ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਕਈ ਦਿਨਾਂ ਤੋਂ ਇੱਕ ਵਧੀਆ ਕਹਾਣੀ ਲਿਖਣ ਬਾਰੇ ਸੋਚ ਰਿਹਾ ਹਾਂ। ਇੰਨੀ ਵਧੀਆ ਕਹਾਣੀ ਲਿਖਾਂ ਕਿ ਮੈਨੂੰ ਨਾਮ ਪਿੱਛੇ ਕੋਈਂ ਪੂਛ ਜਾਂ ਤਖੱਲਸ ਨਾ ਲਾਉਣਾ ਪਵੇ ਬੱਸ #ਰਮੇਸ਼_ਕਹਾਣੀਕਾਰ ਦੇ ਨਾਮ ਨਾਲ ਹੀ ਜਾਣਿਆਂ ਜਾਵਾਂ। ਗੱਲ ਕਹਾਣੀ ਦੇ ਵਿਸ਼ੇ ਬਾਰੇ ਸੋਚਣ ਦੀ ਹੈ। ਮੈਂ ਸੋਚਦਾ ਹਾਂ ਕਿਸੇ ਉਸ ਮਾਸੂਮ ਜਿਹੇ ਬੱਚੇ ਦੀ ਗਰੀਬੀ ਤੇ ਕਹਾਣੀ ਲਿਖਾਂ ਜੋ ਸਵੇਰੇ ਇਸ ਲਈ ਭੁੱਖਾ ਹੀ ਸਕੂਲ ਆਉਂਦਾ ਹੈ ਕਿ ਉਹਨਾਂ ਘਰ ਆਟਾ ਨਹੀਂ ਸੀ। ਫਿਰ ਮੈਨੂੰ ਅਰਬਾਂ ਦੇ ਮਿਡ ਡੇ ਮੀਲ ਦੇ ਬਜਟ ਤੇ ਗੁੱਸਾ ਆਉਂਦਾ ਹੈ ਮੈਨੂੰ ਇਸ ਵਿਸ਼ੇ ਤੇ ਗੱਲ ਬਣਦੀ ਨਹੀਂ ਲੱਗਦੀ।
ਫਿਰ ਮੈਂ ਸਹੁਰਿਆਂ ਵੱਲੋਂ ਸਤਾਈਆਂ ਲੜਕੀਆਂ ਬਾਰੇ ਕੋਈਂ ਕਹਾਣੀ ਲਿਖਣ ਬਾਰੇ ਸੋਚਦਾ ਹਾਂ। ਪਰ ਹੁਣ ਇਹ ਜਮਾਨਾਂ ਨਹੀਂ ਰਿਹਾ। ਲੜਕੀਆਂ ਤਾਂ ਆਪ ਸਹੁਰਿਆਂ ਦੇ ਨੱਕ ਵਿੱਚ ਦਮ ਕਰੀ ਰੱਖਦੀਆਂ ਹਨ। ਆਉਂਦੀਆਂ ਹੀ ਘਰ ਦੀਆਂ ਮਾਲਿਕਨਾਂ ਬਣ ਜਾਂਦੀਆਂ ਹਨ। ਆਪਣੇ ਪਤੀ ਨੂੰ ਵੱਸ ਵਿੱਚ ਕਰ ਲੈਂਦੀਆਂ ਹਨ। ਕਹਾਣੀ ਦੇ ਪਾਤਰ ਬਦਲ ਜਾਂਦੇ ਹਨ। ਫਿਰ ਇਹ ਕਹਾਣੀ ਲਿਖਣ ਦਾ ਕੀ ਤੁੱਕ। ਐਵੇਂ ਕੋਈਂ ਹੋਰ ਮੁੱਦਾ ਉਛਲੂ। ਮੇਰੇ ਦਿਮਾਗ ਵਿੱਚ ਅਗਲਾ ਵਿਸ਼ਾ ਧੀ, ਭੈਣ, ਭੂਆਂ ਦੀ ਪੇਕਿਆਂ ਦੇ ਘਰ ਵਿੱਚ ਹੁੰਦੀ ਬੇਕਦਰੀ ਬਾਰੇ ਲਿਖਣ ਬਾਰੇ ਆਉਂਦਾ ਹੈ। ਮਾਂ ਪਿਓ ਦੇ ਜਾਣ ਤੋਂ ਬਾਅਦ ਭਰਾ ਭਰਜਾਈਆਂ ਭੈਣਾਂ, ਭੂਆ ਨੂੰ ਸ਼ਰੀਕ ਸਮਝਣ ਲੱਗਦੀਆਂ ਹਨ। ਉਹਨਾਂ ਨੂੰ ਵਿਸਾਰ ਦਿੰਦੇ ਹਨ। ਉਹਨਾਂ ਲਈ ਪੇਕੇ ਦੂਰ ਹੋ ਜਾਂਦੇ ਹਨ ਨਾਤਾ ਟੁੱਟ ਜਾਂਦਾ ਹੈ। ਪੇਕੇ ਪੇਕੇ ਨਹੀਂ ਰਹਿੰਦੇ। ਭਰਾ ਤਿੱਥ ਤਿਉਹਾਰ ਤੇ ਸੰਭਾਲਣਾ ਵੀ ਭੁੱਲ ਜਾਂਦੇ ਹਨ। ਫਿਰ ਸੋਚਿਆ ਛੱਡ ਯਾਰ ਇਸ ਵਿਸ਼ੇ ਤੇ ਲਿਖਕੇ ਕਾਹਨੂੰ ਸਾਲਿਆਂ ਨਾਲ ਸਿੰਗ ਫਸਾਉਣੇ ਹਨ। ਜਿਹੜੀ ਥੋਡ਼ੀ ਬਹੁਤ ਰਾਮ ਰਾਮ ਹੁੰਦੀ ਹੈ ਉਸ ਤੋਂ ਵੀ ਜਾਵੇਂਗਾ। ਅਗਲੇ ਕਹਿਣਗੇ ਸਾਡੇ ਤੇ ਫਿਰ ਕਹਾਣੀ ਲਿੱਖ ਘੱਤੀ। ਕਹਾਣੀ ਤਾਂ ਕਿਸੇ ਗਰੀਬਣੀ ਦੀ ਸੁੰਦਰਤਾ ਦਾ ਨਜਾਇਜ਼ ਫਾਇਦਾ ਚੁੱਕਣ ਵਾਲਿਆਂ ਤੇ ਵੀ ਲਿਖੀ ਜਾ ਸਕਦੀ ਹੈ। ਉਹ ਕੰਮਵਾਲੀ ਜਿਹੜੀ ਸਵੇਰੇ ਬਣ ਠਣਕੇ ਕੰਮ।ਤੇ ਆਉਂਦੀ ਹੈ ਉਸਦੇ ਗੁੰਦਵੇ ਸਰੀਰ, ਛੋਟੇ ਛੋਟੇ ਬੁੱਲ੍ਹ, ਮਿਰਗ ਵਰਗੇ ਨੈਣ, ਛਮਕ ਛੱਲ਼ੋ ਜਿਹਾ ਪਤਲਾ ਜੁੱਸਾ ਤੇ ਲੰਬਾ ਕੱਦ। ਅੱਖਾਂ ਵਿਚਲੀ ਕੱਜਲ ਦੀ ਧਾਰ, ਕਈ ਦਿਨਾਂ ਤੋਂ ਅਣਸੰਵਾਰੇ ਵਾਲ ਅਤੇ ਪੈਰਾਂ ਚ ਪਾਈਆਂ ਝਾਂਜਰਾਂ ਦੀ ਛਣਕਾਰ ਨੂੰ ਵੇਖਕੇ ਸੇਠ ਆਪਣੀ ਸੋਨੇ ਲੱਦੀ ਥੁੱਲਥਲੀ ਜਿਹੀ ਸੇਠਾਂਣੀ ਨੂੰ ਅੱਖ ਪਰੋਖੇ ਕਰ ਦਿੰਦਾ ਹੈ ਅਤੇ ਦਿਨ ਰਾਤ ਉਸ ਕੰਮਵਾਲੀ ਦੇ ਹੁਸਨ ਵਿੱਚ ਡੁੱਬਿਆ ਰਹਿੰਦਾ ਹੈ। ਉਸਤੇ ਮੈਲੀ ਅੱਖ ਰੱਖਦਾ ਹੈ। ਮੌਕੇ ਦੀ ਤਲਾਸ਼ ਵਿੱਚ ਰਹਿੰਦਾ ਹੈ। ਪਰ ਮੇਰੇ ਨਾਲ ਦੀ ਕਹਿੰਦੀ ਹੈ ਕਿ ਕਹਾਣੀ ਸ਼ਾਫ ਸੁਥਰੀ ਹੋਣੀ ਚਾਹੀਦੀ ਹੈ ਕਿਸੇ ਸਤਿਸੰਗ ਵਰਗੀ। ਜਿਸਨੂੰ ਤੁਹਾਡੀ ਭੈਣ, ਬੇਟੀ ਤੇ ਧੀ ਵੀ ਤੁਹਾਡੇ ਸਾਹਮਣੇ ਪੜ੍ਹ ਸਕੇ। ਤੁਹਾਨੂੰ ਕਹਾਣੀ ਦੇ ਵਿਸ਼ੇ ਨੂੰ ਲੈਕੇ ਨੀਵਾਂ ਨਾ ਝਾਕਣਾ ਪਵੇ। ਕਾਮਵਾਸਨਾ ਅਤੇ ਉਸਨੂੰ ਉਕਸਾਉਣ ਵਾਲੀਆਂ ਕਹਾਣੀਆਂ ਸਮਾਜ ਨੂੰ ਗੰਧਲਾ ਕਰਦੀਆਂ ਹਨ। ਇਹ ਜੁਰਮ ਅਤੇ ਗੁਨਾਹ ਦੇ ਫੈਲਣ ਨੂੰ ਹਵਾ ਦਿੰਦੀਆਂ ਹਨ। ਗੱਲ ਉਸ ਦੀ ਵੀ ਠੀਕ ਹੈ। ਹੁਣ ਉਸ ਦੀ ਚੰਗੀ ਸੋਚ ਦੇ ਦਾਇਰੇ ਤੋਂ ਬਾਹਰ ਜਾਣਾ ਵੀ ਗਲਤ ਹੈ। ਨਾਲੇ ਜੀਵਨਸਾਥੀ ਦੀ ਸੋਚ ਤੋਂ ਬਾਹਰ ਜਾਕੇ ਤੁਸੀਂ ਵੱਡੇ ਨਹੀਂ ਬਣ ਸਕਦੇ। ਫਿਰ ਸਮੁੰਦਰ ਵਿੱਚ ਰਹਿਕੇ ਮਗਰਮੱਛ ਨਾਲ ਵੈਰ ਵੀ ਕਿਉਂ ਪਾਉਣਾ।
ਚੰਗੀ ਕਹਾਣੀ ਤਾਂ ਪੁਲਸ ਤੋਂ ਡੰਡੇ ਖਾਂਦੇ ਬੇਰੋਜਗਾਰ ਅਤੇ ਕੱਚੇ ਮੁਲ਼ਾਜਮਾਂ ਦੇ ਦਰਦ ਨੂੰ ਲ਼ੈਕੇ ਵੀ ਲਿਖੀ ਜਾ ਸਕਦੀ ਹੈ। ਦਸ ਦਸ ਹਜ਼ਾਰ ਜਿਹੀ ਮਮੂਲੀ ਤਨਖਾਹ ਤੇ ਕੰਮ ਕਰਨ ਵਾਲੇ ਅਧਿਆਪਕ ਇੱਕ ਦਿਨ ਕੁੱਟ ਖਾਕੇ ਅਗਲੇ ਦਿਨ ਫਿਰ ਜੁਆਕਾਂ ਨੂੰ ਪੜ੍ਹਾਉਂਦੇ ਹਨ। ਪਰ ਕਹਾਣੀ ਚ ਉਹਨਾਂ ਦਾ ਦਰਦ ਤਾਂ ਦਿਖਾਇਆ ਜਾ ਸਕਦਾ ਹੈ ਪਰ ਇਹ ਉਹਨਾਂ ਦੇ ਮਸਲੇ ਦਾ ਹੱਲ ਨਹੀਂ। ਸਮਾਜਿਕ ਵਿਸ਼ੇ ਤੇ ਕਹਾਣੀ ਲਿਖਣ ਦਾ ਖਿਆਲ ਆਉਂਦੇ ਹੀ ਮੇਰੇ ਜ਼ਹਿਨ ਵਿੱਚ ਉਹ ਸੀਨੀਅਰ ਸਿਟੀਜ਼ਨ ਆਉਂਦੇ ਹਨ ਜੋ ਸੇਵਾਮੁਕਤੀ ਤੋਂ ਬਾਅਦ ਨੂੰਹਾਂ ਪੁੱਤਾਂ ਹੱਥੋਂ ਨਿੱਤ ਜ਼ਲੀਲ ਹੁੰਦੇ ਹਨ। ਆਪਣੀ ਜਾਇਦਾਦ ਅਤੇ ਜਮਾਂ ਪੂੰਜੀ ਤੋਂ ਹੱਥ ਧੋਣ ਤੋਂ ਬਾਅਦ ਅੰਦਰ ਵੜ੍ਹਕੇ ਰੋਂਦੇ ਹਨ। ਪਹਿਲ਼ਾਂ ਉਹ ਔਲਾਦ ਦੇ ਮੋਂਹ ਵਿੱਚ ਬੇਵੱਸ ਹੁੰਦੇ ਹਨ ਫਿਰ ਉਹ ਉਸੇ ਔਲਾਦ ਦੇ ਅੱਗੇ ਬੇਵੱਸ ਹੁੰਦੇ ਹਨ। ਪਰ ਸਮਾਜ ਦਾ ਇਹ ਨਕਾਰਾਤਮਿਕ ਪੱਖ ਸਾਹਿਤ ਵਿੱਚ ਦਿਖਾਉਣਾ ਕੋਈਂ ਚੰਗੀ ਗੱਲ ਨਹੀਂ। ਚੰਗੀ ਅਤੇ ਆਗਿਆਕਾਰੀ ਔਲਾਦ ਬਾਰੇ ਵੀ ਤਾਂ ਲਿਖਿਆ ਜਾ ਸਕਦਾ ਹੈ। ਜੋ ਸਮਾਜ ਲਈ ਪ੍ਰੇਰਨਾ ਸਰੋਤ ਬਣੇ। ਪਰ ਅਜਿਹੀ ਔਲਾਦ ਘੱਟ ਹੀ ਨਜ਼ਰ ਆਉਂਦੀ ਹੈ। ਫਿਰ ਵਿਸ਼ਾ ਬਦਲਦਾ ਹੋਇਆ ਉਹਨਾਂ ਬਜ਼ੁਰਗ ਮਾਪਿਆਂ ਬਾਰੇ ਲਿਖਣ ਦਾ ਸੋਚਦਾ ਹਾਂ ਕਿ ਉਹ ਸੱਤਰੇ ਬੁਹੱਤਰੇ ਵੀ ਆਪਣੀ ਹਿੰਡ ਨਹੀਂ ਛੱਡਦੇ। ਅੜੀ ਨਹੀਂ ਛੱਡਦੇ। ਆਪਣੀ ਸਿਆਣਪ ਦਾ ਢੰਡੋਰਾ ਪਿੱਟਦੇ ਰਹਿੰਦੇ ਹਨ ਔਲਾਦ ਨੂੰ ਕੁਝ ਕਰਨ ਨਹੀਂ ਦਿੰਦੇ। ਗੁਰੂ ਗੁਰੂ ਕਰਨ ਦੀ ਬਜਾਇ ਮੈਂ ਮੈਂ ਕਰਦੇ ਹਨ ਅਤੇ ਕਲੇਸ਼ ਨੂੰ ਵਧਾਉਂਦੇ ਰਹਿੰਦੇ ਹਨ। ਇਹ ਲੋਕ ਨਾ ਕਦੇ ਚੰਗੇ ਪੁੱਤ ਬਣੇ ਹੁੰਦੇ ਹਨ ਤੇ ਨਾ ਚੰਗੇ ਪਤੀ ਜਾਂ ਪਿਓ।
ਕਹਾਣੀ ਲਈ ਯੋਗ ਵਿਸ਼ਾ ਤਲਾਸ਼ਣਾ ਇੱਕ ਗੰਭੀਰ ਸਮੱਸਿਆ ਬਣ ਗਿਆ। ਉਂਜ ਕਹਾਣੀ ਤਾਂ ਕਿਸਾਨ ਮੋਰਚਾ, ਓਹਣਾਂ ਦੀਆਂ ਮੰਗਾਂ, ਧਰਨੇ, ਮੰਡੀਆਂ ਚ ਰੁਲਦੇ ਕਿਸਾਨ, ਪਰਾਲੀ ਨੂੰ ਸਾੜਦੇ, ਕਰਜ਼ੇ ਦੇ ਬੋਝ ਤਲੇ ਦਬੇ ਸ਼ਾਹੀ ਵਿਆਹ ਤੇ ਸ਼ਾਹੀ ਭੋਗ ਪਾਉਂਦੇ ਖੁਦਕਸ਼ੀਆਂ ਕਰਦੇ ਕਿਸਾਨਾਂ ਦੇ ਦਰਦ ਬਾਰੇ ਬਹੁਤ ਸੋਹਣੀ ਲਿਖੀ ਜਾ ਸਕਦੀ ਹੈ।
“ਹੁਣ ਰੋਟੀ ਖਾ ਵੀ ਲ਼ੋ ਕਿ ਸੋਚੀ ਜਾਓਗੇ। ਸਾਗ ਠੰਡਾ ਹੋਜੂਗਾ।” ਉਹ ਇੱਕ ਦਮ ਬੋਲ਼ੀ ਤੇ ਰੋਟੀ ਦੀ ਥਾਲੀ ਮੇਰੇ ਸਾਹਮਣੇ ਪਈ ਸੀ। ਇੱਕ ਤਾਂ ਇਹ ਜਨਾਨੀਆਂ ਲੇਖਕਾਂ ਅਤੇ ਸਮਾਜ ਸੇਵੀਆਂ ਦੀਆਂ ਦੁਸ਼ਮਣ ਹੁੰਦੀਆਂ ਹਨ। ਰਮੇਸ਼ ਕਹਾਣੀਕਾਰ ਲਿਖਣ ਦਾ ਸੁਫਨਾ ਵਿਚਾਲੇ ਹੀ ਦਮ ਤੋੜ ਜਾਂਦਾ ਹੈ ਤੇ ਮੈਂ ਓਹੀ ਪੁਰਾਣਾ ਨਾਮ ਤੇ ਤਖੱਲਸ ਲਿਖਕੇ ਲਿਖਤ ਨੂੰ ਬੰਦ ਕਰ ਦਿੰਦਾ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly