ਜਲੰਧਰ,(ਸਮਾਜ ਨਿਊਜ਼ ਨੈੱਟਵਰਕ)- ਪਿੰਡ ਸਰੂਪ ਨਗਰ ਰਾਊਵਾਲੀ ਦੇ ਗੁਆਂਢੀ ਮੁਹੱਲੇ ਪੰਜਾਬੀ ਬਾਗ ਵਿਚ ਸਥਿਤ ਗੈਲਬਰੀ ਫਾਰਮੂਲੇਸ਼ਨ ਦੇ ਮਾਲਕਾਂ ਵੱਲੋਂ ਨਜ਼ਦੀਕ ਹੀ ਨਵੀਂ ਫੈਕਟਰੀ ਲਾਉਣ ਲਈ ਕੀਤੀ ਜਾ ਰਹੀ ਉਸਾਰੀ ਕਾਰਨ ਜਾਗਰੂਕ ਨਾਗਰਿਕਾਂ ਦਾ ਗੁੱਸਾ ਸਤਵੇਂ ਅਸਮਾਨ ਉੱਤੇ ਪੁੱਜ ਗਿਆ ਹੈ। ਇਥੇ ਤਿੱਖਾ ਜਨਤਕ ਰੋਸ ਮੁਜ਼ਾਹਰਾ ਹੋਇਆ ਜਿਸ ਵਿਚ ਕਾਂਗਰਸੀ ਆਗੂ ਵਿਜੇ ਭਾਟੀਆ ਸਾਬਕਾ ਕੌਂਸਲਰ ਵੀ ਆਪਣੇ ਸਾਥੀਆਂ ਸਮੇਤ ਹਿਮਾਇਤ ਦੇਣ ਪੁੱਜੇ। ਭਾਟੀਆ ਨੇ ਯਕੀਨ ਦੁਆਇਆ ਕਿ ਉਹ ਇਸ ਸਾਂਝੇ ਸੰਘਰਸ਼ ਵਿਚ ਆਪਣੇ ਲੋਕਾਂ ਦੇ ਨਾਲ ਹਨ।
ਲੋਕਾਂ ਨੇ ਕਿਹਾ ਕਿ ਗੈਲਬਰੀ ਦੀ ਉੱਸਰ ਰਹੀ ਨਵੀਂ ਫੈਕਟਰੀ ਦਵਾਈਆਂ ਤੇ ਕੈਮੀਕਲ ਬਣਾਇਆ ਜਾਵੇਗਾ ਜਿਸ ਕਾਰਨ ਇਲਾਕੇ ਦੇ ਬੱਚੇ, ਬਿਰਧ ਤੇ ਜਵਾਨਾਂ ਦੀ ਸਿਹਤ ਖਤਰੇ ਵਿਚ ਪਊਗੀ, ਉਂਝ ਵੀ ਰਿਹਾਇਸ਼ੀ ਕਾਲੋਨੀ ਵਿਚ ਕਾਰਖਾਨੇ ਨਹੀਂ ਲੱਗਣੇ ਚਾਹੀਦੇ, ਮਾਣਯੋਗ ਅਦਾਲਤ ਦਾ ਇਹ ਹੀ ਫ਼ੈਸਲਾ ਹੈ। ਅਵਾਮੀ ਆਗੂਆਂ ਨੇ ਭੇਤ ਖੋਲ੍ਹਿਆ ਕਿ ਪਹਿਲਾਂ ਵੀ ਦਵਾਈਆਂ ਦੇ ਪੱਤੇ ਤੇ ਬੋਤਲਜ਼ ਸਾੜੀਆਂ ਜਾਂਦੀਆਂ ਹਨ ਜਿਸ ਕਾਰਨ ਇਲਾਕੇ ਵਿਚ ਵੱਸਣਾ ਹੋਰ ਡਾਹਢਾ ਔਖਾ ਹੋ ਜਾਵਣਾ ਏ। ਫੈਕਟਰੀ ਵੱਲੋਂ ਫੂਕੀ ਜਾਂਦੀ ਖੇਹ ਸੁਆਹ ਦੀ ਬਦਬੂ ਕਾਰਨ ਸਾਹ ਲੈਣਾ ਵੀ ਡਾਹਢਾ ਔਖਾ ਹੋ ਚੁੱਕਿਆ ਹੈ। ਲੋਕਾਂ ਨੇ ਸੰਘਰਸ਼ ਦੇ ਸੁਰ ਤਿੱਖੇ ਕਰਦਿਆਂ ਕਿਹਾ ਕਿ ਭਾਵੇਂ ਕੁਝ ਵੀ ਹੋ ਜਵੇ, ਨਵਾਂ ਕਾਰਖਾਨਾ ਨਹੀਂ ਲੱਗਣ ਦੇਵਾਂਗੇ। ਹੋਰ ਤਾਂ ਹੋਰ, ਫੈਕਟਰੀ ਵਿਚ ਕਈ ਤਰ੍ਹਾਂ ਦੇ ਰਸਾਇਣਕ ਪਦਾਰਥ ਵਰਤੇ ਜਾਂਦੇ ਹਨ ਜਿਸ ਕਾਰਨ ਫਿਜ਼ਾ ਵਿਚ ਘੁਟਣ ਦਾ ਅਹਿਸਾਸ ਹਰ ਵੇਲੇ ਹੁੰਦਾ ਰਹਿੰਦਾ ਐ। “ਸਾਂਝਾ ਲੋਕ ਮੁਹਾਜ਼” ਜਥੇਬੰਦੀ (ਸ. ਲ.ਮ.) ਦੇ ਆਗੂ ਯਾਦਵਿੰਦਰ ਸਰੂਪਨਗਰ ਰਾਊਵਾਲੀ (ਦੀਦਾਵਰ) ਨੇ ਕਿਹਾ ਕਿ ਸਾਨੂੰ ਕਾਨੂੰਨੀ ਪੈਂਤੜਾ ਲੈ ਕੇ ਸੰਘਰਸ਼ ਮਘਾਉਣਾ ਪਵੇਗਾ। ਉਨ੍ਹਾਂ ਅੱਗੇ ਆਖਿਆ ਕਿ ਡੀ ਸੀ ਨੂੰ ਮਿਲ ਕੇ, ਯਾਦ ਪੱਤਰ ਦੇ ਕੇ ਅਗਲਾ ਐਕਸ਼ਨ ਉਲੀਕਣ ਦਾ ਜਿਹੜਾ ਤੁਸੀਂ ਸਾਂਝਾ ਫ਼ੈਸਲਾ ਲਿਆ ਹੈ, ਇਹ ਸਹੀ ਕਦਮ ਹੈ। ਇਸ ਦੌਰਾਨ ਸੀਨੀਅਰ ਪੱਤਰਕਾਰ ਧੀਰਜ ਸ਼ਰਮਾ, ਸਬ ਐਡੀਟਰ ਨੀਰਜ ਸ਼ਰਮਾ ਤੇ ਡਿਜੀਟਲ ਮੀਡੀਆ ਦੇ ਖਬਰਨਵੀਸ ਮੌਜੂਦ ਸਨ।
ਰੋਸ ਮੁਜ਼ਾਹਰਾ ਕਰਨ ਵਾਲਿਆਂ ਵਿਚ ਮੌਂਟੀ ਸ਼ਰਮਾ, ਗਗਨ, ਕਰਣ, ਸੁਭਾਸ਼, ਅਮਿਤ ਕੁਮਾਰ, ਗਣੇਸ਼, ਸੁਨੀਤਾ, ਮੰਜੂਲਾ ਸ਼ਰਮਾ, ਦੀਪਕ ਸੈਣੀ, ਵਾਹਿਦ, ਸ਼ਾਰਦਾ ਸੈਣੀ, ਕਰੁਣਾ ਦੇਵੀ, ਤ੍ਰਿਪਤਾ ਸੈਣੀ, ਦੀਪ, ਬਿੰਦੀਆ ਵਗੈਰਾ ਹਾਜ਼ਰ ਸਨ। ਇਸ ਬਾਰੇ ਵਾਰਡ ਕੌਂਸਲਰ ਪਰਮਜੀਤ ਨਾਲ ਗੱਲ ਨਹੀਂ ਹੋ ਸਕੀ।
ਰੋਸ ਪੱਤਰ ਦੇ ਆਏ
ਸੂਤਰਾਂ ਦੀ ਮੰਨੀਏ ਤਾਂ 21 ਜੂਨ ਨੂੰ ਸਾਰੇ ਅੰਦੋਲਨਕਾਰੀ ਡੀ ਸੀ ਨੂੰ ਮਿਲ ਕੇ, ਰੋਸ ਪੱਤਰ ਦੇ ਆਏ ਹਨ।
ਮਾਲਕ ਜਸਬੀਰ ਦਾ ਪੱਖ
ਇਸ ਬਾਰੇ ਫੈਕਟਰੀ ਮਾਲਕ ਜਸਬੀਰ ਸਿੰਘ ਮੁਤਾਬਕ ਉਹ ਨਜਾਇਜ਼ ਉਸਾਰੀ ਨਹੀਂ ਕਰ ਰਿਹਾ। ਉਸਨੇ ਕਿਹਾ ਕਿ ਉਹ ਨਿਯਮਾਂ ਤਹਿਤ ਨਿਰਮਾਣ ਕਰ ਰਿਹਾ ਹੈ।