*ਤਣਾਅ ਤੋਂ ਮੁਕਤੀ*

ਨੀਲਮ ਕੁਮਾਰੀ

(ਸਮਾਜ ਵੀਕਲੀ)

**ਜ਼ਿਆਦਾ ਟੈਨਸ਼ਨ ਲੈਣ ਨਾਲ ਟੈਨਸ਼ਨ ਤਾਂ ਮੁੱਕਦੀ ਨਹੀ ਪਰ ਬੰਦਾ ਜ਼ਰੂਰ ਮੁੱਕ ਜਾਂਦਾ ਹੈ**

ਅੱਜ ਦੇ ਇਸ ਭੌਤਿਕਵਾਦੀ ਅਤੇ ਮਸ਼ੀਨੀ ਯੁੱਗ ਨੇ ਮਨੁੱਖ ਨੂੰ ਵੀ ਪੂਰੀ ਤਰ੍ਵਾ ਭੌਤਿਕ- ਵਾਦੀ ਅਤੇ ਮਸ਼ੀਨੀ ਬਣਾ ਦਿੱਤਾ ਹੈ।ਜਿੱਥੇ ਅੱਜ ਸਾਡੇ ਲਈ ਜ਼ਿੰਦਗੀ ਨੂੰ ਪਹਿਲਾਂ ਨਾਲੋਂ ਬਿਹਤਰ ਜਿਉਣ ਲਈ ਸਹੂਲਤਾਂ ਵਧੀਆਂ ਹਨ, ਉਥੇ ਸਾਡਾ ਸਕੂਨ ਅਤੇ ਮਨ ਦੀ ਸ਼ਾਂਤੀ ਪਹਿਲਾਂ ਨਾਲੋਂ ਘਟ ਗਈ ਹੈ। ਪਹਿਲਾਂ ਅਸੀਂ ਘੱਟ ਸਹੂਲਤਾਂ ਨਾਲ ਵੀ ਵਧੇਰੇ ਖੁਸ਼ ਅਤੇ ਸੰਤੁਸ਼ਟ ਸੀ ਪਰ ਹੁਣ ਵਧੇਰੇ ਸਹੂਲਤਾਂ ਹੋਣ ਦੇ ਬਾਵਜੂਦ ਵੀ ਸਾਡੇ ਦੁੱਖਾਂ ਤੇ ਤਕਲੀਫਾਂ ਵਿੱਚ ਵਾਧਾ ਹੋਇਆ ਹੈ।

ਅੱਜ ਹਰ ਇਕ ਮਨੁੱਖ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਵਿਚ ਲੱਗਿਆ ਹੋਇਆ ਹੈ, ਜਿਸ ਕਰਕੇ ਅੱਜ ਲੋਕ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਅੱਜ ਅਸੀਂ ਆਪਣੀ ਜਿੰਦਗੀ ਨੂੰ ਸਹੀ, ਵਧੀਆ ਅਤੇ ਸੁਚੱਜੇ ਢੰਗ ਨਾਲ ਨਹੀਂ ਜਿਉਂ ਰਹੇ। ਅਸੀਂ ਸਹੀ ਮਾਅਨਿਆਂ ‘ਚ ਜ਼ਿੰਦਗੀ ਜਿਉਣ ਦੀ ਕਲਾ ਭੁੱਲਦੇ ਜਾ ਰਹੇ ਹਾਂ। ਮਾਨਸਿਕ ਤਣਾਅ ਦਾ ਸ਼ਿਕਾਰ ਹੋ ਕੇ ਅਸੀ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਘਿਰ ਜਾਂਦੇ ਹਾਂ।

ਅਸੀਂ ਜ਼ਿੰਦਗੀ ਵਿਚ ਜੋ ਵੀ ਕਰਦੇ ਹਾਂ,ਖੁਸ਼ ਰਹਿਣ ਲਈ ਕਰਦੇ ਹਾਂ। ਅਕਸਰ ਅਸੀਂ ਜ਼ਿੰਦਗੀ ਵਿਚ ਆਈਆਂ ਔਕੜਾਂ,ਮੁਸ਼ਕਿਲਾਂ,ਦੁੱਖਾਂ ਅਤੇ ਤਕਲੀਫਾਂ ਤੋਂ ਘਬਰਾ ਜਾਂਦੇ ਹਾਂ ਅਤੇ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਜਾਂਦੇ ਹਾਂ ਪਰ ਜ਼ਿੰਦਗੀ ਨਿਰਾਸ਼ ਹੋਣ ਲਈ ਨਹੀਂ ਹੈ, ਸਗੋਂ ਮੁਸੀਬਤਾਂ ਦਾ ਦਲੇਰੀ ਅਤੇ ਹੌਸਲੇ ਨਾਲ ਸਾਹਮਣਾ ਕਰਕੇ ਅੱਗੇ ਵਧਣ ਦਾ ਨਾਂ ਹੈ।

**ਦਿਲ ਨਾ ਛੱਡੀਂ, ਨਾ ਹੀ ਘਬਰਾਵੀ ਤੂੰ,
ਲਾਉਂਦਾ ਜ਼ੋਰ ਹਨੇਰਾ ਹੁੰਦਾ,
ਰਾਤ ਜਿੰਨੀ ਵੀ ਕਾਲੀ ਕਿਉਂ ਨਾ ਹੋਵੇ,
ਅੰਤ ਸਵੇਰਾ ਹੀ ਹੁੰਦਾ।**

ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਹਰ ਇੱਕ ਮਨੁੱਖ ਦੀ ਜ਼ਿੰਦਗੀ ਵਿਚ ਸੁੱਖ ਅਤੇ ਦੁੱਖ ਆਉਂਦੇ ਰਹਿੰਦੇ ਹਨ। ਸੁੱਖ ਅਤੇ ਦੁਖ ਜ਼ਿੰਦਗੀ ਦੇ ਦੋ ਪਹਿਲੂ ਹੁੰਦੇ ਹਨ। ਜੇ ਸੁੱਖ ਹਮੇਸ਼ਾ ਨਹੀਂ ਰਹਿੰਦੇ ਤਾਂ ਅਸੀਂ ਇਹ ਕਿਉਂ ਮੰਨ ਲੈਂਦੇ ਹਾਂ ਕਿ ਦੁਖ ਹਮੇਸ਼ਾ ਰਹਿਣਗੇ। ਇਸ ਲਈ ਸਾਨੂੰ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਮਿਹਨਤ ਨਾਲ ਹਰ ਮੰਜ਼ਿਲ,ਹਰ ਮੌਕਾ ਪ੍ਰਾਪਤ ਕੀਤਾ ਜਾ ਸਕਦਾ ਹੈ।

ਹਮੇਸ਼ਾ ਆਪਣੇ ਇਕ ਦੁੱਖ ਨੂੰ ਦਿਲ-ਦਿਮਾਗ ਵਿੱਚ ਚੁੱਕ ਕੇ ਰੱਖਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਜਿਵੇਂ ਇੱਕ ਪ੍ਰੋਫੈਸਰ ਦੁਆਰਾ ਅੱਧਾ ਗਿਲਾਸ ਪਾਣੀ ਦਾ ਲੈ ਕੇ ਬੱਚਿਆਂ ਨੂੰ ਪੁੱਛਿਆ ਗਿਆ ਕਿ ਇਹ ਗਲਾਸ ਕਿੰਨਾ ਭਾਰਾ ਹੈ। ਤੁਸੀਂ ਇਸ ਗਲਾਸ ਨੂੰ ਕਿੰਨੀ ਦੇਰ ਲਈ ਚੁੱਕ ਸਕਦੇ ਹੋ? ਫਿਰ ਪ੍ਰੋਫ਼ੈਸਰ ਜੀ ਨੇ ਅੱਗੇ ਸਮਝਾਉਂਦੇ ਹੋਏ ਦੱਸਿਆ ਕਿ ਜੇਕਰ ਤੁਸੀਂ ਇਸ ਗਿਲਾਸ ਨੂੰ 1 ਮਿੰਟ ਲਈ ਆਪਣੇ ਹੱਥ ਵਿਚ ਚੁੱਕ ਕੇ ਰੱਖੋਂਗੇ ਤਾਂ ਤੁਹਾਨੂੰ ਇਸ ਦਾ ਕੋਈ ਭਾਰ ਮਹਿਸੂਸ ਨਹੀਂ ਹੋਵੇਗਾ।

ਜੇਕਰ ਇਸ ਗਿਲਾਸ ਨੂੰ 10 ਮਿੰਟ ਲਈ ਚੁੱਕ ਕੇ ਰੱਖੋਗੇ ਤਾਂ ਗਿਲਾਸ ਦਾ ਕੁਝ ਭਾਰ ਮਹਿਸੂਸ ਹੋਵੇਗਾ। ਪਰ ਜੇਕਰ ਅਸੀਂ ਇਸ ਗਿਲਾਸ ਨੂੰ ਘੰਟਿਆਂਬੱਧੀ ਚੁੱਕ ਕੇ ਰੱਖਾਂਗੇ ਤਾਂ ਗਲਾਸ ਬਹੁਤ ਭਾਰਾ ਲੱਗੇਗਾ।ਠੀਕ ਇਸੇ ਤਰ੍ਹਾਂ ਜੇਕਰ ਅਸੀਂ ਆਪਣੇ ਕਿਸੇ ਤਣਾਅ,ਦੁੱਖ ਜਾਂ ਤਕਲੀਫ਼ ਨੂੰ ਹਰ ਵਕਤ ਆਪਣੇ ਨਾਲ ਰੱਖਾਂਗੇ ਤਾਂ ਇਹ ਸਾਡੇ ਲਈ ਗੰਭੀਰ ਸਮੱਸਿਆ ਬਣ ਜਾਵੇਗੀ,ਸਾਡੀ ਆਦਤ ਹਰ ਸਮੇਂ ਸਮੱਸਿਆ ਨਾਲ ਹੀ ਰਹਿਣ ਦੀ ਹੀ ਬਣ ਜਾਏਗੀ।

ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਆਪ ਤੇ ਵਿਸ਼ਵਾਸ ਰੱਖੋ ਅਤੇ ਖੂਬ ਮਿਹਨਤ ਕਰੋ। ਹਾਲਾਤ ਚਾਹੇ ਜੋ ਵੀ ਹੋਣ, ਉਨ੍ਹਾਂ ਤੋਂ ਕਦੇ ਘਬਰਾਓ ਨਾ। ਸਗੋਂ ਡੱਟ ਕੇ ਸਾਹਮਣਾ ਕਰੋ। ਹਰ ਸਮੇਂ ਤਣਾਅ ਵਿੱਚ ਰਹਿਣਾ ਅਤੇ ਆਪਣੀ ਮੁਸ਼ਕਲ ਦਾ ਹੱਲ ਲੱਭਣ ਦੀ ਕੋਸ਼ਿਸ਼ ਨਾ ਕਰਨਾ, ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਜ਼ਿੰਦਗੀ ਵਿਚ ਕੁਝ ਵੀ ਸਥਾਈ ਨਹੀਂ ਹੁੰਦਾ।ਇਸ ਲਈ ਦੁੱਖ ਵੀ ਸਥਾਈ ਨਹੀਂ ਹੁੰਦੇ। ਸੋ ਆਪਣੀਆਂ ਤਕਲੀਫ਼ਾਂ ਨੂੰ ਦੂਰ ਕਰਨ ਦੀ ਸਾਨੂੰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਓਕਿ

**ਤੁਸੀਂ ਪਿੱਛੇ ਜਾ ਕੇ ਪੁਰਾਣੇ ਸਮੇਂ ਨੂੰ ਬਦਲ ਨਹੀਂ ਸਕਦੇ।।।
ਪਰ ਤੁਸੀਂ ਜਿੱਥੇ ਹੋ ਉਥੋਂ ਸ਼ੁਰੂ ਕਰਕੇ ਆਉਣ ਵਾਲੇ ਸਮੇਂ ਨੂੰ ਬਿਹਤਰ ਬਣਾ ਸਕਦੇ ਹੋ।।।**

ਨੀਲਮ ਕੁਮਾਰੀ

ਪੰਜਾਬੀ ਮਿਸਟ੍ਰੈਸ,
ਸਰਕਾਰੀ ਹਾਈ ਸਕੂਲ,ਸਮਾਉ (97797 – 88365)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਖਾਂ
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਕ ਗੀਤ ਪ੍ਰਤੀਯੋਗਤਾ ਦਾ ਜੇਤੂ