ਆਪਣੀ ਔਕਾਤ ਵਿੱਚ ਰਹੋ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

 (ਸਮਾਜ ਵੀਕਲੀ)  ਇਹ ਟਰੱਕਾਂ ਵਾਲੇ ਵੀ ਬੜੇ ਅਜੀਬ ਹੁੰਦੇ ਹਨ। ਬੇਸ਼ਕ ਇਹਨਾਂ ਵਿੱਚੋਂ ਬਹੁਤ ਸਾਰੇ ਪੜੇ ਲਿਖੇ ਨਹੀਂ ਹੁੰਦੇ ਫੇਰ ਵੀ ਆਪਣੇ ਟਰੱਕਾਂ ਦੀ ਬਾਡੀ ਤੇ ਜੋ ਇਹ ਲਿਖਵਾਉਂਦੇ ਹਨ ਉਹਨਾਂ ਵਿੱਚੋਂ ਤਾਂ ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਹੁੰਦੀਆਂ ਹਨ। ਇਸੇ ਤਰੀਕੇ ਨਾਲ ਇੱਕ ਵਾਰ ਮੈਂ ਟਰੱਕ ਦੇ ਬਾਹਰ ਲਿਖਿਆ ਹੋਇਆ ਦੇਖਿਆ,,, ਆਪਣੀ ਔਕਾਤ ਵਿੱਚ ਰਹੋ,,, ਪੜ ਕੇ ਮੇਰਾ ਸਿਰ ਚਕਰਾ ਗਿਆ। ਇਸ ਲਿਖਾਵਟ ਵਿੱਚ ਜਿੰਦਗੀ ਦਾ ਫਲਸਫਾ ਲੁਕਿਆ ਹੋਇਆ ਸੀ। ਇਸ ਉਪਰ ਕਿਤਨੀ ਵੀ ਰਿਸਰਚ ਕੀਤੀ ਜਾ ਸਕਦੀ ਹੈ। ਸਿੱਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ। ਉਪਦੇਸ਼ ਦਿੱਤੇ ਜਾ ਸਕਦੇ ਹਨ। ਆਖਿਰਕਾਰ ਇਸ ਦੁਨੀਆ ਵਿੱਚ ਸਾਰਾ ਰੌਲਾ ਹੀ ਔਕਾਤ ਦਾ ਹੈ। ਇੱਥੇ ਸਾਰੇ ਦੂਜੇ ਨੂੰ ਉਸ ਦੀ ਔਕਾਤ ਦੱਸਣ ਵਿੱਚ ਲੱਗੇ ਹੋਏ ਹਨ। ਕੋਈ ਵੀ ਆਪਣੀ ਔਕਾਤ ਨੂੰ ਧਿਆਨ ਵਿੱਚ ਨਹੀਂ ਰੱਖਦਾ। ਇਕ ਤਾਕਤਵਰ ਆਦਮੀ ਕਮਜ਼ੋਰ ਆਦਮੀ ਨੂੰ ਉਸ ਦੀ ਔਕਾਤ ਦਿਖਾ ਰਿਹਾ ਹੈ, ਜਦੋਂ ਕਿ ਉਸ ਤੋਂ ਜਿਆਦਾ ਤਾਕਤਵਰ ਆਦਮੀ ਉਸ ਨੂੰ ਹੀ ਕੁਝ ਦੀ ਔਕਾਤ ਦਿਖਾ ਦਿੰਦਾ ਹੈ। ਇਕ ਭਿਖਾਰੀ ਨੇ ਇੱਕ ਸੇਠ ਨੂੰ ਭੀਖ ਮੰਗਦੇ ਹੋਏ ਕਿਹਾ,,,, ਪਰਮਾਤਮਾ ਤੁਹਾਡਾ ਭਲਾ ਕਰੇ, ਇਕ ਰੁਪਆ ਹੀ ਦੇ ਦਿਓ, ਸੇਠ ਜੀ,,,,। ਸੇਠ ਨੇ ਜਵਾਬ ਦਿੱਤਾ,, ਘੱਟੋ ਘੱਟ ਮੇਰੀ ਔਕਾਤ ਦੇਖ ਕੇ ਤਾਂ ਭੀਖ ਮੰਗ,,,,,। ਇਸ ਤੇ ਭਿਖਾਰੀ ਨੇ ਕਿਹਾ,,,, ਅੱਛਾ! ਸੇਠ ਜੀ ਫੇਰ ਇੱਕ 100 ਰੁਪਏ ਹੀ ਦੇ ਦਿਓ,, ਪਰਮਾਤਮਾ ਤੁਹਾਡਾ ਭਲਾ ਕਰੇ,,,,,। ਇਹ ਸੁਣਕੇ ਸੇਠ ਜੀ ਨੇ ਭਿਖਾਰੀ ਨੂੰ ਕਿਹਾ,,,, ਮੇਰੇ ਤੋਂ ਇਹਨਾਂ ਮੰਗਣ ਤੋਂ ਪਹਿਲਾਂ ਆਪਣੀ ਔਕਾਤ ਤਾਂ ਦੇਖ,,,,। ਆਦਮੀ ਨੂੰ ਹਮੇਸ਼ਾ ਆਪਣੀ ਔਕਾਤ ਦੇਖ ਕੇ ਹੀ ਕਦਮ ਚੁੱਕਣਾ ਚਾਹੀਦਾ ਹੈ। ਕਿਸੇ ਦੀ ਔਕਾਤ ਜਾਣਨ ਤੋਂ ਪਹਿਲਾਂ ਉਸ ਦਾ ਗੱਲਬਾਤ ਕਰਨ ਦਾ ਤਰੀਕਾ, ਉਸ ਦਾ ਵਿਹਾਰ, ਉਸਦੀ ਪੁਸ਼ਾਕ ਅਤੇ ਪਰਿਵਾਰਿਕ ਬੈਂਕ ਗਰਾਊਂਡ ਜਰੂਰ ਦੇਖਣਾ ਚਾਹੀਦਾ ਹੈ। ਕਈ ਵਾਰ ਕੁਝ ਲੋਕ ਆਪਣੇ ਔਕਾਤ ਦੇ ਮੁਕਾਬਲੇ ਜਿਆਦਾ ਜਾਂ ਘੱਟ ਔਕਾਤ ਵਾਲੇ ਬੰਦੇ ਨਾਲ ਮਿੱਤਰਤਾ ਕਰ ਲੈਦੇ ਹਨ, ਲੇਕਿਨ ਅੱਜ ਕੱਲ ਨਿਸਵਾਰਥ ਤਾਲੁਕਾਤ ਤਾਂ ਹੁੰਦੇ ਹੀ ਨਹੀਂ। ਇਸ ਲਈ ਔਕਾਤ ਤੋਂ ਹਟ ਕੇ ਮਿੱਤਰਤਾ ਕਦੇ ਵੀ ਟਿਕਾਊ ਨਹੀਂ ਹੋ ਸਕਦੀ। ਕਈ ਵਾਰ ਲੋਕ ਆਪਣੀ ਔਕਾਤ ਤੋਂ ਜਿਆਦਾ ਉੱਚੇ ਘਰਾਂ ਵਿੱਚ ਆਪਣੀਆਂ ਕੁੜੀਆਂ ਦਾ ਰਿਸ਼ਤਾ ਤਾਂ ਕਰ ਲੈਂਦੇ ਹਨ ਲੇਕਿਨ ਇਹ ਰਿਸ਼ਤਾ ਜਿਆਦਾ ਦੇਰ ਟਿਕ ਨਹੀਂ ਪਾਉਂਦਾ। ਸਿਆਸੀ ਲੀਡਰਾਂ ਨੂੰ ਦੇਖੋ। ਚੋਣ ਲੜਨ ਤੋਂ ਪਹਿਲਾਂ ਉਹਨਾਂ ਦੀ ਕੋਈ ਔਕਾਤ ਨਹੀਂ ਹੁੰਦੀ। ਲੇਕਿਨ ਚੋਣਾਂ ਜਿੱਤਣ ਤੋਂ ਬਾਅਦ ਉਹਨਾਂ ਦੇ ਵਾਰੇ ਨਿਆਰੇ ਹੋ ਜਾਂਦੇ ਹਨ। ਸਰਕਾਰੀ ਅਫਸਰ, ਲੋਕਾਂ ਦੀ ਭੀੜ ਉਹਨਾਂ ਦੇ ਅੱਗੇ ਪਿੱਛੇ ਭਜਦੀ ਹੈ। ਜਿਨਾਂ ਵੋਟਰਾਂ ਨੇ ਉਹਨਾਂ ਨੂੰ ਵੋਟ ਦੇ ਕੇ ਜਿਤਵਾਇਆ ਹੁੰਦਾ ਹੈ ਉਹਨਾਂ ਨਾਲ ਗੱਲ ਬਾਤ ਕਰਨ ਦੀ ਵੀ ਉਹਨਾਂ ਕੋਲ ਫੁਰਸਤ ਨਹੀਂ ਹੁੰਦੀ। ਤਾਹੀਓ ਤਾਂ ਇਹੋ ਜਿਹੇ ਲੀਡਰਾਂ ਬਾਰੇ ਕਈ ਵਾਰ ਕਹਿ ਦਿੱਤਾ ਜਾਂਦਾ ਹੈ,,, ਅਗਲੀ ਵਾਰ ਵੋਟ ਲੈਣ ਵਾਸਤੇ ਆਈ, ਫੇਰ ਤੈਨੂੰ ਦੱਸਾਂਗੇ,,,,। ਅਤੇ ਅਗਲੀ ਵਾਰ ਵੋਟਰ ਅਜਿਹੇ ਲੀਡਰਾਂ ਨੂੰ ਉਹਨਾਂ ਦੀ ਔਕਾਤ ਦੱਸ ਹੀ ਦਿੰਦੇ ਹਨ। ਇਹ ਠੀਕ ਹੈ ਕਿ ਸਾਨੂੰ ਹਮੇਸ਼ਾ ਆਪਣੀ ਔਕਾਤ ਵਿੱਚ ਰਹਿਣਾ ਚਾਹੀਦਾ ਹੈ। ਘੱਟੋ ਘੱਟ ਗਰੀਬ ਅਤੇ ਕਮਜ਼ੋਰ ਬੰਦੇ ਨੂੰ ਤਾਂ ਜਰੂਰ ਆਪਣੀ ਔਕਾਤ ਵਿੱਚ ਰਹਿਣਾ ਚਾਹੀਦਾ ਹੈ। ਲੇਕਿਨ ਜੋ ਆਦਮੀ ਆਪਣੀ ਔਕਾਤ ਤੋ ਜਿਆਦਾ ਕੰਮ ਕਰਦਾ ਹੈ ਜਾਂ ਗੱਲਬਾਤ ਕਰਦਾ ਹੈ ਤਾਂ ਉਸ ਨੂੰ ਜਿੰਦਗੀ ਵਿੱਚ,,,, ਸੇਰ ਨੂੰ ਸਵਾ ਸੇਰ,,, ਮਿਲ ਹੀ ਜਾਂਦੇ ਨੇ। ਲੇਕਿਨ ਮੇਰੇ ਪਿਆਰਿਓ! ਜੇਕਰ ਕਦੇ ਆਪਣੀ ਔਕਾਤ ਭੁੱਲ ਕੇ ਵੀ ਰਹਿਣਾ ਪਏ ਤਾਂ ਹੀ ਚੰਗਾ ਹੁੰਦਾ ਹੈ। ਜੇਕਰ ਆਪਣੇ ਪਰਿਵਾਰ ਵਿੱਚ ਪਤਨੀ ਅਤੇ ਬੱਚਿਆਂ ਨਾਲ ਸੁਖ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹੋ ਤਾਂ ਆਪਣੀ ਔਕਾਤ ਨੂੰ ਭੁੱਲਣਾ ਹੀ ਪਏਗਾ। ਜੇਕਰ ਆਪਣੇ ਦਫਤਰ ਵਿੱਚ ਸਭ ਨਾਲ ਪ੍ਰੇਮ ਪਿਆਰ ਨਾਲ ਰਹਿਣਾ ਚਾਹੁੰਦੇ ਹੋ ਤਾਂ ਨੀਵੇਂ ਹੋ ਕੇ ਆਪਣੀਆਂ ਔਕਾਤ ਭੁੱਲ ਕੇ ਲੋਕਾਂ ਨਾਲ ਤਕਲੀਫ ਦੇ ਬਾਵਜੂਦ ਮੁਸਕਰਾਉਂਦੇ ਹੋਏ ਗੱਲਬਾਤ ਕਰੋ, ਇੱਥੇ ਆਪਣੀ ਔਕਾਤ ਭੁੱਲ ਨੀ ਹੀ ਹੋਵੇਗੀ। ਅਗਰ ਕਿਸੇ ਤੋਂ ਕਰਜ਼ਾ ਲਿਆ ਹੋਇਆ ਹੈ ਔਰ ਅਜੇ ਤੁਸੀਂ ਵਾਪਸ ਨਹੀਂ ਕਰ ਸਕਦੇ ,ਨਿਮਾਣਾ ਹੋ ਕੇ ਆਪਣੀ ਔਕਾਤ ਭੁੱਲ ਕੇ, ਝੁਕ ਕੇ, ਨਿਮਰਤਾ ਨਾਲ ਉਸ ਨਾਲ ਗੱਲਬਾਤ ਕਰਨੀ ਹੋਵੇਗੀ ਅਤੇ ਉਸ ਦੀ ਸੱਚੀ ਜਾਂ ਝੂਠੀ ਪ੍ਰਸੰਸਾ ਕਰਨੀ ਹੋਵੇਗੀ। ਜੇਕਰ ਬਸ ਜਾਂ ਗੱਡੀ ਵਿੱਚ ਸਫਰ ਕਰਦੇ ਸਮੇਂ ਤੁਸੀਂ ਬਾਕੀ ਸਵਾਰੀਆਂ ਨਾਲ ਆਪਣੀ ਔਕਾਤ ਭੁੱਲ ਕੇ ਨਿਮਰਤਾ ਨਾਲ ਗੱਲ ਕਰੋਗੇ ਤਾਂ ਲੋਕ ਨਾ ਕੇਵਲ ਤੁਹਾਡੇ ਨਾਲ ਹਮਦਰਦੀ ਕਰਦੇ ਹੋਏ ਤੁਹਾਨੂੰ ਆਪਣੀ ਸੀਟ ਦੇ ਨਾਲ ਬੈਠਣ ਦੀ ਪੇਸ਼ਕਸ਼ ਕਰਨਗੇ ਬਲਕਿ ਕੁਝ ਖਾਣ ਪੀਣ ਲੱਗਿਆਂ ਵੀ ਤੁਹਾਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਨਗੇ, ਤੁਹਾਨੂੰ ਪੜਨ ਲਈ ਅਖਬਾਰ ਜਾਂ ਰਸਾਲਾ ਦੇ ਦੇਣਗੇ ਜਾਂ ਪੀਣ ਵਾਸਤੇ ਪਾਣੀ ਵੀ ਦੇ ਦੇਣਗੇ। ਨਹੀਂ ਤਾਂ ਤੁਹਾਨੂੰ ਖੜੇ ਹੋ ਕੇ ਸਫਰ ਕਰਨਾ ਪਏਗਾ। ਲੇਕਿਨ ਇਸ ਤੇ ਬਾਵਜੂਦ ਵੀ ਜੇਕਰ ਆਦਮੀ ਆਪਣੀ ਔਕਾਤ ਵਿੱਚ ਰਹੇ ਤਾਂ ਉਸ ਵਰਗੀ ਕੋਈ ਗੱਲ ਹੀ ਨਹੀਂ। ਕੀ ਕੋਈ ਅਫਸਰ ਆਪਣੀ ਔਕਾਤ ਭੁੱਲ ਕੇ ਆਪਣੇ ਚਪੜਾਸੀ ਦੇ ਨਾਲ ਹਾਥਾ ਪਾਈ ਕਰੇਗਾ? ਆਪਣੀ ਔਕਾਤ ਵਿੱਚ ਰਹਿਣ ਵਾਲੇ ਬੰਦੇ ਦੇ ਮਨ ਵਿੱਚ ਸ਼ਾਂਤੀ ਹੁੰਦੀ ਹੈ, ਕੋਈ ਲੜਾਈ ਝਗੜਾ ਨਹੀਂ ਹੁੰਦਾ, ਸਿਰ ਤੇ ਕਰਜ਼ਾ ਨਹੀਂ ਚੜਦਾ, ਇੱਜਤ ਬਣੀ ਰਹਿੰਦੀ ਹੈ, ਸਮਾਜ ਵਿੱਚ ਸਨਮਾਨ ਵਧਦਾ ਹੈ, ਵਪਾਰ ਵਿੱਚ ਤਰੱਕੀ ਹੁੰਦੀ ਹੈ, ਨਹੀਂ ਤਾਂ ਐਵੇਂ ਹੀ ਥੋੜੀ ਕਿਹਾ ਗਿਆ ਹੈ,,,, ਆਪਣੀ ਔਕਾਤ ਵਿੱਚ ਰਹੋ,,,,,।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰਤਨ ਪਾਲ ਮਹਿਮੀ (ਯੂ.ਕੇ.) ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ
Next articleਗੈਂਗਸਟਰਾਂ ਨਾਲ ਮਿਲ ਕੇ ਦੇਸ਼ ਦਾ ਮਾਹੌਲ ਵਿਗਾੜਨ ਵਾਲੇ ਬਖਸ਼ੇ ਨਹੀਂ ਜਾਣਗੇ