ਪੱਥਰ

ਜਗਮੋਹਣ ਕੌਰ 
(ਸਮਾਜ ਵੀਕਲੀ)  ਇਹ ਗੱਲ 1992-93 ਦੀ ਹੈ  ਜਦੋਂ ਮੈਂ ਕੰਨਿਆ ਸਕੂਲ ਵਿੱਚ ਦਸਵੀਂ ਜਮਾਤ ਦੀ ਵਿਦਿਆਰਥਣ ਸੀ ।ਸਾਡੇ ਸਕੂਲ ਵਿੱਚ ਇੱਕ ਮੈਥ ਦਾ ਅਧਿਆਪਕ ਹੁੰਦਾ ਸੀ ।ਮੈਂ ਹੁਣ ਉਨ੍ਹਾਂ ਦਾ ਨਾਮ ਤਾਂ ਨਹੀਂ ਲਿਖ ਸਕਦੀ।ਪੜਾਉਂਦੇ ਬੇਸ਼ੱਕ ਉਹ ਬਹੁਤ ਵਧੀਆ ਸਨ ਪਰ ਉਸ ਨੂੰ ਇੱਕ ਮਾੜੀ ਬਿਮਾਰੀ ਸੀ ਕਿ ਸਾਰੇ ਬੱਚੇ ਉਸ ਦੇ ਘਰ ਸਕੂਲ ਟਾਈਮ ਤੋਂ ਬਾਅਦ ਟਿਊਸ਼ਨ ਪੜ੍ਹਨ ਆਉਣ।ਨਹੀਂ ਤਾਂ ਉਹ ਸਕੂਲ ਪੀਰੀਅਡ ਵਿੱਚ ਵੀ ਕੰਮ ਨਹੀਂ ਕਰਵਾਏਗਾ।
ਸ਼ੁਰੂ ਤੋਂ ਹੀ ਮੈਂ ਜਮਾਤ ਦੀ ਮਨੀਟਰ ਰਹੀ ਸੀ ਤੇ ਪੜ੍ਹਾਈ ਵਿੱਚ ਵੀ ਕਾਫੀ ਹੁਸ਼ਿਆਰ ਸੀ ਪਰ ਟਿਊਸ਼ਨ ਵਾਲੀ ਗੱਲ ਨੇ ਨਵਾਂ ਪੰਗਾ ਖੜਾ ਕਰ ਦਿੱਤਾ।
ਘਰੇ ਜਾ ਕੇ ਟਿਊਸ਼ਨ ਦੀ ਗੱਲ ਕੀਤੀ ਤਾਂ ਘਰ ਦੇ ਕਹਿਣ ਤੈਨੂੰ ਟਿਊਸ਼ਨ ਦੀ ਕੀ ਲੋੜ ਆ? ਮਜਬੂਰੀ ਵਸ ਦੱਸਣਾ ਪਿਆ ਕੇ ਸਾਨੂੰ ਮਾਸਟਰ ਜੀ ਜਮਾਤ ਤੋਂ ਬਾਹਰ ਕੱਢ ਦਿੰਦੇ ਤੇ ਸਿਰਫ ਟਿਊਸ਼ਨ ਵਾਲੇ ਬੱਚਿਆਂ ਨੂੰ ਹੀ ਕੰਮ ਕਰਾਉਂਦੇ ਨੇ।
ਇੱਕ ਦਿਨ ਤਾਂ ਹੱਦ ਹੀ ਹੇ ਗਈ ਜਦੋਂ ਅਸੀਂ ਜਮਾਤ ਤੋਂ ਬਾਹਰ ਬੈਠੇ ਕੰਮ ਕਰ ਰਹੇ ਸੀ ਤਾ ਮਾਸਟਰ  ਜੀ ਆ ਕੇ ਕਹਿੰਦੇ  ਤੁਹਾਡੀ ਥਾਂ ਤੇ ਕੋਈ ਪੱਥਰ ਜੰਮ ਪੈਦਾ ਕਿਤੇ ਕੰਮ ਤਾਂ ਆ ਜਾਂਦਾ, ਉਸ ਦਿਨ ਮੈਂ ਘਰ  ਤੱਕ ਰੋਦੀ ਗਈ ਤੇ ਬੇਬੇ ਨੂੰ ਜਾ ਘੁੱਟ ਕੇ ਜੱਫੀ ਪਾ ਉੱਚੀ ਉੱਚੀ ਰੋਣ ਲੱਗ ਪਈ,ਜਦੋਂ ਮਨ ਕੁੱਝ ਹਲਕਾ ਹੋਇਆ ਤਾ ਸਾਰੀ ਗੱਲ ਬੇਬੇ ਨੂੰ ਦੱਸੀ।ਬੇਬੇ ਤੇ ਇਕ ਰੰਗ ਆਵੇ ਇੱਕ ਜਾਵੇ,ਕਿਉਂਕਿ ਸਕੂਲ ਛੁੱਟੀ ਹੋ ਚੁੱਕੀ ਸੀ।
ਦੂਜੇ ਦਿਨ ਬੇਬੇ ਮੇਰੇ ਨਾਲ ਸਕੂਲ ਗਏ ।ਦਫਤਰ ਚ ਬਹਿ ਗਏ।ਪ੍ਰੇਅਰ ਤੋਂ ਬਾਅਦ ਪ੍ਰਿੰਸੀਪਲ ਮੈਡਮ ਨੇ ਸਰ ਨੂੰ ਬੁਲਾ ਲਿਆ ਤੇ ਨਾਲ ਹੀ 15 ਕੁੜੀਆਂ ਨੂੰ ਜੋ ਟਿਊਸ਼ਨ ਨਹੀਂ ਪੜਦੀਆਂ ਸਨ। ਸਰ ਨੂੰ ਸਾਰੀ ਗੱਲ ਪੁੱਛੀ ਪਰ ਉਹ ਇਸ ਗੱਲ ਤੇ ਨਾ ਆਉਣ ਵੀ ਮੈਂ ਇਨ੍ਹਾਂ ਨੂੰ ਬਾਹਰ ਕੱਢਦਾ ਜਾਂ ਕੰਮ ਨਹੀਂ ਕਰਾਉਂਦਾ।ਬੇਬੇ ਕਹੇ ਵੀ ਇੱਕ ਬੱਚਾ ਝੂਠ ਬੋਲ ਸਕਦਾ 15 ਕੁੜੀਆਂ ਥੋੜ੍ਹਾ ਝੂਠ ਬੋਲਣਗੀਆ। ਮੈਡਮ ਨੇ ਸਾਡੀਆਂ ਹਿਸਾਬ ਦੀਆਂ ਕਾਪੀਆਂ ਮੰਗਵਾ ਲਈਆਂ ਸਰ ਦੇ ਕਿਤੇ ਵੀ ਸਾਈਨ ਨਹੀਂ ਸੀ।
ਬੇਬੇ ਪੂਰੇ ਗੁੱਸੇ ਚ ਬੋਲੇ ਦੇਖ ਭਾਈ ਪੜ੍ਹਾਈ ਦਾ ਤਾਂ ਇਹ ਭੈਣ ਜੀ ਦੇਖਣਗੇ ਪਰ ਖਬਰਦਾਰ ਮੇਰੀ ਪੋਤੀ ਨੂੰ ਪੱਥਰ ਕਿਹਾ ਤਾਂ, ਅਸੀਂ ਤਾਂ ਫੁੱਲਾਂ ਤੋ ਵਧ ਪਿਆਰੀਆਂ ਰੱਖੀਆਂ ਹੋਈਆਂ ਨੇ ਆਪਣੀਆਂ ਕੁੜੀਆਂ। ਪ੍ਰਿੰਸੀਪਲ ਮੈਡਮ ਦੇ ਕਹਿਣ ਤੇ ਸਰ ਨੇ ਸਾਨੂੰ ਕਲਾਸ ਚ ਬਿਠਾਉਣਾ ਸ਼ੁਰੂ ਕਰ ਦਿੱਤਾ ਤੇ ਕੁੱਝ ਦਾਦੀ ਜੀ ਦਾ ਡਰ ਵੀ ਹੋਊ।
ਅੱਜ ਜਦੋਂ ਮੈਂ ਆਪ ਅਧਿਆਪਕ ਹਾਂ ਤਾਂ ਸਰ ਤਾਂ ਮੈਨੂੰ ਮਿਲਦੇ ਨੇ ,ਬਜਾਰ ਚ, ਬੈਂਕ ਚ ਤੇ ਕਈ ਹੋਰ ਥਾਵਾਂ ਤੇ।
ਮੇਰੇ ਹਸਬੈਂਡ ਦੇ ਸਾਹਮਣੇ ਕਹਿਣਗੇ ਕਿ ਮੇਰੀ ਬੈਸਟ ਸਟੂਡੈਂਟ ਰਹੀ ਆ ਇਹ ,ਮੈਂ ਚੁੱਪ ਕਰ ਕੇ 28-29 ਸਾਲ ਪਿੱਛੇ ਚਲੀ ਜਾਦੀ ਆ ਤੇ ਮੇਰੇ ਜਿਹਨ ਚ ਉਹੀ ਮੇਰੀ ਦਾਦੀ  ਦਾ ਪਿਆਰਾ ਜਾ ਚਿਹਰਾ ਘੁੰਮ ਜਾਂਦਾ ਕਿ ਜੇ ਦਾਦੀ ਸਕੂਲ ਨਾ ਜਾਂਦੀ ਤਾਂ ਮੈਂ ਤਾਂ ਜਮਾਤ ਦੇ ਬਾਹਰ ਹੀ ਬੈਠਣਾ ਸੀ।
ਬਹੁਤ ਯਾਦ ਆਉਂਦੀ ਆ ਬੇਬੇ ਦੀ ਭਾਵੇਂ ਉਹ 1996 ਚ ਸ਼ਰੀਰਕ ਤੋਰ ਤੇ ਸਾਡੇ ਤੋ ਵਿਛੜ ਗਏ ਪਰ ਯਾਦਾਂ ਚ ਹਮੇਸ਼ਾ ਜ਼ਿੰਦਾ ਰਹਿਣਗੇ ਇੱਕ ਹੋਰ ਬੇਨਤੀ ਹੈ ਕਿ ਅਸੀਂ ਸਾਰੇ ਵਧੀਆ ਅਧਿਆਪਕ ਬਣੀਏ ਨਾ ਕਿ ਉਸ ਹਿਸਾਬ ਅਧਿਆਪਕ ਵਰਗੇ।।
    ਜਗਮੋਹਣ ਕੌਰ 
    ਬੱਸੀ ਪਠਾਣਾਂ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article“ਨਾਂ”, “ਭਾ ਜੀ” ਅਤੇ ਊੜੇ ਨੂੰ ਹੋੜੇ ਦੀ ਮਾਤਰਾ ਵਾਲੇ ਸ਼ਬਦ
Next articleਅਨੋਖਾ ਚੋਰ