ਡਾਕਟਰ ਅੰਬੇਡਕਰ ਜੀ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਵਾਉਣ ਹਿੱਤ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ

ਨਵਾਂਸ਼ਹਿਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਬੀਤੇ ਦਿਨੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਬੁੱਤ ਦੀ ਕੀਤੀ ਭੰਨਤੋੜ ਦੇ ਰੋਸ ਵਜੋਂ ਅੱਜ ਬਾਬਾ ਸਾਹਿਬ ਜੀ ਦੀ ਨਾਮਲੇਵਾ ਜਥੇਬੰਦੀਆਂ ਵਲੋਂ ਮਿਲ ਕੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਹਿੱਤ ਇਕ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀਆਂ ਨੇ ਮੰਗ ਪੱਤਰ ਵਿੱਚ ਲਿਖਿਆ ਕਿ 26 ਜਨਵਰੀ ਨੂੰ ਛੁਆਰਾ ਚੌਂਕ ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਨੂੰ ਦੋਸ਼ੀ ਵਲੋਂ ਭੰਨਤੋੜ ਕਰਕੇ ਅੱਗ ਲਗਾਈ ਗਈ। ਜਿਸਦੀ ਇਕ ਵੀਡੀਓ ਫੇਸਬੁੱਕ ਤੇ ਹੋਰ ਸੋਸ਼ਲ ਸਾਇਟਾਂ ਤੇ ਆਮ ਵੇਖਣ ਨੂੰ ਮਿਲੀ। ਜਿਸ ਨਾਲ ਦਰਦਮੰਦਾਂ ਦੇ ਦਿਲਾਂ ਨੂੰ ਗਹਿਰੀ ਠੇਸ ਪਹੁੰਚੀ ਹੈ। ਸ਼ਰਾਰਤੀ ਅਨਸਰਾਂ ਨੇ ਇਹ ਘਿਨਾਉਣੀ ਹਰਕਤ ਜਾਣਬੁੱਝ ਕੇ ਕੀਤੀ ਹੈ। ਉਕਤ ਦੋਸ਼ੀ ਨੂੰ ਭਾਵੇਂ ਪੁਲਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਪਰ ਇਸ ਹਰਕਤ ਪਿੱਛੇ ਸਾਜਿਸ਼ਾਂ ਰਚ ਕੇ ਸਮਾਜ ਦਾ ਮਾਹੌਲ ਖਰਾਬ ਕਰਨ ਵਾਲੇ ਲੋਕ ਅਜੇ ਵੀ ਪੁਲਸ ਦੀ ਪਹੁੰਚ ਤੋਂ ਬਾਹਰ ਬੈਠੇ ਹਨ। ਅਸੀਂ ਸਾਰੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਲੋਕ ਆਪ ਜੀ ਤੋਂ ਇਹ ਮੰਗ ਕਰਦੇ ਹਾਂ ਕਿ ਇਸ ਘਿਨਾਉਣੀ ਹਰਕਤ ਕਰਨ ਵਾਲੇ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਅਤੇ ਇਸ ਸਾਰੇ ਮਸਲੇ ਪਿੱਛੇ ਸਾਜਿਸ਼ਾਂ ਰਚਣ ਵਾਲੇ ਲੋਕਾਂ ਨੂੰ ਵੀ ਬੇਨਕਾਬ ਕੀਤਾ ਜਾਵੇ ਤੇ ਉਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇ। ਸਾਰੇ ਲੋਕਾਂ ਨੂੰ ਸਮਾਜ ਅੰਦਰ ਨੰਗਾ ਕੀਤਾ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇ। ਇਸ ਘਟਨਾ ਨੂੰ ਮੁੱਖ ਰੱਖਦੇ ਹੋਏ ਪੂਰੇ ਪੰਜਾਬ ਅੰਦਰ ਆਉਂਦੇ ਸਾਰੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਮੰਗ ਪੱਤਰ ਦੇਣ ਵਾਲੀਆਂ ਜਥੇਬੰਦੀਆਂ ਵਿੱਚ ਡਾਕਟਰ ਅੰਬੇਡਕਰ ਭਵਨ ਚੈਰੀਟੇਬਲ ਟਰੱਸਟ ਰਜਿ:, ਸਾਹਿਬ ਕਾਂਸ਼ੀ ਰਾਮ ਸਮਾਜ ਬਲਾਈ ਸੁਸਾਇਟੀ, ਭਾਰਤੀਆ ਬਾਲਮੀਕ ਧਰਮ ਸਮਾਜ (ਭਾਵਾਧਸ), ਡੀ ਪੀ ਆਈ ਪਾਰਟੀ ਪੰਜਾਬ, ਆਲ ਇੰਡੀਆ ਹਿਊਮਨ ਰਾਈਟਸ ਕੌਂਸਲ, ਨਿਊ ਆਟੋ ਵਰਕਰ ਯੂਨੀਅਨ ਅਤੇ ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਸਰਗਰਮ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਹੋਰ ਵੀ ਸਾਥੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਖਿਲਾਫ ਬਸਪਾ ਦੇ ਸੂਬੇ ਭਰ ਵਿੱਚ ਪ੍ਰਦਰਸ਼ਨ
Next articleਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਦੀ ਅਪੀਲ ’ਤੇ ਸੀਵਰਨੈਨਾਂ ਨੇ ਹੜਤਾਲ ਕੀਤੀ ਮੁਲਤਵੀ