ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੰਕੜੇ ਸੂਚਨਾ ਹਨ ਅਤੇ ਇਹ ਭਵਿੱਖ ਵਿੱਚ ਇਤਿਹਾਸ ਦੀ ਇਬਾਰਤ ਲਿਖਣਗੇ। ਉਨ੍ਹਾਂ ਦਫ਼ਤਰੀ ਪ੍ਰਣਾਲੀਆਂ ਨੂੰ ਮਜ਼ਬੂਤ ਅਤੇ ਪਾਰਦਰਸ਼ੀ ਬਣਾਉਣ ਲਈ ਚੰਗੇ ਅਤੇ ਵਿਗਿਆਨਕ ਆਡਿਟ ਕਰਨ ’ਤੇ ਜ਼ੋਰ ਦਿੱਤਾ। ਭਾਰਤ ਦੇ ਕੰਪਟਰੋਲਰ ਅਤੇ ਆਡਿਟਰ ਜਨਰਲ ਵੱਲੋਂ ਕਰਵਾਏ ਗਏ ‘ਆਡਿਟ ਦਿਵਸ ਸਮਾਗਮ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਪਹਿਲਾਂ ਦੇ ਸਮਿਆਂ ’ਚ ਸੂਚਨਾ ਨੂੰ ਕਹਾਣੀਆਂ ਦੇ ਰੂਪ ’ਚ ਸੰਭਾਲ ਕੇ ਰੱਖਿਆ ਜਾਂਦਾ ਸੀ। ਉਨ੍ਹਾਂ ਕਿਹਾ,‘ਇਤਿਹਾਸ ਕਹਾਣੀਆਂ ਰਾਹੀਂ ਲਿਖਿਆ ਗਿਆ ਹੈ ਪਰ 21ਵੀਂ ਸਦੀ ਵਿੱਚ ਅੰਕੜੇ ਸੂਚਨਾ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਨੂੰ ਅੰਕੜਿਆਂ ਦੀ ਵਰਤੋਂ ਰਾਹੀਂ ਦੇਖਿਆ ਅਤੇ ਸਮਝਿਆ ਜਾਵੇਗਾ।
ਭਵਿੱਖ ਵਿੱਚ ਅੰਕੜੇ ਇਤਿਹਾਸ ਸਿਰਜਣਗੇ।’ ਉਨ੍ਹਾਂ ਸੇਵਾਵਾਂ ਦੇਣ ਲਈ ਸਰਕਾਰ ਵੱਲੋਂ ਵਰਤੇ ਜਾ ਰਹੇ ਤਰੀਕਿਆਂ ਬਾਰੇ ਵੀ ਦੱਸਿਆ ਜਿਨ੍ਹਾਂ ਨੇ ਬੇਲੋੜੀ ਸਰਕਾਰ ਦਖ਼ਲਅੰਦਾਜ਼ੀ ਖਤਮ ਕੀਤੀ ਹੈ ਜਿਵੇਂ ਬਿਨਾਂ ਸੰਪਰਕ ਕਸਟਮ ਮਾਮਲਿਆਂ ਦਾ ਪ੍ਰਬੰਧ ਦੇਖਣਾ, ਆਟੋਮੈਟਿਕ ਢੰਗ ਨਾਲ ਰਿਨਿਊਅਲ, ਬਿਨਾਂ ਚਿਹਰੇ ਦੀ ਪਛਾਣ ਤੋਂ ਮੁਲਾਂਕਣ ਅਤੇ ਆਨਲਾਈਨ ਅਰਜ਼ੀਆਂ। ਉਨ੍ਹਾਂ ਕਿਹਾ ਕਿ ਜਦੋਂ ਸਿਸਟਮ ਵਿੱਚ ਪਾਰਦਰਸ਼ਤਾ ਲਿਆਈ ਜਾਂਦੀ ਹੈ ਤਾਂ ਨਤੀਜੇ ਸਪੱਸ਼ਟ ਤੌਰ ’ਤੇ ਵਿਖਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨਵੇਂ ਉੱਦਮਾਂ ਦੀ ਸ਼ੁਰੂਆਤ ਲਈ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਚੰਗਾ ਮੁਲਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਭਾਗਾਂ ਵੱਲੋਂ ਮੰਗੇ ਗਏ ਕਾਗ਼ਜ਼ਾਤ, ਅੰਕੜੇ ਅਤੇ ਫਾਈਲਾਂ ਕੌਮੀ ਆਡਿਟਰ ਸੀਏਜੀ ਨੂੰ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮਜ਼ਬੂਤ ਤੇ ਵਿਗਿਆਨਕ ਆਡਿਟ ਸਿਸਟਮ ਨੂੰ ਵੱਧ ਸ਼ਕਤੀਸ਼ਾਲੀ ਤੇ ਪਾਰਦਰਸ਼ੀ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿੱਤੀ ਘਾਟੇ ਤੇ ਸੂਬੇ ਦੇ ਖਰਚੇ ਬਾਰੇ ਸੀਏਜੀ ਦੀਆਂ ਚਿੰਤਾਵਾਂ ’ਤੇ ਸਹੀ ਦਿਸ਼ਾ ’ਚ ਚਰਚਾ ਕੀਤੀ ਹੈ। ਉਨ੍ਹਾਂ ਸੀਏਜੀ ਵੱਲੋਂ ਫੀਲਡ ਆਡਿਟ ਕਰਨ ਤੋਂ ਪਹਿਲਾਂ ਸਰਕਾਰੀ ਵਿਭਾਗਾਂ ਨਾਲ ਮੁੱਢਲੇ ਤੱਥਾਂ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਨ੍ਹਾਂ ਦੋਵਾਂ ਦੇ ਸੁਮੇਲ ਨਾਲ ਚੰਗੇ ਨਤੀਜੇ ਮਿਲਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly