(ਸਮਾਜ ਵੀਕਲੀ)
ਰਾਜੂ ਅੱਠਵੀ ਜਮਾਤ ਵਿੱਚ ਪੜ੍ਹਦਾ ਸੀ। ਉਹ ਬਹੁਤ ਹੁਸ਼ਿਆਰ ਵਿਦਿਆਰਥੀ ਸੀ। ਉਸਦੇ ਮੰਮੀ ਤੇ ਪਾਪਾ ਦੋਵੇਂ ਹੀ ਨੌਕਰੀਪੇਸ਼ਾ ਸਨ। ਉਹ ਦੋਵੇਂ ਸਵੇਰੇ ਨੌਕਰੀ ਤੇ ਚਲੇ ਜਾਂਦੇ ਸਨ ਤੇ ਰਾਜੂ ਵੀ ਸਕੂਲ ਚਲਾ ਜਾਂਦਾ ਸੀ। ਪਰ ਹੁਣ ਕਰੋਨਾ ਕਰਕੇ ਸਕੂਲ ਬੰਦ ਸਨ। ਇਸ ਲਈ ਰਾਜੂ ਹੁਣ ਘਰ ਹੀ ਰਹਿੰਦਾ ਸੀ।
ਰਾਜੂ ਦੀਆਂ ਆਨਲਾਈਨ ਕਲਾਸਾਂ ਲੱਗਣ ਲੱਗੀਆਂ। ਪਾਪਾ ਜੀ ਨੇ ਉਸਨੂੰ ਇੱਕ ਵੱਖਰਾ ਮੋਬਾਇਲ ਲੈ ਕੇ ਦੇ ਦਿੱਤਾ ਤਾਂ ਕਿ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕੇ। ਰਾਜੂ ਬਹੁਤ ਖੁਸ਼ ਸੀ। ਹੁਣ ਉਹ ਰੋਜ਼ ਸਵੇਰੇ ਉੱਠਦਾ ਤੇ ਸਕੂਲ ਜਾਣ ਵਾਂਗ ਹੀ ਨ੍ਹਾ ਧੋ ਕੇ ਤਿਆਰ ਹੋ ਜਾਂਦਾ। ਫ਼ੇਰ ਨਾਸ਼ਤਾ ਕਰਕੇ ਸਮੇਂ ਸਿਰ ਕਲਾਸਾਂ ਲਗਾਉਂਦਾ। ਕਲਾਸਾਂ ਤੋਂ ਵਿਹਲਾ ਹੋ ਕੇ ਉਹ ਆਪਣੀਆਂ ਕਾਪੀਆਂ ਦਾ ਕੰਮ ਵੀ ਮੁਕਾ ਲੈਂਦਾ। ਸਾਰੇ ਅਧਿਆਪਕ ਉਸਤੋਂ ਬਹੁਤ ਖੁਸ਼ ਸਨ। ਪਰ ਰਾਜੂ ਦੇ ਕੁੱਝ ਦੋਸਤ ਉਸ ਦਾ ਰੋਜ਼ ਹੀ ਮਜ਼ਾਕ ਉਡਾਉਂਦੇ ਸਨ। ਉਹ ਆਪ ਪੜ੍ਹਾਈ ਨਹੀਂ ਕਰਦੇ ਸਨ ਤੇ ਨਾ ਹੀ ਕਲਾਸ ਵਿਚ ਧਿਆਨ ਦਿੰਦੇ ਸਨ ਅਤੇ ਰਾਜੂ ਨੂੰ ਵੀ ਪੜ੍ਹਾਈ ਕਰਨ ਤੋਂ ਰੋਕਦੇ ਰਹਿੰਦੇ।
ਹੁਣ ਉਹ ਰੋਜ਼ ਹੀ ਰਾਜੂ ਨੂੰ ਫ਼ੋਨ ਕਰਦੇ ਤੇ ਕਹਿੰਦੇ, ਯਾਰ ਤੂੰ ਤਾਂ ਐਵੇਂ ਇੰਨੀ ਮਿਹਨਤ ਕਰਦਾ ਹੈ, ਪੇਪਰ ਤਾਂ ਹੁਣ ਆਨਲਾਇਨ ਹੀ ਹੋਣੇ ਹਨ। ਆਪਾਂ ਤਾਂ ਨਕਲ ਕਰ ਕੇ ਚੇਪ ਦੇਣਾ ਸਾਰਾ ਪੇਪਰ। ਵੇਖੀਂ ਫੇਰ,, ਤੇਰੇ ਨਾਲੋਂ ਵੱਧ ਨੰਬਰ ਲੈ ਲੈਣੇ ਅਸੀਂ। ਸਾਡੀਆਂ ਤਾਂ ਹੁਣ ਤਾਂ ਮੌਜਾਂ ਹੀ ਮੌਜਾਂ ਹਨ। ਸਾਰਾ ਦਿਨ ਆਪਾਂ ਆਪਣੇ ਕਮਰੇ ਵਿੱਚ ਬੈਠ ਕੇ ਗੇਮਾਂ ਖੇਡੀਦੀਆਂ ਤੇ ਮੰਮੀ ਸੋਚਦੀ ਕਿ ਪੜ੍ਹਾਈ ਕਰਦੇ ਹਨ ਤੇ ਇਸੇ ਕਰਕੇ ਵਧੀਆ-ਵਧੀਆ ਖਾਣੇ ਵੀ ਮਿਲ ਜਾਂਦੇ ਹਨ।
ਪਹਿਲਾਂ-ਪਹਿਲਾਂ ਤਾਂ ਰਾਜੂ ਨੇ ਦੋਸਤਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀ ਕੀਤਾ ਪਰ ਹੌਲੀ-ਹੌਲੀ ਉਹ ਵੀ ਉਹਨਾਂ ਦੇ ਮਗਰ ਲੱਗ ਗਿਆ। ਹੁਣ ਉਹ ਸੁੱਤਾ ਪਿਆ ਉੱਠ ਕੇ ਹੀ ਅੱਧ-ਵਿਚਾਲੇ ਕਲਾਸਾਂ ਲਾਉਂਦਾ ਤੇ ਕਦੇ ਗੇਮਾਂ ਖੇਡਦਾ ਰਹਿੰਦਾ।
ਹੁਣ ਰਾਜੂ ਦੇ ਅਧਿਆਪਕਾਂ ਨੇ ਵੀ ਮਹਿਸੂਸ ਕਰ ਲਿਆ ਕਿ ਉਹ ਚੰਗੀ ਤਰਾਂ ਕਲਾਸਾਂ ਨਹੀਂ ਲਗਾ ਰਿਹਾ ਤੇ ਨਾ ਹੀ ਕਾਪੀਆਂ ਬਣਾਉਂਦਾ ਹੈ। ਉਹਨਾਂ ਨੇ ਆਪਸ ਵਿੱਚ ਸਲਾਹ ਕਰਕੇ ਇੱਕ ਦਿਨ ਉਸ ਦੀ ਮੰਮੀ ਨੂੰ ਆਪਣੀ ਸ਼ੰਕਾ ਬਾਰੇ ਫੋਨ ਕਰਕੇ ਦੱਸਿਆ।
ਮੰਮੀ ਨੇ ਵੀ ਰਾਜੂ ਦੇ ਵਿਵਹਾਰ ਵਿੱਚ ਬਦਲਾਵ ਮਹਿਸੂਸ ਕੀਤਾ ਸੀ ਤੇ ਹੁਣ ਅਧਿਆਪਕ ਜੀ ਦੇ ਫੋਨ ਕਰਕੇ ਉਹਨਾਂ ਨੂੰ ਹੋਰ ਫ਼ਿਕਰ ਹੋਣ ਲੱਗੀ। ਇਸ ਲਈ ਇੱਕ ਦਿਨ ਉਹ ਰਾਜੂ ਨੂੰ ਬਿਨਾਂ ਦੱਸੇ ਦੁਪਿਹਰ ਨੂੰ ਘਰ ਆ ਗਈ। ਉਹਨਾਂ ਕੋਲ਼ ਘਰ ਦੀ ਦੂਜੀ ਚਾਬੀ ਸੀ ਜਿਸ ਨਾਲ਼ ਉਹ ਆਪੇ ਤਾਲਾ਼ ਖੋਲ ਕੇ ਅੰਦਰ ਆ ਗਈ।
ਰਾਜੂ ਆਪਣੀ ਮਸਤੀ ਵਿੱਚ ਗੇਮ ਖੇਡ ਰਿਹਾ ਸੀ। ਮੰਮੀ ਨੂੰ ਦੇਖ਼ ਕੇ ਉਹ ਚੌਂਕ ਗਿਆ ਤੇ ਹੜਬੜਾਹਟ ਵਿੱਚ ਉਹਨੇ ਮੋਬਾਇਲ ਆਪੇ ਮੰਮੀ ਦੇ ਹੱਥ ਫੜਾ ਦਿੱਤਾ।
ਰਾਜੂ ਡਰ ਕੇ ਇੱਕ ਪਾਸੇ ਬੈਠ ਗਿਆ। ਮੰਮੀ ਨੇ ਪਿਆਰ ਨਾਲ਼ ਰਾਜੂ ਦੇ ਕੋਲ਼ ਬੈਠਦਿਆਂ ਉਸਦਾ ਸਿਰ ਪਲੋ਼ਸਿਆ। ਮੰਮੀ ਜੀ ਦਾ ਪਿਆਰ ਦੇਖ ਕੇ ਰਾਜੂ ਰੋਣ ਲੱਗ ਪਿਆ ਤੇ ਦੋਸਤਾਂ ਵਾਲੀਆਂ ਸਾਰੀਆਂ ਗੱਲਾਂ ਦੱਸ ਦਿੱਤੀਆਂ।
ਮੰਮੀ ਜੀ ਨੇ ਉਹਨੂੰ ਚੁੱਪ ਕਰਵਾਇਆ ਤੇ ਸਮਝਾਇਆ ਕਿ ਪੁੱਤਰ ਨਕਲ ਕਰਕੇ ਪੇਪਰਾਂ ‘ਚ ਨੰਬਰ ਤਾਂ ਬਹੁਤ ਵਧੀਆ ਆ ਜਾਣਗੇ ਪਰ ਤੁਸੀਂ ਸਿੱਖੋਗੇ ਕੁੱਝ ਵੀ ਨਹੀਂ।ਜ਼ਿੰਦਗੀ ਵਿੱਚ ਅੱਗੇ ਵਧਣ ਲਈ ਸਾਨੂੰ ਮਿਹਨਤ ਕਰਨੀ ਪਵੇਗੀ ਤਾਂ ਹੀ ਸਫ਼ਲਤਾ ਮਿਲ਼ਦੀ ਹੈ।
ਰਾਜੂ ਨੂੰ ਸਾਰੀ ਗੱਲ ਸਮਝ ਆ ਗਈ ਸੀ। ਉਸਨੇ ਮੰਮੀ ਜੀ ਤੋਂ ਮਾਫ਼ੀ ਮੰਗੀ ਤੇ ਅੱਗੇ ਤੋਂ ਪਹਿਲਾਂ ਦੀ ਤਰ੍ਹਾਂ ਪੜ੍ਹਾਈ ਕਰਨ ਦਾ ਵਾਅਦਾ ਕੀਤਾ।ਨਾਲ ਹੀ ਆਪਣੇ ਭਟਕੇ ਹੋਏ ਕਦਮ ਸਹੀ ਰਾਹੇ ਪਾਉਣ ਲਈ ਉਸਨੇ ਮੰਮੀ ਜੀ ਦਾ ਧੰਨਵਾਦ ਵੀ ਕੀਤਾ। ਉਸਨੇ ਫੋਨ ਕਰਕੇ ਆਪਣੇ ਆਧਿਆਪਕਾਂ ਤੋਂ ਵੀ ਮਾਫ਼ੀ ਮੰਗੀ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly