(ਸਮਾਜ ਵੀਕਲੀ)
ਲਿਆ ਧੀਏ ਰੋਟੀ, ਅੱਜ ਤਾਂ ਭੁੱਖ ਵੀ ਡਾਹਡੀ ਲੱਗੀ ਏ, ਮਾੜਾ ਜਿਹਾ ਗੇੜਾ ਕਾਹਦਾ ਕੱਢ ਕੇ ਆਈ, ਸਾਹੋ ਸਾਹੀ ਹੋ ਗਈਂ ਆਂ, ਹੱਥ ਚ ਖੂੰਡੀ ਫੜ੍ਹੀ ਬਾਹਰਲਾ ਦਰਵਾਜ਼ਾ ਅੰਦਰ ਵੜਦਿਆਂ ਈਂ ਮਾਸੀ ਮੀਣੀ ਨੇ ਆਪਣੀ ਧੀ ਨੂੰ ਆਵਾਜ਼ ਮਾਰ ਕੇ ਆਖਿਆ, ਜੋ ਆਪਣੀ ਧੀ ਕੋਲ ਕੁਝ ਚਿਰ ਤੋਂ ਪੱਕੇ ਈ ਡੇਰੇ ਲਾਈ ਬੈਠੀ ਸੀ ।
ਬੇਬੇ ਅੱਜ ਕਿੱਧਰ ਚਲੇ ਗਏ ਸੀ ? ਮੈਂ ਕਦੋਂ—- ਦੀ ਰੋਟੀ ਪਾ ਕੇ ਉਡੀਕੀ ਜਾਨੀ ਆਂ ? ਅੱਗੋਂ ਧੀ ਨੇ ਹੈਰਾਨੀ ਨਾਲ ਪੁੱਛਿਆ।
ਧੀਏ ਜਾਣਾ ਕਿੱਧਰ ਸੀ, ਆਹ ਨਾ ਢਿੱਡ ਚ ਔਂਤਰਾਂ ਚਾਰ ਪੰਜ ਦਿਨ ਤੋਂ, ਦਵਾਈ ਖਾਣ ਨਾਲ ਗੁਬਾਰ ਜਿਹਾ ਬਣਿਆ ਪਿਆ ਸੀ, ਨਾ ਕਿਸੇ ਕੋਲ ਬੈਠੀ ਤੇ ਨਾਂ ਹੀਂ ਕੋਈ ਗੱਲ ਕੀਤੀ, ਅੱਜ ਵਾਹਵਾ ਭਾਨੋ ਮਿਲ ਗਈ, ਉਹਦੇ ਕੋਲ ਘੜੀ ਬੈਠੀ ਰਹੀ ਆਂ ਤੇ ਨਾਲੇ ਜਬਾਨ ਸਰਖਲੀ ਹੋ ਗਈ ਆ, ਮਾਸੀ ਮੀਣੀ ਨੇ ਅੱਗੋਂ ਉੱਤਰ ਦਿੱਤਾ ।
ਆਹ ਲਉ ਫੜੋ ਰੋਟੀ ਖਾਉ, ਐਨੀ ਦੂਰ ਨਾ ਜਾਇਆ ਕਰੋ, ਧੀ ਨੇ
ਰੋਟੀ ਫੜਾਉਂਦੀ ਹੋਈ ਨੇ ਕਿਹਾ।
ਅਜੇ ਮਾਸੀ ਮੀਣੀ ਨੇ ਰੋਟੀ ਖਾਕੇ ਜੂਠੇ ਭਾਂਡੇ ਮੰਜੇ ਦੇ ਥੱਲੇ ਰੱਖੇ ਈ ਸੀ ਕਿ ਬਾਹਰੋਂ ਭਾਨੋ ਦੇ ਨੁੰਹ ਤੇ ਪੁੱਤ ਆਪਸ ਵਿੱਚ ਲੜਦੇ ਹੋਏ ਦੋਵੇਂ ਜੀਅ ਉੱਚੀ ਉੱਚੀ ਰੌਲਾ ਪਾਉਂਦੇ ਹੋਏ ਗੇਟੋਂ ਅੰਦਰ ਆ ਗਏ,
ਕੀ ਹੋਇਆ —- ਕੀ ਹੋਇਆ–ਘਰ ਦੀ ਮਾਲਕਿਨ ਨੇ ਬਾਹਰ ਆ ਕੇ ਹੈਰਾਨੀ ਨਾਲ ਉਹਨਾਂ ਨੂੰ ਪੁੱਛਿਆ ? ਹੋਣਾ ਕੀ ਸੀ ਆਪਣੀ ਮਾਂ ਨੂੰ ਪੁੱਛ, ਸਾਡੇ ਘਰੇ ਕੀ ਫਸਾਦ ਪਾ ਕੇ ਆਈ ਆ ? ਜੇ ਇਹਦੀ ਜੁਬਾਨ ਚੰਗੀ ਹੁੰਦੀ, ਤਾਂ ਆਪਣੇ ਘਰੇ ਨੁੰਹਾਂ ਨਾਲ ਨਾ ਬਣਾ ਕੇ ਰੱਖਦੀ, ਇਹਨੂੰ ਉਹਨੂੰ ਨੇ ਘਰੋਂ ਈਂ ਕੱਢਣਾ ਸੀ?
(ਮਾਸੀ ਮੀਣੀ ਨੂੰ )ਮੀਣੀਏ ਜਹੀਏ ਸਾਡੇ ਘਰੇ ਕੀ ਚੰਦ ਚੜ੍ਹਾ ਕੇ ਆਈਂ ਆਂ ? ਕੀ ਕੀ ਇਹਨੂੰ ਲੂਤੀਆਂ ਲਾ ਕੇ ਆਈਂ ਆਂ ? ਕੀ ਕਹਿੰਨੀ ਆਂ ਮੇਰੀ ਘਰਵਾਲੀ ਨੂੰ ? ਤੈਨੂੰ ਇਹਨਾਂ ਨੇ ਨੌਕਰਾਣੀ ਬਣਾ ਕੇ ਰੱਖਿਆ ਹੋਇਆ ? ਇਹ ਤੇਰੀ ਕਦਰ ਨਹੀਂ ਕਰਦੇ, ਇਹਨੂੰ ਕਹਿੰਨੀ ਆਂ ਤੂੰ ਇਹਨਾਂ ਦੀ ਗੋ-ਲੀ ਲੱਗੀ ਹੋਈਂ ਆਂ, ਸਾਰਾ ਦਿਨ ਗੋਹਾ ਕੂੜਾ ਤੂੰ ਕਰਦੀਂ ਆਂ ?
ਵੇਖ ਮਾਸੀ ਤੇਰਾ ਲੋਕਾਂ ਨੇ ਨਾਂ ਐਵੇਂ ਨਹੀਂ ਮਾਸੀ ਮੀਣੀ ਪਾਇਆ, ਬੱਸ ਇਨ੍ਹਾਂ ਕਰਤੂਤਾਂ ਕਰਕੇ ਪਾਇਆ, ਆਪਣਾ ਘਰ ਤਾਂ ਤੈਥੋਂ ਵਸਾਇਆ ਨਹੀਂ ਗਿਆ, ਧੀ ਦੇ ਬੂਹੇ ਬੈਠੀ ਆਂ, ਤੈਨੂੰ ਸ਼ਰਮ ਆਉਣੀ ਚਾਹੀਦੀ ਐ, ਲੋਕਾਂ ਦੇ ਘਰਾਂ ਚ ਪੁਆੜੇ ਪਾ ਕੇ ਤੂੰ ਸੁੱਖ ਪਾ ਲਏਂਗੀ ? ਕਿਸੇ ਦਾ ਬੁਰਾ ਨਾ ਕਰਿਆ ਕਰ, ਸਗੋਂ ਜੇ ਹੋ ਸਕੇ ਤਾਂ ਭਲਾ ਕਰਿਆ ਕਰ,
ਤੇ ਤੂੰ (ਆਪਣੀ ਘਰਵਾਲੀ ਨੂੰ) ਸੁਣ ਲਾ ਕੰਨ ਖੋਲ੍ਹ ਕੇ, ਇਹੋ ਜਿਹੀਆਂ ਦੀਆਂ ਗੱਲਾਂ ਨਾ ਸੁਣਿਆ ਕਰ, ਇਹੋ ਜਿਹੀਆਂ ਲੋਕਾਂ ਦੇ ਘਰਾਂ ਵਿੱਚ ਅੱਗ ਲਾ ਕੇ ਤਮਾਸ਼ਾ ਵੇਖਦੀਆਂ ਨੇ, ਉਹਤਾਂ ਤੂੰ ਗੱਲ ਸੁਣੀ ਹੋਣੀ ਆਂ ਨਾਂ, ਬਈ ਪਿੰਡ ਨੂੰ ਲੱਗੀ ਤੇ ਅੱਗ ਕੁੱਤਾ ਕੰਧ ਤੇ, ਪਤੀ ਨੇ ਪਤਨੀ ਦਾ ਹੱਥ ਫੜਿਆ ਤੇ ਸਮਝਾਉਂਦਾ ਹੋਇਆ ਬਾਹਰ ਗੇਟ ਵੱਲ ਨੂੰ ਲੈ ਤੁਰਿਆ । ਮਾਸੀ ਮੀਣੀ ਗੁੰਮ ਸੁੰਮ ਹੋਈ ਚੁੱਪ ਚਪੀਤੀ ਮੂੰਹ ਚ ਬੁੜ ਬੁੜ ਕਰਦੀ ਹੋਈ ਅੰਦਰ ਵੱਲ ਨੂੰ ਹੋ ਤੁਰੀ, ( ਸਮਾਪਤ )
ਵੀਰ ਸਿੰਘ ਵੀਰਾ
ਪੰਜਾਬੀ ਲਿਖਾਰੀ ਸਾਹਿਤ ਸਭਾ
ਪੀਰ ਮੁਹੰਮਦ ਤੋਂ 9855069972
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly