ਨਵੀਂ ਦਿੱਲੀ (ਸਮਾਜ ਵੀਕਲੀ) : ਕੋਵਿਡ ਨਾਲ ਸਬੰਧਤ ਲੌਕਡਾਊਨ ਨੇਮਾਂ ’ਚ ਨਰਮੀ ਕਾਰਨ ਕੁਝ ਬਾਜ਼ਾਰਾਂ ਅਤੇ ਹੋਰ ਥਾਵਾਂ ’ਤੇ ਭੀੜ ਹੋਣ ਦਾ ਨੋਟਿਸ ਲੈਂਦਿਆਂ ਕੇਂਦਰ ਨੇ ਅੱਜ ਸੂਬਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੋਵਿਡ ਨੇਮਾਂ ਸਬੰਧੀ ਪੰਜ ਨੁਕਾਤੀ ਰਣਨੀਤੀ ਦਾ ਗੰਭੀਰਤਾ ਨਾਲ ਪਾਲਣ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਰੋਗ ਨੂੰ ਫੈਲਣ ਤੋਂ ਰੋਕਣ ਲਈ ਟੈਸਟ, ਟਰੈਕ, ਟਰੀਟ ਅਤੇ ਵੈਕਸੀਨੇਸ਼ਨ ਨੂੰ ਤਰਜੀਹ ਦਿੱਤੀ ਜਾਵੇ। ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਨੂੰ ਸੁਨੇਹਾ ਭੇਜਦਿਆਂ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਲਾਗ ਦੀ ਚੇਨ ਤੋੜਨ ਲਈ ਟੀਕਾਕਰਨ ਅਹਿਮ ਹੈ। ‘ਇਸ ਲਈ ਸਾਰੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਟੀਕਾਕਰਨ ਦੀ ਰਫ਼ਤਾਰ ਤੇਜ਼ ਕਰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਕਰੋਨਾ ਤੋਂ ਬਚਾਅ ਦੇ ਟੀਕੇ ਲਗਾਉਣ।’
ਉਨ੍ਹਾਂ ਕਿਹਾ ਕਿ ਸਰਗਰਮ ਕੇਸਾਂ ਦੀ ਗਿਣਤੀ ਘਟਣ ਮਗਰੋਂ ਪਾਬੰਦੀਆਂ ’ਚ ਰਾਹਤ ਦਾ ਫ਼ੈਸਲਾ ਹਾਲਾਤ ਦੀ ਸਮੀਖਿਆ ਕਰਨ ਤੋਂ ਬਾਅਦ ਲਿਆ ਜਾਵੇ। ਗ੍ਰਹਿ ਸਕੱਤਰ ਨੇ ਕਿਹਾ ਕਿ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਨੇਮਾਂ ਦੀ ਲਗਾਤਾਰ ਨਿਗਰਾਨੀ ਕਰਨੀ ਪਵੇਗੀ।
ਉਨ੍ਹਾਂ ਕਿਹਾ ਕਿ ਟੈਸਟਿੰਗ ਦੀ ਦਰ ਘਟਣੀ ਨਹੀਂ ਚਾਹੀਦੀ ਹੈ ਅਤੇ ਪਾਜ਼ੇਟੀਵਿਟੀ ਦਰ ਤੇ ਸਰਗਰਮ ਕੇਸਾਂ ’ਚ ਵਾਧੇ ਦੇ ਸੰਕੇਤਾਂ ’ਤੇ ਨਜ਼ਰ ਰੱਖਣ ਦੀ ਲੋੜ ਹੈ। ਸ੍ਰੀ ਭੱਲਾ ਨੇ ਕਿਹਾ ਕਿ ਛੋਟੀਆਂ ਥਾਵਾਂ ’ਤੇ ਕੇਸ ਵਧਣ ’ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਕੰਟੇਨਮੈਂਟ ਜ਼ੋਨਾਂ ਰਾਹੀਂ ਲਾਗ ਫੈਲਣ ’ਤੇ ਨੱਥ ਪਾਈ ਜਾਵੇ। ਉਨ੍ਹਾਂ ਸੂਬਿਆਂ ਨੂੰ ਕਿਹਾ ਕਿ ਉਹ ਜ਼ਿਲ੍ਹਾ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਹਾਲਾਤ ’ਤੇ ਨਜ਼ਰ ਰੱਖਣ ਦੇ ਨਿਰਦੇਸ਼ ਜਾਰੀ ਕਰਨ।