ਬਠਿੰਡਾ (ਸਮਾਜ ਵੀਕਲੀ): ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਰਾਜ ਪੱਧਰੀ ਨਾਟ-ਉਤਸਵ ਦੇ ਦੂਜੇ ਦਿਨ ਨਾਟਕ ‘ਮਰਜਾਣੀਆਂ’ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿੱਚ ਖੇਡਿਆ ਗਿਆ। ਡਾ. ਰਵੇਲ ਸਿੰਘ ਦੁਆਰਾ ਰਚਿਤ ਇਸ ਨਾਟਕ ਦਾ ਨਿਰਦੇਸ਼ਨ ਕੀਰਤੀ ਕਿਰਪਾਲ ਨੇ ਕੀਤਾ। ਨਾਟਕ ਰਾਹੀਂ ਦਰਸਾਇਆ ਗਿਆ ਕਿ ਕਿਵੇਂ ਬਲਾਤਕਾਰ ਪੀੜਤ ਔਰਤਾਂ ਦੇ ਸ਼ੋਸ਼ਣ ਲਈ ਇਕੱਲੇ ਮੁਲਜ਼ਮ ਹੀ ਨਹੀਂ ਸਗੋਂ ਸਮਾਜ ਦੀ ਸੋਚ ਅਤੇ ਵਰਤਾਰਾ ਵੀ ਜ਼ਿੰਮੇਵਾਰ ਹੈ। ਤਕਰੀਬਨ ਇੱਕ ਘੰਟੇ ਚੱਲੇ ਇਸ ਸੰਜੀਦਾ ਨਾਟਕ ਦੌਰਾਨ ਦਰਸ਼ਕ ਕਈ ਵਾਰ ਭਾਵੁਕ ਹੁੰਦੇ ਨਜ਼ਰ ਆਏ। ਮੁੱਖ ਮਹਿਮਾਨ ਦੇ ਤੌਰ ’ਤੇ ਮਾਸਟਰ ਜਗਸੀਰ ਸਿੰਘ, ਵਿਧਾਇਕ ਹਲਕਾ ਭੁੱਚੋ ਮੰਡੀ, ਬਠਿੰਡਾ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਡਾ. ਰਵੇਲ ਸਿੰਘ, ਨਾਟਕਕਾਰ ਅਤੇ ਆਲੋਚਕ ਨੇ ਕੀਤੀ। ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਡਾ. ਜਸਬੀਰ ਸਿੰਘ ਹੁੰਦਲ, ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ, ਬਠਿੰਡਾ ਅਤੇ ਉੱਘੇ ਗਾਇਕ ਤੇ ਗੀਤਕਾਰ ਹਰਦੀਪ ਮਾਹਲ ਹਾਜ਼ਰ ਸਨ।
ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਮਹਿਮਾਨਾਂ ਦਾ ਸੁਆਗਤ ਕੀਤਾ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸਹਾਇਕ ਡਾਇਰੈਕਟਰ ਸਤਨਾਮ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਭਵਿੱਖ ਵਿੱਚ ਹੋਰ ਵੀ ਐਸੇ ਪ੍ਰੋਗਰਾਮ ਉਲੀਕੇਗਾ, ਜਿਸ ਨਾਲ਼ ਪੰਜਾਬੀ ਭਾਸ਼ਾ ਦਾ ਪ੍ਰਚਾਰ ਪਸਾਰ ਹੋਵੇ ਅਤੇ ਸਮਾਜ ਨੂੰ ਵੀ ਨਵੀਂ ਸੇਧ ਮਿਲੇ। ਮੰਚ ਸੰਚਾਲਨ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਕੀਤਾ। ਇਸ ਨਾਟ-ਉਤਸਵ ਵਿੱਚ ਮੁੱਖ ਦਫ਼ਤਰ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਪ੍ਰਵੀਨ ਕੁਮਾਰ ਵਰਮਾ ਸਹਾਇਕ ਡਾਇਰੈਕਟਰ, ਸੰਤੋਖ ਸੁੱਖੀ ਸਹਾਇਕ ਡਾਇਰੈਕਟਰ, ਅਮਰਿੰਦਰ ਸਿੰਘ ਸਹਾਇਕ ਡਾਇਰੈਕਟਰ ਤੋਂ ਇਲਾਵਾ ਹੋਰ ਉੱਘੀਆਂ ਸਾਹਿਤਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly