ਪੰਜਾਬ ਵਿੱਚ ਤੇਜ਼ ਹਵਾਵਾਂ ਨੇ ਮੌਸਮ ਦਾ ਮਿਜ਼ਾਜ ਬਦਲਿਆ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਵਿੱਚ ਕੁਝ ਦਿਨਾਂ ਤੋਂ ਨਿਕਲ ਰਹੀ ਤੇਜ਼ ਧੁੱਪ ਤੋਂ ਬਾਅਦ ਅੱਜ ਚੱਲੀਆਂ ਤੇਜ਼ ਹਵਾਵਾਂ ਕਾਰਨ ਮੌਸਮ ਵਿੱਚ ਮੁੜ ਤਬਦੀਲੀ ਆ ਗਈ ਹੈ। ਸੂਬੇ ’ਚ ਦਿਨ ਭਰ ਬੱਦਲਵਾਈ ਰਹਿਣ ਕਰਕੇ ਮੌਸਮ ਠੰਢਾ ਹੋ ਗਿਆ। ਸਾਰਾ ਦਿਨ ਚੱਲਦੀਆਂ ਰਹੀਆਂ ਤੇਜ਼ ਹਵਾਵਾਂ ਕਾਰਨ ਜਿੱਥੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਪੱਕ ਕੇ ਤਿਆਰ ਖੜ੍ਹੀ ਕਣਕ ਦੀ ਫਸਲ ਡਿੱਗਣ ਦੇ ਖਦਸ਼ੇ ਨੇ ਕਿਸਾਨਾਂ ਦੇ ਸਾਹ ਸੁੱਕਣੇ ਪਾ ਦਿੱਤੇ ਹਨ। ਮੌਸਮ ਵਿਭਾਗ ਵੱਲੋਂ 23 ਫਰਵੀ ਨੂੰ ਵੀ ਸੂਬੇ ’ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਅਤੇ ਕਿਣਮਿਣ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

ਸੂਬੇ ’ਚ ਕਣਕ ਦੀ ਫ਼ਸਲ ਪੱਕਣ ਵਾਲੀ ਹੈ। ਵਾਢੀ ਤੋਂ ਪਹਿਲਾਂ ਕਿਸਾਨ ਫ਼ਸਲ ਨੂੰ ਆਖਰੀ ਪਾਣੀ ਦੇਣ ਦੀਆਂ ਤਿਆਰੀਆਂ ਕਰ ਰਹੇ ਹਨ ਪਰ ਅਚਾਨਕ ਮੌਸਮ ਵਿਚ ਆਈ ਤਬਦੀਲੀ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਤੇਜ਼ ਹਵਾਵਾਂ ਕਾਰਨ ਕਣਕ ਦੀ ਫ਼ਸਲ ਡਿੱਗਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਨਾਲ ਕਣਕ ਦਾ ਦਾਣਾ ਛੋਟਾ ਰਹਿ ਜਾਵੇਗਾ ਅਤੇ ਫ਼ਸਲ ਦਾ ਕੁਝ ਹਿੱਸਾ ਨਸ਼ਟ ਵੀ ਹੋ ਸਕਦਾ ਹੈ, ਜੋ ਕਿਸਾਨਾਂ ਲਈ ਮੁੜ ਆਫ਼ਤ ਖੜ੍ਹੀ ਕਰੇਗਾ। ਇਸ ਤੋਂ ਪਹਿਲਾਂ ਜਨਵਰੀ ਦੀ ਸ਼ੁਰੂਆਤ ’ਚ ਲਗਾਤਾਰ ਕਈ ਦਿਨ ਪਏ ਮੀਂਹ ਨੇ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਸਨ।

ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਤੱਕ ਘਟਿਆ

ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 24.7 ਡਿਗਰੀ ਸੈਲਸੀਅਸ, ਅੰਮ੍ਰਿਤਸਰ ਦਾ 24 ਡਿਗਰੀ ਸੈਲਸੀਅਸ, ਲੁਧਿਆਣਾ ਦਾ 23.7 ਡਿਗਰੀ ਸੈਲਸੀਅਸ, ਪਟਿਆਲਾ ਦਾ 24.5, ਬਠਿੰਡਾ ਦਾ 24 , ਬਰਨਾਲਾ ਦਾ 24.3, ਮੋਗਾ ਦਾ 21.3 ਡਿਗਰੀ ਸੈਲਸੀਅਸ, ਮੁਕਤਸਰ ਦਾ 22.4 ਡਿਗਰੀ ਸੈਲਸੀਅਸ, ਕਪੂਰਥਲਾ ਦਾ 25 ਡਿਗਰੀ ਸੈਲਸੀਅਸ, ਫਿਰੋਜ਼ਪੁਰ ਦਾ 23.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਆਮ ਨਾਲੋਂ 2 ਤੋਂ 3 ਡਿਗਰੀ ਸੈਲਸੀਅਸ ਘੱਟ ਸੀ। ਘੱਟ ਤੋਂ ਘੱਟ ਤਾਪਮਾਨ ਆਮ ਦੇ ਬਰਾਬਰ ਦਰਜ ਕੀਤਾ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਮਰਾਨ ਦੇ ਮੁਤਬੰਨੇ ਪੁੱਤਰ ਸਣੇ ਤਿੰਨ ਖਿਲਾਫ਼ ਕੇਸ ਦਰਜ
Next articleਘੱਟਗਿਣਤੀ ਟਰੂਡੋ ਸਰਕਾਰ ਦੇ ਐਮਰਜੈਂਸੀ ਕਾਨੂੰਨ ’ਤੇ ਸੰਸਦ ਦੀ ਮੋਹਰ