(ਸਮਾਜ ਵੀਕਲੀ) 30 -32 ਸਾਲ ਹੋ ਗਏ।ਅਸੀਂ ਓਦੋਂ ਤੀਜੀ ਚ ਹੁੰਦੇ ਸੀ। ਉਹ ਆਪਣੇ ਨਾਨਕੇ ਘਰ ਰਹਿੰਦਾ ਸੀ। ਇਹ ਤਾਂ ਨਹੀਂ ਯਾਦ ਕਿ ਪੱਥਰ ਦੀ ਉਹ ਸਲੇਟ ਟੁੱਟੀ ਕਿਵੇਂ ਸੀ, ਪਰ ਨਾਲਦਿਆਂ ਦੇ ਕਹਿਣ ਤੇ ਉਸ ਨੇ ਮੇਰੀ ਸ਼ਿਕਾਇਤ ਮਾਸਟਰ ਜੀ ਕੋਲ ਜਰੂਰ ਲਾ ਦਿੱਤੀ ।ਜਦੋਂ ਮੈਂ ਮਾਸਟਰ ਜੀ ਕੋਲ ਗਿਆ ਤਾਂ ਮੇਰੀਆਂ ਲੱਤਾਂ ਕੰਬ ਰਹੀਆਂ ਸਨ। ਮਾਸਟਰ ਜੀ ਨੇ ਮੇਰਾ ਕੰਨ ਜੋਰ ਨਾਲ ਮਰੋੜਿਆ ਤੇ ਕਿਹਾ
” ਇਹਨੂੰ ਨਵੀਂ ਸਲੇਟ ਲਿਆ ਕੇ ਦੇਣੀ ਐ ਤੂੰ, ਆਵਦੇ ਪੈਸਿਆਂ ਦੀ”
“ਚੰਗਾ ਜੀ। ” ਮੇਰੇ ਮੂੰਹੋਂ ਮਸਾਂ ਨਿਕਲਿਆ ਸੀ।
” ਜਾਓ ਭੱਜ ਜਾਓ। ”
ਸਕੂਲ ਤੋਂ ਛੁੱਟੀ ਮਿਲਦੇ ਸਾਰ ਉਹ ਮੇਰੇ ਕੋਲ ਆਇਆ।ਮੈਂ ਮਿੰਨਤ ਕੀਤੀ ” ਬਾਈ ਬਣਕੇ ਘਰੇਂ ਨਾ ਦੱਸੀਂ। ”
ਅਸੀਂ ਸਿੱਧੇ ਦੁਕਾਨ ਤੇ ਗਏ।
” ਪੱਥਰ ਆਲੀ ਸਲੇਟ ਕਿੰਨੇ ਦੀ ਐ”
“ਸਾਢੇ ਪੰਜਾਂ ਦੀ ”
ਅਸੀਂ ਵਾਪਿਸ ਆ ਗਏ।
” ਤੂੰ ਆਂਏ ਕਰ ਬਸਤਾ ਰੱਖ ਕੇ ਆ।” ਉਸ ਦੇ ਦਿਮਾਗ ਵਿਚ ਕੋਈ ਸਕੀਮ ਸੀ। ਮੈਂ ਆਇਆ ਤਾਂ ਉਸ ਨੇ ਮੇਰਾ ਹੱਥ ਫੜਿਆ ਤੇ ਖੇਤਾਂ ਵੱਲ ਭੱਜ ਨਿਕਲਿਆ।ਸ਼ਾਮ ਤੱਕ ਫੰਬਾ ਫੰਬਾ ਕਰ ਕੇ ਨਰਮੇ ਦੀਆਂ ਸੁੱਕੀਆਂ ਛਟੀਆਂ ਚੋਂ ਨਰਮਾ ਚੁਗ ਕੇ ਅਸੀਂ ਲਿਫਾਫੇ ਭਰ ਲਏ। ਦੁਕਾਨ ਤੇ ਪਹੁੰਚ ਕੇ ਨਰਮਾ ਤੁਲਵਾਇਆ।
“ਸਵਾ ਛੀ ਦਾ ਹੋਗਿਆ ਕੀ ਲੈਣੈ ”
” ਸਲੇਟ ਦੇਦੇ ਸਾਢੇ ਪੰਜਾਂ ਆਲੀ”
“ਹੋਰ”
“ਬਾਰਾਂ ਆਨਿਆਂ ਦੀ ਗੱਚਕ ਦੇਦੇ ” ਉਹ ਬੋਲਿਆ।
ਹਨੇਰਾ ਕਾਫੀ ਹੋ ਗਿਆ ਸੀ। ਦੁਕਾਨ ਦੀਆਂ ਪੌੜੀਆਂ ਉਤਰਦਾ ਉਹ ਬੋਲਿਆ
“ਥੋਡੇ ਘਰੇਂ ਚੱਲਦੇਂ ਆਂ।”
ਉਹਨੂੰ ਆਵਦੀ ਮਾਮੀ ਤੋਂ ਬਹੁਤ ਡਰ ਲੱਗਦਾ ਸੀ। ਘਰ ਦੇ ਦਰਵਾਜ਼ੇ ਅੱਗੇ ਉਹਦੀ ਮਾਮੀ ਤੇ ਮੇਰੀ ਭੂਆ ਸ਼ਾਇਦ ਸਾਨੂੰ ਹੀ ਉਡੀਕ ਰਹੀਆਂ ਸੀ। ਅਸੀਂ ਡਰਦੇ ਡਰਦੇ ਅੱਗੇ ਵਧੇ। ਇਸ ਤੋਂ ਪਹਿਲਾਂ ਕਿ ਅਸੀਂ ਕੁਛ ਬੋਲਦੇ ਇੱਕ ਤੜਾਕ ਕਰਦਾ ਥੱਪੜ ਉਸਦੀ ਗੱਲ਼ ਤੇ ਛਪ ਗਿਆ।
“ਕਿਧਰੋਂ ਆਏਂ ਓਂ ਧੱਕੇ ਖਾ ਕੇ। ਨਾ ਚਾਹ ਪੀਤੀ ਐ ਨਾ ਰੋਟੀ ਖਾਦੀ ਐ ਤੜਕੇ ਦੀ।”
ਦੋਹੇਂ ਟੱਬਰ ਵਾਹਵਾ ਪ੍ਰੇਸ਼ਾਨ ਲੱਗਦੇ ਸੀ।
“ਹੋਰ ਨਾ ਮਾਰੀਂ ਭਾਬੀ।” ਭੂਆ ਨੇ ਉਸਨੂੰ ਬੁੱਕਲ ਵਿੱਚ ਲੈ ਲਿਆ।
“ਚਲੋ ਖਾਓ ਰੋਟੀ। ਦੇਖ ਕਿਵੇਂ ਹੱਥ ਬਰਫ ਵਰਗੇ ਹੋਏ ਐ, ਸੇਕ ਲੋ ਪਹਿਲਾਂ।”
ਰੋਟੀ ਖਾ ਕੇ ਜਦੋਂ ਸਾਰੀ ਗੱਲ ਦੱਸੀ ਤਾਂ ਭੂਆ ਤੇ ਮਾਮੀ ਸਣੇ ਸਾਰਿਆਂ ਦੀਆਂ ਅੱਖਾਂ ਚੋਂ ਪਰਲ ਪਰਲ ਹੰਝੂ ਵਹਿ ਤੁਰੇ।
ਗੁਰਦੀਪ ਕੌਰੇਆਣਾ।
9915013953
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly