(ਸਮਾਜ ਵੀਕਲੀ) ਭਾਰਤ ਵਿੱਚ ਹਰ ਸਾਲ 2 ਦਸੰਬਰ ਨੂੰ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਪਿਛੋਕੜ 1984 ‘ਚ ਹੋਏ ਭੋਪਾਲ ਦੁਖਾਂਤ ਨਾਲ ਜੁੜਿਆ ਹੋਇਆ ਹੈ। 1984 ‘ਚ ਭੋਪਾਲ ਵਿੱਚ ਇੱਕ ਕੀਟਨਾਸ਼ਕ ਪਲਾਂਟ ਤੋਂ ਲਗਭਗ 46 ਟਨ ਤੱਕ ਮਿਥਾਈਲ ਆਈਸੋਸਾਈਨੇਟ ਗੈਸ ਲੀਕ ਹੋ ਕੇ ਆਲੇ-ਦੁਆਲੇ ਫੈਲ ਗਈ ਸੀ ਜਿਸ ਕਾਰਨ ਹਜ਼ਾਰਾ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਕਈ ਲੋਕਾਂ ਨੂੰ ਭੋਪਾਲ ਛੱਡ ਕੇ ਜਾਣਾ ਪਿਆ। ਇਸ ਦਿਨ ਨੂੰ ਉਨ੍ਹਾਂ ਲੋਕਾਂ ਦੀ ਯਾਦ ‘ਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਭੋਪਾਲ ਦੁਖਾਂਤ ‘ਚ ਆਪਣੀ ਜਾਨ ਗਵਾ ਦਿੱਤੀ ਸੀ। ਸਾਡੇ ਦੇਸ਼ ਵਿੱਚ ਹਰ ਰੋਜ ਦੇਸ਼ ਫੈਲ ਰਹਿਆਂ ਪ੍ਰਦੂਸ਼ਣ ਮਨੁੱਖੀ ਜੀਵਨ ਅਤੇ ਜੀਵ ਜੰਤੂਆਂ ਲਈ ਸਭ ਤੋਂ ਵੱਡੀ ਅਲਾਮਤ ਹੈ। ਇੱਕ ਸਰਵੇਖਣ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਦੇਸ਼ਾਂ ਦਾ ਵਾਤਾਵਰਨ ਸਾਫ ਸੁਥਰਾ ਹੈ ਉਥੇ ਬਿਮਾਰ ਲੋਕਾਂ ਦੀ ਸੰਖਿਆ ਨਾ ਮਾਤਰ ਹੈ ਉਹ ਦੇਸ਼ ਖੁਦ ਤੰਦਰੁਸਤ ਹਨ, ਉਥੋਂ ਦੇ ਲੋਕ ਤੰਦਰੁਸਤ ਹਨ ਅਤੇ ਉਥੋਂ ਦਾ ਸਿਸਟਮ ਤੰਦਰੁਸਤ ਹੈ। ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਇਥੇ ਸਿਆਸਤ ਅਤੇ ਰਾਜਨੀਤੀ ਸਿਰਫ ਤੇ ਸਿਰਫ ਸੱਤਾ ਹਾਸਲ ਕਰਨ ਤੱਕ ਸਿਮਟ ਕੇ ਰਹਿ ਗਈ ਹੈ। ਇੱਕ ਵਾਰੀ ਝੂਠੇ ਵਾਅਦਿਆਂ ਨਾਲ ਹਾਸਿਲ ਕੀਤੀ ਸੱਤਾ ਤੋਂ ਬਾਅਦ ਸਭ ਮੁੱਦੇ ਮੁਰਦੇ ਬਣ ਜਾਂਦੇ ਹਨ ਭਾਵੇਂ ਉਹ ਮੁੱਦਾ ਗਰੀਬੀ ਦਾ ਹੋਵੇ, ਬੇਰੁਜ਼ਗਾਰੀ ਦਾ, ਮਹਿਗਾਈ ਦਾ ਜਾਂ ਫਿਰ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ਦਾ ਹੋਵੇ। ਅਗਰ ਸਰਕਾਰਾਂ ਨੇਕ ਦਿਲੀ ਅਤੇ ਸਮਾਜ ਸੇਵੀ ਭਾਵਨਾ ਨਾਲ ਕੰਮ ਕਰਨ ਤਾਂ ਕੁਝ ਵੀ ਅਸੰਭਵ ਨਹੀਂ ਹੈ ਪਰ ਅਫਸੋਸ ਕਿ ਸਾਡੇ ਦੇਸ਼ ਦੀ ਰਾਜਨੀਤੀ ਅਤੇ ਸਿਸਟਮ ਖੁਦ ਪ੍ਰਦੂਸ਼ਿਤ ਹੋ ਚੁੱਕਾ ਹੈ। ਕੇਂਦਰ ਸਰਕਾਰ ਦੇ ਇੱਕ ਮੰਤਰੀ ਜੋ ਕਿ ਖੁਦ ਇੱਕ ਡਾਕਟਰ ਵੀ ਹੈ, ਉਸਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਸੀ ਕਿ ਪ੍ਰਦੂਸ਼ਣ ਨੁਕਸਾਨਦਾਇਕ ਤਾਂ ਹੈ ,ਲੇਕਿਨ ਇਹ ਜਾਨਲੇਵਾ ਨਹੀਂ ਹੈ। ਪਰ ਅਸਲੀਅਤ ਇਸ ਤੋਂ ਬਿਲਕੁਲ ਵੱਖਰੀ ਹੈ ਪ੍ਰਦੂਸ਼ਣ ਸਿਹਤ ਲਈ ਹਾਨੀਕਾਰਕ ਵੀ ਹੈ ਤੇ ਜਾਨਲੇਵਾ ਵੀ ਇਸਦੇ ਬਹੁਤ ਸਾਰੇ ਸਬੂਤ ਉਪਲੱਬਧ ਹਨ। ਇੱਕ ਸਰਵੇਖਣ ਅਨੁਸਾਰ ਪ੍ਰਦੂਸ਼ਣ ਕਾਰਨ ਦੁਨੀਆਂ ਚ ਸਭ ਤੋਂ ਜ਼ਿਆਦਾ ਮੌਤਾਂ ਭਾਰਤ ਅਤੇ ਬੰਗਲਾਦੇਸ਼ ਵਿੱਚ ਹੁੰਦੀਆਂ ਹਨ। ਅੱਜ ਕੱਲ ਜ਼ਹਿਰੀਲੀ ਹਵਾ ਨੇ ਪੰਜਾਬ ਸਮੇਤ ਉਤਰੀ ਭਾਰਤ ਦੇ ਲੋਕਾਂ ਦਾ ਜੀਊਣਾ ਦੁੱਭਰ ਕੀਤਾ ਹੋਇਆ ਹੈ। ਸਿਆਸੀ ਲੋਕ ਆਪੋ ਆਪਣੀਆਂ ਸਿਆਸੀ ਪਾਰਟੀਆਂ ਲਈ ਲਾਹਾ ਲੈਣ ਲਈ ਨਿੱਤ ਨਵੇਂ ਬਿਆਨ ਦਾਗ ਰਹੇ ਹਨ। ਦਿੱਲੀ, ਪੰਜਾਬ , ਹਰਿਆਣਾ ਅਤੇ ਇਸਦੇ ਆਸ ਪਾਸ ਦੇ ਖੇਤਰਾਂ ‘ਚ ਛਾਈ ਜ਼ਹਿਰੀਲੀ ਧੁੰਦ ਸਭ ਨੂੰ ਇੱਕੋ ਜਿਹਾ ਪ੍ਰਭਾਵਤ ਕਰਦੀ ਹੈ। ਉਹ ਕਿਸੇ ਵੀ ਧਰਮ, ਜ਼ਾਤ ਜਾਂ ਕਿਸੇ ਸਿਆਸੀ ਦਲਾਂ ਦੇ ਸਮਰਥਕਾਂ ਨਾਲ ਭੇਦ-ਭਾਵ ਨਹੀਂ ਕਰਦੀ। ਕਿਤੇ ਨਾ ਕਿਤੇ ਜੀਵਨ ਅਤੇ ਮੌਤ ਨਾਲ ਜੁੜੇ ਇਸ ਮੁੱਦੇ ਨਾਲ ਸਿੱਝਣ ਲਈ ਰਾਜਨੀਤਕ ਇੱਛਾ ਸ਼ਕਤੀ ਦੀ ਕਮੀ ਦਿਖਾਈ ਦੇ ਰਹੀ ਹੈ। ਕੋਈ ਵੀ ਸਰਕਾਰ ਇਸ ਜਾਨਲੇਵਾ ਪ੍ਰਦੂਸ਼ਣ ਨਾਲ ਦੋ ਚਾਰ ਹੋਣ ਲਈ ਨਾ ਗੰਭੀਰਤਾ ਵਿਖਾ ਰਹੀ ਹੈ ਅਤੇ ਨਾ ਹੀ ਇਮਾਨਦਾਰੀ ਨਾਲ ਸੋਚ ਰਹੀ ਹੈ। ਧੁੰਦ ਅਤੇ ਪ੍ਰਦੂਸ਼ਿਤ ਹਵਾ ਨੇ ਲੋਕਾਂ ਲਈ ਮੁਸੀਬਤਾਂ ਖੜੀਆਂ ਕੀਤੀਆਂ ਹੋਈਆਂ ਹਨ। ਅਸੀਂ ਸਾਰੇ ਇਸਦਾ ਕਾਰਨ ਵੀ ਜਾਣਦੇ ਹਾਂ ਅਤੇ ਇਹ ਵੀ ਜਾਣਦੇ ਹਾਂ ਕਿ ਇਸ ਤੋਂ ਨਿਜਾਤ ਪਾਉਣ ਲਈ ਕਿਸ ਕਿਸਮ ਦੇ ਕਦਮ ਚੁੱਕਣ ਦੀ ਲੋੜ ਹੈ। ਦੇਸ਼ ਦੇ ਕਈ ਹਿੱਸਿਆਂ ਦੇ ਨਾਲ ਨਾਲ ਪੰਜਾਬ ਦੇ ਬਹੁਤ ਸਾਰੇ ਸ਼ਹਿਰ ਵੀ ਪ੍ਰਦੁਸ਼ਣ ਦੀ ਲਪੇਟ ਵਿਚ ਆ ਚੁੱਕੇ ਹਨ ਪੰਜਾਬ ਦਾ ਮੰਡੀ ਗੋਬਿੰਦਗੜ ਸ਼ਹਿਰ ਸਨਅਤੀ ਖੇਤਰ ਹੋਣ ਕਰਕੇ ਇਥੇ ਦਿਨੇ ਵੀ ਜ਼ਹਿਰੀਲੇ ਧੂੰਏਂ ਦੇ ਬੱਦਲ ਛਾਏ ਰਹਿੰਦੇ ਹਨ। ਇਥੋਂ ਲੰਘਣ ਵਾਲੇ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਥੇ ਰਹਿਣ ਵਾਲੇ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ। ਲੋਕਾ ਦੀਆ ਅੱਖਾਂ ਅਤੇ ਸਿਹਤ ਨੂੰ ਇਸ ਧੂੰਏ ਨੇ ਪ੍ਰਭਾਵਤ ਕੀਤਾ ਹੈ। ਪਾਰਕਾਂ ਵਿਚੋਂ ਬੱਚੇ ਘਰਾਂ ‘ਚ ਦੁਬਕ ਕੇ ਬੈਠ ਗਏ। ਸਕੂਲ ਜਾਣ ਵਾਲੇ ਬੱਚੇ ਵੀ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ । ਪਰ ਸਰਕਾਰਾਂ ਵਲੋਂ ਇਸ ਵੱਡੀ ਸਮੱਸਿਆਂ ਦੇ ਹੱਲ ਲਈ ਕੋਈ ਵੀ ਕਾਰਗਰ ਪ੍ਰਬੰਧ ਕਰਨ ਦਾ ਯਤਨ ਹੀ ਨਹੀਂ ਕੀਤਾ ਜਾਂਦਾ। ਸਾਡੀਆਂ ਸਰਕਾਰਾਂ ਦੀ ਪਹਿਲ ਹੀ ਕੁਝ ਹੋਰ ਹੁੰਦੀ ਹੈ ਜੋ ਕਿ ਸਿਰਫ ਸੱਤਾ ਹਾਸਲ ਕਰਨ ਲਈ ਵੋਟ ਬੈਂਕ ਤੱਕ ਸੀਮਤ ਹੋ ਕੇ ਰਹਿ ਗਈ ਹੈ। ਸਾਡੇ ਕੋਲ ਸਾਫ ਸੁਥਰੀ ਹਵਾ ਦੇ ਇੰਤਜ਼ਾਮ ਲਈ ਪੈਸਾ ਨਹੀਂ ਹੈ, ਇਵੇਂ ਲੱਗਦਾ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਗਿਰਵੀ ਰੱਖਣਾ ਚਾਹੁੰਦੇ ਹਾਂ। ਇਹੋ ਜਿਹੀ ਗੰਭੀਰ ਪ੍ਰਦੂਸ਼ਤ ਸਥਿਤੀ ਵਿੱਚ ਦਿਲਚਸਪ ਗੱਲ ਇਹ ਹੈ ਕਿ ਪ੍ਰਦੂਸ਼ਣ ਦੀ ਸਮੱਸਿਆਂ ਨੂੰ ਲੈ ਕੇ ਸਰਕਾਰਾਂ ਵੀ ਚੁੱਪ ਹਨ। ਹਵਾ ਪ੍ਰਦੂਸ਼ਣ ਤੋਂ ਪ੍ਰਭਾਵਿਤ ਦਿੱਲੀ, ਪੰਜਾਬ ਅਤੇ ਹਰਿਆਣਾ ਇੱਕ ਦੂਜੇ ਉੱਤੇ ਇਲਜ਼ਾਮ ਲਗਾਉਂਦੇ ਰਹਿੰਦੇ ਹਨ ਪਰ ਸਮੱਸਿਆ ਦੇ ਹੱਲ ਵਾਰੇ ਕਦੇ ਵੀ ਇਕੱਠਿਆਂ ਮੀਟਿੰਗ ਨਹੀਂ ਹੋ ਸਕੀ । ਪਰਾਲੀ ਸਾੜਨ ਦੇ ਮੁੱਦੇ ਤੇ ਇੱਕ ਮੰਤਰੀ ਨੇ ਇਹ ਕਹਿਕੇ ਇਕ ਨਵੀਂ ਚਰਚਾ ਛੇੜ ਦਿਤੀ ਹੈ ਕਿ ਇਹੋ ਜਿਹੀਆਂ ਕਿਹੜੀਆਂ ਹਵਾਵਾਂ ਹਨ ਜੋ ਚਾਰੇ ਪਾਸਿਓਂ ਆ ਕੇ ਸਿਰਫ ਦਿੱਲੀ ਵਿੱਚ ਹੀ ਥੰਮ ਜਾਂਦੀਆਂ ਹਨ ਉਨ੍ਹਾਂ ਨੇ ਸਵਾਲ ਕੀਤਾ ਕਿ ਪਰਾਲੀ ਤਾਂ ਇੱਕ ਮਹੀਨਾ ਹੀ ਸਾੜੀ ਜਾਂਦੀ ਹੈ ਪਰ ਦੇਸ਼ ਅਤੇ ਬਾਕੀ ਸੂਬਿਆਂ ਵਿੱਚ ਬਾਕੀ 11 ਮਹੀਨੇ ਪ੍ਰਦੂਸ਼ਣ ਕਿਥੋਂ ਆਉਂਦਾ ਹੈ? ਇਹ ਠੀਕ ਹੈ ਕਿ ਹਰ ਸਾਲ ਇਸ ਨਵੰਬਰ ਦੇ ਮਹੀਨੇ ਪਰਾਲੀ ਜਲਾਉਣ ਨਾਲ ਧੁੰਦ ਗੁਬਾਰ ਵਧਦਾ ਹੈ। ਇਹ ਨੁਕਸਾਨ ਦੇਹ ਵੀ ਹੈ। ਅਸਲ ਵਿੱਚ ਤਾਂ ਕੇਂਦਰ ਸਰਕਾਰ ਨੂੰ ਹਰਿਆਣਾ,ਦਿੱਲੀ,ਅਤੇ ਪੰਜਾਬ ਦੇ ਮੁੱਖ ਮੰਤਰੀਆਂ ਨਾਲ ਮਿਲ ਕੇ ਉਦਯੋਗਾਂ ਤੇ ਵਾਹਨਾਂ ਤੋਂ ਪ੍ਰਦੂਸ਼ਣ ਘਟਾਉਣ ਲਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ। ਬਿਨਾਂ ਸਰਕਾਰੀ ਆਗਿਆ ਤੋਂ ਚੱਲ ਰਹੀਆਂ ਫੈਕਟਰੀਆਂ ਤੇ ਕਾਰਵਾਈ ਹੋਵੇ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਸਾਰੇ ਉਦਯੋਗਿਕ ਇਕਾਈਆਂ ਦਾ ਪ੍ਰਦੂਸ਼ਣ ਲੈਵਲ ਸਮੇਂ ਸਮੇਂ ਸਿਰ ਚੈਕ ਕਰਨ ਦੀ ਕੋਸ਼ਿਸ਼ ਕਰਦਾ ਰਹੇ ਇਸ ਦੇ ਨਾਲ ਹੀ ਪਰਾਲੀ ਜਲਾਉਣ ਦਾ ਕੋਈ ਨਵਾਂ ਤੋੜ ਲੱਭਣਾ , ਡੀਜ਼ਲ, ਪੈਟਰੋਲ ਦੀ ਥਾਂ ਸੀ ਐਨ ਜੀ ਨੂੰ ਵਾਹਨਾਂ ‘ਚ ਵਰਤਣ ਲਈ ਜੋ ਵੀ ਰਣਨੀਤੀ ਤਿਆਰ ਕੀਤੀ ਗਈ ਹੈ, ਉਸ ਨੂੰ ਸਮਾਂ-ਬੱਧ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਹੀ ਵਾਯੂ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲ ਸਕੇਗੀ। ਦਹਾਕਿਆਂ ਤੋਂ ਪ੍ਰਦੂਸ਼ਣ ਅਤੇ ਇਸਦੇ ਭੈੜੇ ਅਸਰਾਂ ਦਾ ਲੋਕਾਂ ਦੀ ਸਿਹਤ ਅਤੇ ਵਾਤਾਵਰਨ ਉਤੇ ਪ੍ਰਭਾਵ ਪ੍ਰਤੀ ਸਰਕਾਰਾਂ ਦੀ ਉਦਾਸੀਨਤਾ ਲਗਾਤਾਰ ਦਿਖਾਈ ਦੇ ਰਹੀ ਹੈ। ਹਵਾ ਪ੍ਰਦੂਸ਼ਣ ਹੀ ਵੱਡੀ ਪੱਧਰ ਉਤੇ ਬਿਮਾਰੀਆਂ ਫੈਲਣ ਦਾ ਮੁੱਖ ਕਾਰਨ ਹੈ ਅਤੇ ਭਾਰਤ ਵਿੱਚ ਪ੍ਰਦੂਸ਼ਣ ਕਾਰਨ ਮੌਤ ਦੀ ਦਰ ਲਗਾਤਾਰ ਵੱਧਦੀ ਜਾ ਰਹੀ ਹੈ। ਹਵਾ ਪਾਣੀ ਅਤੇ ਧਰਤੀ ਦਾ ਪ੍ਰਦੂਸ਼ਣ ਸਮੁੱਚੀ ਕੁਦਰਤ ਲਈ ਇੱਕ ਖਤਰਾ ਬਣਕੇ ਖੜਾ ਦਿਖਾਈ ਦੇ ਰਿਹਾ ਹੈ। ਪ੍ਰਦੂਸ਼ਣ ਘੱਟ-ਆਮਦਨ ਅਤੇ ਦਰਮਿਆਨੀ ਆਮਦਨ ਦੇ ਲੋਕਾਂ ਦੀ ਆਰਥਿਕਤਾ ਅਤੇ ਸਿਹਤ ਲਈ ਵੱਡਾ ਭਾਰ ਹੈ। ਪਰ ਰਾਸ਼ਟਰੀ ਪੱਧਰ ਉਤੇ ਸਰਕਾਰਾਂ ਦਾ ਪ੍ਰਦੂਸ਼ਣ ਪ੍ਰਤੀ ਰੱਵਈਆ ਸਕਾਰਾਤਮਕ ਨਹੀਂ ਕਿਉਂਕਿ ਸਰਕਾਰਾਂ ਤਾਂ ਸਾਫ ਹਵਾ ਸਾਫ ਪਾਣੀ, ਸਾਫ ਧਰਤੀ ਦੇ ਏਜੰਡੇ ਤੋਂ ਮੁੱਖ ਮੋੜੀ ਬੈਠੀਆਂ ਹਨ ਅਤੇ ਰਾਜਨੀਤਕ ਪੱਧਰ ਉਤੇ ਬੱਸ ਸਿਰਫ ਸੱਤਾ ਲਈ ਸਿਆਸਤ ਕਰਨ ਦੇ ਰਾਹ ਪਈਆਂ ਹੋਈਆਂ ਹਨ। ਸਾਡੇ ਕਨੂੰਨ ਇੰਨੇ ਕਮਜ਼ੋਰ ਹਨ ਕਿ ਕੁਝ ਲੋਕ ਸੜਕਾਂ ਤੇ ਹੀ ਗੰਦ ਖਿਲਾਰਦੇ ਨਜ਼ਰ ਆਉਂਦੇ ਹਨ। ਗਲੀ ਮੁਹੱਲਿਆਂ ਵਿੱਚ ਅੱਗਾਂ ਲਾਕੇ ਧੂਆਂ ਪੈਦਾ ਕਰਨ ਵਾਲਿਆਂ ਨੂੰ ਕੋਈ ਵੀ ਰੋਕਣ ਵਾਲਾ ਨਹੀਂ। ਸਰਕਾਰਾਂ ਨੂੰ ਚਾਹੀਦਾ ਹੈ ਕਿ ਹਰ ਸ਼ਹਿਰ ਕਸਬੇ ਅਤੇ ਪਿੰਡ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਵਾਬਦੇਹੀ ਨਿਸ਼ਚਤ ਕਰੇ। ਜੇਕਰ ਪ੍ਰਦੂਸ਼ਣ ਦੇ ਮੁੱਦੇ ਤੇ ਸਰਕਾਰਾ ਅਤੇ ਲੋਕ ਹੁਣ ਵੀ ਸੁਚੇਤ ਨਾ ਹੋਏ ਅਤੇ ਪ੍ਰਦੂਸ਼ਣ ਇਸੇ ਰਫ਼ਤਾਰ ਨਾਲ ਵੱਧਦਾ ਰਿਹਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ



