(ਸਮਾਜ ਵੀਕਲੀ)
ਅੱਜਕੱਲ੍ਹ ਚੰਗੀ ਸੈਰ ਮੈਂ ਕਰਦਾਂ।
ਖਾਣ-ਪੀਣ ਤੇ ਧਿਆਨ ਵੀ ਧਰਦਾਂ।
ਮਿੱਠੇ ਤੇ ਨਮਕੀਨ ਦਾ ਹੇਜ,
ਤਿਆਗ ਦਿੱਤਾ ਰੱਖਦਾਂ ਪ੍ਰਹੇਜ਼।
ਪਾਣੀ, ਫਲ ਤੇ ਹਰਾ ਸਲਾਦ।
ਵਿੱਚ ਖ਼ੁਰਾਕੀ ਦੇ ਰੱਖਾਂ ਯਾਦ।
ਸਮਾਂ ਕੱਢ ਕਸਰਤ ਕਰ ਲੈਨਾ।
ਲੰਮੇ ਲੰਮੇ ਸਾਂਹ ਭਰ ਲੈਨਾ।
ਪਰ ਇੱਕ ਹੋਈ ਜਾਵੇ ਕਮਾਲ।
ਪੁੱਛਣ ਲੋਕ ਅਜੀਬ ਸਵਾਲ।
ਕਈਂ ਪੁੱਛਦੇ ਕੀ ਸ਼ੂਗਰ ਹੋ ਗਈ ?
ਜਿੰਦਗੀ ਤਾਂ ਨਈਂ ਦੁੱਭਰ ਹੋ ਗਈ ?
ਕੋਈ ਆਖੇ ਬੀ.ਪੀ. ਹੈ ਠੀਕ ?
ਜੋ ਐਦਾਂ ਦੀ ਫੜ ਲਈ ਲੀਕ।
ਬਹੁਤੇ ਛਾਤੀ ਸਾਂਹ ਨੂੰ ਵਾਚਣ।
ਗੁਰਦੇ, ਦਿਲ ਜਾਂ ਲੀਵਰ ਜਾਚਣ।
ਕਈਂ ਹੋਰ ਹੀ ਕਰਦੇ ਸੋਗ।
ਕਰਦੇ ਸ਼ੱਕ ਮਾਨਸਿਕ ਰੋਗ।
ਜਦ ਦੱਸਦਾਂ ਤੰਦਰੁਸਤ ਮੈਂ ਪੂਰਾ।
ਮਾਰਨ ਕਈਂ ਅਜੀਬ ਖੰਘੂਰਾ।
ਕਹਿਣ “ਫੇਰ ਕੀ ਲੱਗੀ ਚੱਟੀ।
ਤੜਕੇ ਈ ਤੁਰਦੈਂ ਵੱਟੋ-ਵੱਟੀ।
ਕਿਉਂ ਖਾਣ ਤੋਂ ਡਰਦਾ ਰਹਿੰਨੈ ?
ਘਾਹ-ਫੂਸ ਜਿਹਾ ਚਰਦਾ ਰਹਿੰੰਨੈ।
ਦੱਬਕੇ ਖਾਣਾ ਖਾਇਆ ਕਰ ਤੂੰ।
ਦੇਸੀ ਘਿਓ ਵਿੱਚ ਪਾਇਆ ਕਰ ਤੂੰ।
ਦਹੀਂ, ਲੱਸੀ ਤੇ ਮੱਖਣ ਛਕ।
ਕੱਚਾ ਨਾਲ਼ ਪਨੀਰ ਵੀ ਰੱਖ।
ਉਮਰ ਛੋਟੀ ਵਿੱਚ ਮਾਰ ਨਾ ਬੁੱਧ।
ਜੱਗ ਕੁ ਤਾਂ ਪੀਆ ਕਰ ਦੁੱਧ।”
ਸੁਣਕੇ ਸਭ ਹੋਵੇ ਅਫ਼ਸੋਸ।
ਪਰ ਘੱਟ ਗਿਣਤੀ ਕਾਹਦਾ ਰੋਸ।
ਬਹੁਤੇ ਕਰ ਸਵਾਲ ਨਈਂ ਸਕਦਾ।
ਪਰ ਹੱਸਕੇ ਵੀ ਟਾਲ ਨਈਂ ਸਕਦਾ।
ਪਿੰਡ ਘੜਾਮੇਂ ਰੋਮੀ ਫਸਦਾ।
ਨਿੱਜਵਾਦੀ ਜੇ ਦੱਸਣੋ ਨੱਸਦਾ।
ਫਿਰ ਇੱਕੋ ਕਰਦਾਂ ਫਰਿਯਾਦ।
ਕਰ ਬਾਬਾ ਨਾਨਕ ਨੂੰ ਯਾਦ।
ਨਾਲੇ ਮਨ ਤੋਂ ਭਾਰ ਮੈਂ ਲਾਹਵਾਂ।
ਨਾਲ ਠਰ੍ਹੰਮੇ ਸ਼ਬਦ ਸੁਣਾਵਾਂ।
ਕਿ:-
‘ਬਾਬਾ ਹੋਰੁ ਖਾਣਾ ਖੁਸੀ ਖੁਆਰ।।
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।।’
ਰੋਮੀ ਘੜਾਮੇਂ ਵਾਲ਼ਾ
98552-81105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly