ਸਾਉਣ ਦਾ ਸੰਧਾਰਾ (ਕਹਾਣੀ)

ਸਤਨਾਮ ਸ਼ਦੀਦ ਸਮਾਲਸਰ

(ਸਮਾਜ ਵੀਕਲੀ)-ਵੇ ਮੁੰਡਿਆ ! ਅੱਜ ਕਾਲਜੋਂ ਛੁੱਟੀ ਮਾਰ ਲਾ ਤੇਰੀ ਭੈਣ ਨੂੰ ਸੰਧਾਰਾ ਦੇ ਆਈਏ ਕਿੱਧਣ ਦਾ ਸਾਉਣ ਚੜ੍ਹਿਆ ਲੋਕ ਤਾਂ ਕਦੋਂ ਦੇ ਆਵਦੀਆਂ ਕੁੜੀਆਂ ਨੂੰ ਸੰਧਾਰੇ ਦੇ ਕੇ ਆਈ ਜਾਂਦੇ ਐ।” ਇਹ ਗੱਲ ਸੀਤੋ ਨੇ ਆਵਦੇ ਮੁੰਡੇ ਸੁਰਜੀਤ ਨੂੰ ਕਾਲਜ ਤਿਆਰ ਹੁੰਦਿਆਂ ਵੇਖ ਕਹੀ।” ਸੁਰਜੀਤ ਬਾਰਵੀਂ ਪਾਸ ਕਰਕੇ ਨਵਾਂ ਨਵਾਂ ਕਾਲਜ ਬੀ.ਏ ਕਰਨ ਲੱਗਾ ਸੀ। ਉਹਨੇ ਆਵਦੀ ਮਾਂ ਦੀ ਅਵਾਜ਼ ਸੁਣਦਿਆਂ ਕਿਹਾ,” ਮੰਮੀ ਤੂੰ ਮੈਨੂੰ ਕੱਲ੍ਹ ਦੱਸ ਦਿੰਦੀ ਹੁਣ ਜਦੋਂ ਮੈਂ ਤਿਆਰ ਹੋ ਗਿਆ ਉਦੋਂ ਤੈਨੂੰ ਸੰਧਾਰਾ ਯਾਦ ਆ ਗਿਆ।” ਵੇ ਹੁਣ ਕਿਹੜਾ ਐਡੀ ਛੇਤੀ ਤੂੰ ਗੱਡੀ ਚੜ੍ਹ ਗਿਆ ਵੀ ਉਤਰਨਾ ਔਖਾ , ਖੇਖਣ ਵੇਖ ਕਰਦਾ ਜਿਵੇਂ ਅੱਗੇ ਨਾਗਾ ਨੀ ਪੈਣ ਦਿੰਦੇ ਕਾਲਜੋ ਜਦੋਂ ਹਰਲੋ-ਹਰਲੋ ਕਰਦੇ ਦੀਦੋ ਦੀ ਵਲੈਤ ਗਾਹ ਦਿੰਨੈ ਉਦੋਂ ।” ਸੀਤੋ ਨੇ ਵਿਹੜੇ ਵਿੱਚੋਂ ਹੂਝੇ ਕੂੜੇ ਦੀ ਢੇਰੀ ਬੱਠਲ ਵਿੱਚ ਪਾਉਂਦਿਆਂ ਆਪਣੇ ਮੁੰਡੇ ਨੂੰ ਕਹੀ। ਚਲ ਠੀਕ ਆ ਨਹੀਂ ਜਾਂਦਾ ਕਾਲਜ ਛੇਤੀ ਕਰ ਤੂੰ ਤਿਆਰ ਹੋ ਜਾ।ਵੇ ਪੁੱਤ ਜੇ ਤੁਸੀਂ ਕੁੜੀ ਕੋਲ ਚੱਲੇ ਆ ਤਾਂ ਰਾਹ ਵਿੱਚ ਆਵਦੀ ਭੂਆ ਪਾਲੀ ਨੂੰ ਵੀ ਸੰਧਾਰਾ ਦੇ ਆਇਉ ਵਿਚਾਰੀ ਝਾਕ ਕਰੂਗੀ ਵੀ ਮੇਰੇ ਪੇਕਿਆਂ ਤੋਂ ਕੋਈ ਆਇਆ ਨੀ ਸੰਧਾਰਾ ਲੈ ਕੇ।

ਜਦੋਂ ਮੈਂ ਠੀਕ ਹੁੰਦੀ ਸੀ ਤਾਂ ਮੈਂ ਤਾਂ ਕਦੇ ਦੀਵਾਲੀ ਲੋਹੜੀ ਅਟਕਣ ਨੀ ਦਿੱਤੀ ਸੀ। ਹੁਣ ਰੱਬ ਨੇ ਰੋਗ ਹੀ ਚੰਦਰਾ ਲਾ ਦਿੱਤਾ ਵੀ…….। ਇਹ ਗੱਲ ਸੀਤੋ ਦੀ ਸੱਸ ਨੇ ਪਿਛਲੇ ਦੋ ਸਾਲਾਂ ਤੋਂ ਟੁੱਟੇ ਚੂਲੇ ਨਾਲ ਮੰਜੇ ਨਾਲ ਲੱਗੀ ਪਈ ਨੇ ਅੱਖਾਂ ਭਰ ਕੇ ਆਪਣੇ ਪੋਤੇ ਸੁਰਜੀਤ ਨੂੰ ਕਹੀ।” ਬੁੜੀ ਦੀ ਗੱਲ ਸੁਣਦਿਆਂ ਹੀ ਸੀਤੋ ਉਹਨੂੰ ਅਲੀ-ਅਲੀ ਕਰਕੇ ਪੈ ਗਈ , ਹੁਣ ਸਾਰੀ ਉਮਰ ਸਾਨੂੰ ਠੇਕਾ ਲਿਆ ਤੇਰੀਆਂ ਕੁੜੀਆਂ ਦਾ , ਆਹ ਜਿਹੜੇ ਤੇਰੀ ਦਵਾਈ ਬੂਟੀ ਤੇ ਲੱਗੀ ਜਾਂਦੇ ਆ, ਅਖੇ ਮੇਰੀ ਧੀ ਨੂੰ ਵੀ ਸੰਧਾਰਾ ਦੇ ਆਇਉ ਬਥੇਰਾ ਢੋਇਆ ਉਹਨੇ ਨੇ ਪੇਕਿਆਂ ਦਾ ਘਰ ਕਹਿ-ਕਹਿ ਕੇ।” ਇਹ ਗੱਲ ਸੀਤੋ ਨੇ ਵਾਲਾ ਵਿਚ ਕੰਘਾ ਵਾਉਂਦਿਆਂ , ਆਵਦੀ ਸੱਸ ਵੱਲ ਹੱਥ ਕਰਕੇ ਕਹੀ। ਮਾਂ ਦੀਆਂ ਇਨ੍ਹਾਂ ਗੱਲਾਂ ਦਾ ਮੁੰਡੇ ਸੁਰਜੀਤ ਨੂੰ ਕੋਈ ਪਤਾ ਨਹੀਂ ਲੱਗਿਆ ਕਿਉਂਕਿ ਉਹ ਪੰਪ ਤੋਂ ਤੇਲ ਪਵਾਉਣ ਗਿਆ ਸੀ। ਸੀਤੋ ਬਿਸਕੁੱਟਾਂ ਨਾਲ ਪੀਪਾ ਭਰੀ ਬੈਠੀ ਸੀ ਤੇ ਮੁੰਡੇ ਦੇ ਘਰੇ ਆਉਂਦਿਆਂ ਹੀ ਗੁਆਂਢਣ ਨੂੰ ਘਰੇ ਧਿਆਨ ਰੱਖਣ ਲਈ ਕਹਿ ਕੇ ਮੁੰਡੇ ਮਗਰ ਬੈਠ ਆਵਦੀ ਕੁੜੀ ਨੂੰ ਸੰਧਾਰਾ ਦੇਣ ਤੁਰ ਪਈ। ਬਰਾਂਡੇ ਵਿੱਚ ਬੈਠੀ ਬੁੜੀ ਤੁਰਨ ਵੱਲੋਂ ਬੇਵੱਸ ਹੋਈ ਚੁੱਪ-ਚਾਪ ਉਹਨੂੰ ਜਾਂਦੀ ਨੂੰ ਦੇਖਦੀ ਰਹੀ।

ਕੁੜੀ ਦੇ ਸੁਹਰੇ ਮੋਗੇ ਦੇ ਕੋਲ ਲੰਡੇ ਕੇ ਸੀ । ਸੀਤੋ ਨੇ ਮੁੰਡੇ ਨੂੰ ਮੋਗੇ ਸ਼ਹਿਰ ਵਿੱਚ ਰੁੱਕ ਕੇ ਕੁਝ ਫਲ ਫਰੂਟ ਲੈਣ ਲਈ ਕਿਹਾ ਜਦੋਂ ਰੇਹੜੀ ਤੋਂ ਉਹ ਕੇਲੇ ਅਤੇ ਹੋਰ ਸਮਾਨ ਖਰੀਦਣ ਲੱਗੇ ਤਾਂ ਮੁੰਡੇ ਨੇ ਕਿਹਾ, “ਮੰਮੀ ਆਪਾਂ ਭੂਆਂ ਨੂੰ ਵੀ ਸੰਧਾਰਾ ਦੇ ਚੱਲਦੇ ਹਾਂ ਉਨ੍ਹਾਂ ਦਾ ਪਿੰਡ ਵੀ ਰਾਹ ਵਿੱਚ ਹੀ ਪੈਂਦਾ ਏ।” ਮੁੰਡੇ ਦੀ ਗੱਲ ਸੁਣ ਕੇ ਸੀਤੋ ਨੇ ਕਿਹਾ ਬਥੇਰਾ ਬੁੜਾ ਬੁੜੀ ਸੰਧਾਰਾ ਦੇ ਦੇ ਜਾਂਦੇ ਰਹੇ ਆ ਤੇਰੀ ਭੂਆ ਨੂੰ । ਹੁਣ ਸਾਰੀ ਉਮਰ ਇਨ੍ਹਾਂ ਦੇ ਸੰਧਾਰੇ ਕਿੱਥੋਂ ਦੇਈ ਜਾਈਏ। ਮੁੰਡਾ ਮਾਂ ਦੀ ਗੱਲ ਸੁਣ ਕੇ ਚੁੱਪ ਕਰ ਗਿਆ ਤੇ ਉਹ ਫਰੂਟ ਖਰੀਦ ਕੇ ਜਦੋਂ ਮੋਗਾ ਸ਼ਹਿਰ ਲੰਘ ਕੇ ਲਿੰਕ ਸੜਕ ‘ਤੇ ਚੜ੍ਹੇ ਤਾਂ ਮੁੰਡੇ ਨੇ ਕਾਫੀ ਟਾਇਮ ਬਾਦ ਚੁੱਪ ਤੋੜਦਿਆਂ ਕਿਹਾ , ” ਮੰਮੀ ਜਦੋਂ ਮੈਂ ਵਿਆਹਿਆ ਗਿਆ ਤੇ ਤੁਸੀਂ ਬੁੱਢੇ ਹੋ ਗਏ ਉਦੋਂ ਭੈਣ ਨੂੰ ਸੰਧਾਰਾ ਕੌਣ ਦੇਣ ਜਾਇਆ ਕਰੂ, ਤੁਸੀਂ ਵੀ ਹੁਣ ਹੁਣ ਦੇ ਲਉ ਜਿਹੜੇ ਸੰਧਾਰੇ ਦੇਣੇ ਆ ਕੁੜੀ ਨੂੰ।”  ਮੁੰਡੇ ਦੀ ਇਹ ਗੱਲ ਸੁਣ ਸੀਤੋ ਦੀਆਂ ਅੱਖਾਂ ਖੁੱਲ੍ਹ ਗਈਆਂ ਕਿ ਸਾਡਾ ਕੀ ਪਤਾ ਕਦੋਂ ਅੱਖਾਂ ਮੀਚ ਜਾਈਏ ਸਾਡੇ ਮਗਰੋਂ ਤਾਂ ਮੁੰਡੇ ਨੇ ਹੀ ਆਵਦੀ ਭੈਣ ਦੇ ਸੰਧਾਰੇ , ਦੀਵਾਲੀ , ਲੋਹੜੀਆਂ ਲੈ ਕੇ ਜਾਣੀਆਂ। ਉਹਨੇ ਮੁੰਡੇ ਨੂੰ ਆਪਣੇ ਭੂਆ ਦੇ ਪਿੰਡ ਵੱਲ ਮੋਟਰਸਾਈਕਲ ਮੋੜਨ ਲਈ ਕਿਹਾ, ਚੱਲ ਪੁੱਤ ਆਪਾਂ ਤੇਰੀ ਭੂਆ ਨੂੰ ਵੀ ਸਾਉਣ ਦਾ ਸੰਧਾਰਾ ਦੇ ਚੱਲਦੇ ਹਾਂ, ਵਿਚਾਰੀ ਉਡੀਕਦੀ ਹੋਣੀ ਆ।” ਮੁੰਡੇ ਨੇ ਮੋਟਰਸਾਈਕਲ ਭੂਆ ਕੇ ਪਿੰਡ ਵੱਲ ਮੋੜ ਲਿਆ।

ਸਤਨਾਮ ਸ਼ਦੀਦ ਸਮਾਲਸਰ

9914298580

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿਤਪੁਰ ਦੇ ਨੋਜਵਾਨਾਂ ਵਲੋਂ ਵਲੋਂ ਹੜ੍ਹ ਪੀੜਤਾਂ ਲਈ ਲਗਾਤਾਰ ਸੇਵਾ ਜਾਰੀ
Next articleਪਾਣੀ ਦੇ ਨਿਕਾਸ ਤੇ ਸੀਵਰੇਜ ਪ੍ਰਬੰਧਾਂ ਦੀ ਸਮੱਸਿਆ ਦੇ ਮੁਕੰਮਲ ਹੱਲ ਲਈ ਬਣੇਗੀ ਵਿਉਂਤਬੰਦੀ_ ਸੁਖਜੀਤ ਸਿੰਘ ਢਿੱਲਵਾਂ