰਘਰਸ਼ ਸਦਕੇ ਹੋਇਆ ਪਰਚਾ ਦਰਜ