ਮੁੰਬਈ — ਸਟੈਂਡਅੱਪ ਕਾਮੇਡੀਅਨ ਸਮਯ ਰੈਨਾ ਦੇ ਸ਼ੋਅ ਇੰਡੀਆਜ਼ ਗੌਟ ਲੇਟੈਂਟ ਨੂੰ ਲੈ ਕੇ ਹਾਲ ਹੀ ‘ਚ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਨਵੀਂ ਕੜੀ ‘ਚ ਰਣਵੀਰ ਇਲਾਹਾਬਾਦੀਆ ਵੱਲੋਂ ਦਿੱਤੇ ਗਏ ਬਿਆਨ ਕਾਰਨ ਉਸ ‘ਤੇ ਦਿੱਲੀ, ਮੁੰਬਈ ਅਤੇ ਆਸਾਮ ‘ਚ ਕੇਸ ਦਰਜ ਕੀਤੇ ਗਏ ਹਨ। ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਕਿਹਾ ਕਿ ਟੀਮ ਵਿਰੁੱਧ ਆਸਾਮ ਵਿੱਚ ਵੀ ਕੇਸ ਦਰਜ ਕੀਤਾ ਗਿਆ ਹੈ।
ਵਧਦੇ ਵਿਵਾਦ ਨੂੰ ਦੇਖਦੇ ਹੋਏ ਯੂਟਿਊਬ ਨੇ ਵਿਵਾਦਿਤ ਐਪੀਸੋਡ ਨੂੰ ਹਟਾਉਣ ਦਾ ਕਦਮ ਚੁੱਕਿਆ ਹੈ। ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ (ਐੱਨ.ਐੱਚ.ਆਰ.ਸੀ.) ਨੇ ਯੂ-ਟਿਊਬ ਨੂੰ ਵੀਡੀਓ ਹਟਾਉਣ ਦਾ ਨਿਰਦੇਸ਼ ਦਿੱਤਾ ਸੀ ਅਤੇ ਤਿੰਨ ਦਿਨਾਂ ‘ਚ ਜਵਾਬ ਦੇਣ ਦਾ ਹੁਕਮ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਵੀਡੀਓ ਨੂੰ ਹਟਾ ਦਿੱਤਾ ਗਿਆ ਹੈ।
ਮਾਮਲਾ ਦਰਜ ਹੋਣ ਤੋਂ ਬਾਅਦ ਮੁੰਬਈ ਪੁਲਿਸ ਨੇ ਸਮਯ ਰੈਨਾ ਅਤੇ ਰਣਵੀਰ ਇਲਾਹਾਬਾਦੀਆ ਨਾਲ ਸੰਪਰਕ ਕੀਤਾ। ਪੁਲੀਸ ਨੇ ਦੋਵਾਂ ਨੂੰ ਜਾਂਚ ਅਧਿਕਾਰੀਆਂ ਅੱਗੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨ ਅਤੇ ਸਹਿਯੋਗ ਕਰਨ ਲਈ ਕਿਹਾ ਹੈ।
ਸ਼ੋਅ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਤਿੱਖੀ ਪ੍ਰਤੀਕਿਰਿਆ ਆਈ ਹੈ। ਰਣਵੀਰ ਇਲਾਹਾਬਾਦੀਆ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦੇ ਹੋਏ ਆਪਣੀ ਟਿੱਪਣੀ ਲਈ ਮੁਆਫੀ ਮੰਗੀ ਅਤੇ ਕਿਹਾ, “ਮੇਰੀ ਟਿੱਪਣੀ ਨਾ ਤਾਂ ਉਚਿਤ ਸੀ ਅਤੇ ਨਾ ਹੀ ਹਾਸੋਹੀਣੀ। ਕਾਮੇਡੀ ਮੇਰਾ ਗੁਣ ਨਹੀਂ ਹੈ। ਮੈਂ ਸਿਰਫ ਮਾਫੀ ਮੰਗਣ ਆਇਆ ਹਾਂ।”
ਇਸ ਵਿਵਾਦ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਰਣਵੀਰ ਇਲਾਹਾਬਾਦੀਆ ਅਤੇ ਇੰਡੀਆਜ਼ ਗੌਟ ਲੇਟੈਂਟ ਨੂੰ ਬੈਨ ਕਰਨ ਦੀ ਮੰਗ ਉਠਾਈ ਹੈ ਅਤੇ ਰਣਵੀਰ ਨੂੰ ਅਨਸਬਸਕ੍ਰਾਈਬ ਕਰਨਾ ਸ਼ੁਰੂ ਕਰ ਦਿੱਤਾ ਹੈ। ਨੇਟੀਜ਼ਨਾਂ ਦਾ ਕਹਿਣਾ ਹੈ ਕਿ ਇਲਾਹਾਬਾਦੀਆ ਨੂੰ ਜੋ ਪ੍ਰਸਿੱਧੀ ਮਿਲ ਰਹੀ ਹੈ, ਉਹ ਉਸ ਦੇ ਲਾਇਕ ਨਹੀਂ ਹੈ। ਫਿਲਹਾਲ ਸਮੈ ਰੈਨਾ ਅਤੇ ਰਣਵੀਰ ਇਲਾਹਾਬਾਦੀਆ ਵੱਲੋਂ ਇਸ ਮਾਮਲੇ ‘ਤੇ ਕੋਈ ਵਾਧੂ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly