ਸਟੇਜ ਸਰਗਰਮੀਆਂ।

(ਜਸਪਾਲ ਜੱਸੀ)

(ਸਮਾਜ ਵੀਕਲੀ)

ਇੱਕ ਤੋਰ ਇਹ ਵੀ ( ਜੇਲ੍ਹ ਜੀਵਨ ‘ਚੋਂ)
ਕਾਂਡ – ਛੇਵਾਂ (ਭਾਗ ਪਹਿਲਾ)
 

ਇਸ ਵਿਚ ਕੋਈ ਸ਼ੱਕ ਨਹੀਂ ਜੇਲ੍ਹ ਵਿਚ ਪਹੁੰਚ ਕੇ ਵੀ ਮਨੁੱਖ ਬਹੁਤ ਕੁਝ ਸਿਖਦਾ ਹੈ। ਜੋ ਕੰਮ ਘਰੇ ਨਹੀਂ ਕੀਤੇ ਹੁੰਦੇ, ਉਹ ਜੇਲ੍ਹ ਵਿਚ ਕਰਨੇ ਪੈਂਦੇ ਹਨ।‌ ਹਰੇਕ ਬੰਦਾ ਭਾਂਡੇ ਮਾਂਜਣ ਤੋਂ ਲੈ ਕੇ ਕੱਪੜੇ ਧੌਣ ਤੱਕ ਸਾਰੇ ਕੰਮ ਆਪਣੇ ਹੱਥੀਂ ਕਰਦੈ। ਜੋ ਥੋੜ੍ਹੀ ਮੋਟੀ ਕਲਾ ਨੂੰ ਪਿਆਰ ਕਰਦੇ ਨੇ, ਸਟੇਜ ‘ਤੇ ਬੋਲਣ ਦੀ ਜਿੰਨਾਂ ਨੂੰ ਮਾਲਕ ਦੀ ਬਖਸ਼ਿਸ਼ ਹੈ ਉਹ ਲੋੜ ਨਾਲੋਂ ਵੱਧ ਅਨੰਦ ਮਾਣਦੇ ਹਨ। ਮੈਂ ਵੀ ਉਹਨਾਂ ਸੁਭਾਗਿਆਂ ਵਿੱਚੋਂ ਇੱਕ ਸਾਂ। ਰੋਜ਼ ਨਵੇਂ ਨਵੇਂ ਗੀਤਕਾਰਾਂ, ਗਾਇਕਾਂ, ਗ਼ਜ਼ਲਗੋਆਂ, ਕਵੀਆਂ, ਕਲਾਕਾਰਾਂ ਅਤੇ ਬੁਲਾਰਿਆਂ ਨੂੰ ਸਟੇਜ ‘ਤੇ ਪੇਸ਼ ਕਰਨਾ ਮੇਰੇ ਹਿੱਸੇ ਆਇਆ ਸੀ।

” ਕਦੇ ਵੀ ਕਲਾਕਾਰ ਅਤੇ ਸਰੋਤਿਆਂ ਦੇ ਦਰਮਿਆਨ ਜ਼ਿਆਦਾ ਸਮਾਂ ਨਾ ਲਾਓ। ਝੱਟਪਟ ਪੇਸ਼ ਕਰ ਕੇ ਲਾਂਭੇ ਹੋ ਜਾਵੋ।”
(ਸਟੇਜ ਸੈਕਟਰੀ ਲਈ)

ਇਸ ਵਿਚ ਕੋਈ ਸ਼ੱਕ ਨਹੀਂ ਕਿ ਸਮਾਜ ਦੀ ਪੜ੍ਹੀ-ਲਿਖੀ ਜਮਾਤ ਅਧਿਆਪਕ ਹੀ ਹੁੰਦੇ ਹਨ ਤੇ ਸਾਹਿਤ ਸੇਵਾ ਵਿਚ ਸਭ ਤੋਂ ਵੱਡਾ ਯੋਗਦਾਨ ਵੀ, ਇਹਨਾਂ ਦੇ ਹਿੱਸੇ ਆਇਆ ਹੈ। ਸਹਾਇਤਾ ਪ੍ਰਾਪਤ ਸਕੂਲਾਂ ਵਿਚ ਸਿਰੇ ਦੀ ਕਰੀਮ ਬੈਠੀ ਹੈ, ਇਹ ਗੱਲ ਮੈਨੂੰ ਜੇਲ੍ਹ ਯਾਤਰਾ ਦੌਰਾਨ ਹੀ ਪਤਾ ਲੱਗੀ।

ਪੰਜਾਬੀ ਦੇ ਸਿਰਮੌਰ ਦੇ ਵਿਅੰਗਕਾਰ ਸ੍ਰੀ ਕੇ.ਐਲ. ਗਰਗ,ਗਜ਼ਲਗੋ ਹਰਨਾਮ ਜੋਸ਼ੀਲਾ, ਨਾਵਲਕਾਰ ਅਸ਼ਵਨੀ ਗੁਪਤਾ, ਰੁਬਾਈ ਲੇਖਕ ਅਮਰ ਸੂਫ਼ੀ, ਪ੍ਰਗਤੀਵਾਦੀ ਅਲੋਚਕ ਪਰਮਜੀਤ ਸਿੰਘ, ਜਸਵੰਤ ਸਿੰਘ ਪਟਿਆਲਾ ਤੇ ਯਸ਼ਪਾਲ ਝਬਾਲ (ਜਨਰਲ ਸਕੱਤਰ ਜਮਹੂਰੀ ਅਧਿਕਾਰ ਸਭਾ ਪੰਜਾਬ) ਜੇਲ੍ਹ ਦੀ ਸਟੇਜ ਦਾ ਸ਼ਿੰਗਾਰ ਸਨ। ਇਨ੍ਹਾਂ ਤੋਂ ਇਲਾਵਾ ਖਜ਼ਾਨ ਸਿੰਘ, ਦਵਿੰਦਰ ਗੁਰਦਾਸਪੁਰ, ਪ੍ਰਿੰਸੀਪਲ ਅਮਰਪ੍ਰੀਤ ਜੀ ਬਟਾਲਾ, ਪ੍ਰੇਮ ਜੀ, ਛੱਜਾ ਸਿੰਘ ਜੀ ਫ਼ਤਿਹਗੜ੍ਹ ਸਾਹਿਬ ਤੇ ਸਤਿੰਦਰ ਸਿੰਘ ਜੀ ਨੇ ਆਪਣੀ ਗਾਇਕੀ ਤੇ ਰਚਨਾਵਾਂ ਨਾਲ ਸਟੇਜ ‘ਤੇ ਬਹੁਤ ਰੰਗ ਬੰਨ੍ਹਿਆ, ਜੋ ਜੇਲ੍ਹ ਜੀਵਨ ਦੀ ਯਾਦਗਾਰ ਹੋ ਨਿੱਬੜਿਆ। ਸਟੇਜ ਪ੍ਰੋਗਰਾਮ ਸ਼ਾਮ ਨੂੰ 5 ਵਜੇ ਸ਼ੁਰੂ ਹੋਣਾ ਹੁੰਦਾ ਸੀ, ਜੇਲ੍ਹੀ ਸਾਥੀ ਇਸ ਦਾ, ਸਵੇਰ ਤੋਂ ਹੀ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੰਦੇ।

ਜੇ ਮੈਂ ਉਨ੍ਹਾਂ ਸਾਰੇ ਕਲਾਕਾਰਾਂ ਦੇ ਨਾਮ ਲਿਖਣਾ ਸ਼ੁਰੂ ਕਰ ਦੇਵਾਂ ਤਾਂ ਇਹ ਕਾਂਡ ਪਤਾ ਨਹੀਂ ਕਿੱਥੋਂ ਤੱਕ ਪਹੁੰਚ ਜਾਵੇ। ਪਹਿਲੇ ਪੰਜ, ਸੱਤ ਦਿਨਾਂ ਵਿਚ ਹੀ, ਕਲਾਕਾਰਾਂ ਦੀ ਕਰੀਮ ਦਾ ਪਤਾ ਲੱਗ ਗਿਆ। ਇਸ ਦਾ ਮਤਲਬ ਇਹ ਨਹੀਂ ਕਿ ਦੂਜੇ ਸਾਥੀ ਹਲਕਾ ਗਾਉਂਦੇ ਜਾਂ ਬੋਲਦੇ ਸਨ ਪ੍ਰੰਤੂ ਜਿਨ੍ਹਾਂ ਨੂੰ ਅਧਿਆਪਕ ਸਾਥੀ ਜ਼ਿਆਦਾ ਪਸੰਦ ਕਰਦੇ, ਉਹਨਾਂ ਨੂੰ ਸਟੇਜ ‘ਤੇ ਰੋਜ਼ਾਨਾ ਸਮਾਂ ਦੇਣਾ ਮੇਰੀ ਮਜ਼ਬੂਰੀ ਹੋ ਗਈ ਸੀ। ਇੱਕ ਸਾਥੀ ਵਿਸੰਬਰ ਸਹਾਏ ਜੀ ਬਹੁਤ ਵਧੀਆ ਡਾਂਸ ਕਰਦੇ ਸਨ। ਉਹ ਆਪਣੇ ਘੁੰਗਰੂ ਤੇ ਰਾਸ ਧਾਰੀਆਂ ਵਾਲੀ ਡਰੈੱਸ ਵੀ ਜੇਲ੍ਹ ‘ਚ ਨਾਲ ਹੀ ਲੈ ਕੇ ਆਏ ਸਨ। ਉਨ੍ਹਾਂ ਦੀ ਖਿਚੜੀ ਬੋਲੀ (ਪੰਜਾਬੀ ਹਿੰਦੀ) ਉਹਨਾਂ ਦੇ ਮੂੰਹੋਂ ਬਹੁਤ ਪਿਆਰੀ ਲੱਗਦੀ ਸੀ।

ਉਹ ਆਪਣੇ ਸ਼ਬਦਾਂ, ਗੀਤਾਂ, ਤੇ ਭੇਟਾਂ ਨਾਲ ਅਧਿਆਪਕਾਂ ਨੂੰ ਬਹੁਤ ਨਿਹਾਲ ਕਰਦੇ। ਜਦੋਂ ਸਰਕਾਰ ਦੇ ਕੀਰਨੇ ਪਾਉਂਦੇ ਜਾਂ ਸਿਆਪਾ ਕਰਦੇ ਤਾਂ ਉਹਨਾਂ ਦੀ ਸ਼ਕਲ ਬਿਲਕੁਲ ਰੋਂਦੂਆਂ ਵਰਗੀ ਹੋ ਜਾਂਦੀ। ਉਹਨਾਂ ਦੀ ਲੇਖਣੀ, ਗਾਇਕੀ, ਨਾਚ ਤੇ ਅਦਾਵਾਂ ਦਾ ਸੁਮੇਲ ਇੰਨਾਂ ਵਧੀਆ ਸੀ ਕਿ ਮੈਂ ਉਸ ਨੂੰ ਕੁਦਰਤ ਦੀ ਬਖਸ਼ਿਸ਼ ਮੰਨਦਾ ਹਾਂ। ਇੱਕ ਸਮੇਂ ਤਾਂ ਉਹ ਸਾਰੇ ਦੁੱਖ,ਦਰਦ, ਤਕਲੀਫ਼ਾਂ ਘਰ ਦੀ ਯਾਦ, ਸਭ ਕੁਝ ਭੁਲਾ ਦਿੰਦਾ ਸੀ। ਸਾਰੇ ਜੇਲ੍ਹੀ ਸਾਥੀ ਉਹਨਾਂ ਨੂੰ ਬਹੁਤ ਪਿਆਰ ਕਰਦੇ। ਮੈਂ ਉਹਨਾਂ ਨੂੰ ਆਰਟ ਦਾ ਅਧਿਆਪਕ ਹੀ ਮੰਨਦਾ ਸੀ ਪਰ ਪਤਾ ਲੱਗਿਆ ਉਹ ਸਾਇੰਸ ਅਧਿਆਪਕ ਸਨ।

ਕੇ.ਐੱਲ.ਗਰਗ ਵਿਅੰਗਕਾਰ ਜੀ ਦੇ ਸਰਕਾਰ ਪ੍ਰਤੀ ਦੇ ਵਿਅੰਗ ਗੁੱਝੇ ਨਸ਼ਤਰ ਹੁੰਦੇ। ਮੁੱਖ ਮੰਤਰੀ ਨੂੰ ਉਹ ਪੰਜਾਬ ਰੂਪੀ ਬੱਸ ਦਾ ਮਾੜਾ ਡਰਾਈਵਰ ਮੰਨਦੇ,ਜਿਹੜਾ ਭਰੀ-ਭਰਾਈ ਬੱਸ ਨੂੰ ਕਿਸੇ ਵੀ ਖ਼ੂਹ ਖ਼ਾਤੇ ਵਿਚ ਸੁਟ ਸਕਦਾ ਹੈ। ਉਹਨਾਂ ਦੀ ਭਾਸ਼ਾ ਸ਼ੈਲੀ ਵਿਚ ਹਾਸੇ ਤੋਂ ਲੈ ਕੇ ਬੌਧਿਕਤਾ ਤੱਕ ਵਿਚਾਰ ਸਮੋਏ ਹੁੰਦੇ। ਬੜਾ ਮਿਲਾਪੜਾ ਸੁਭਾਅ, ਬੁੱਧੀ ਐਨੀ ਤੀਖ਼ਣ, ਹਰ ਵਾਰ ਸਟੇਜ ‘ਤੇ ਉਹ ਗੱਲ ਸੁਣਾਉਣੀ ਜਿਹੜੀ ਸਾਡੇ ਫ਼ਰਿਸ਼ਤਿਆਂ ਨੇ ਵੀ ਨਾ ਸੁਣੀ ਹੋਣੀ। ਸਟੇਜ ਸੰਭਾਲਨਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਭਾਵੇਂ ਮੈਂ ਛੋਟੀ ਉਮਰੋਂ ਹੀ ਸਟੇਟ ਨਾਲ ਜੁੜਿਆ ਰਿਹਾ ਤੇ ਆਪਣੀ ਜ਼ਿੰਦਗੀ ਦੇ 38 ਸਾਲਾਂ ‘ਚੋਂ 32 ਸਾਲ ਸਟੇਜ ਨੂੰ ਸਮਰਪਿਤ ਰਹੇ। ਮੈਨੂੰ ਵੀ ਜੇਲ੍ਹ ਦੀ ਸਟੇਜ ‘ਤੇ ਕਈ ਵਾਰ ਤਕਲੀਫ਼ਾਂ ਦਾ ਸਾਹਮਣਾ ਕਰਨਾ ਪਿਆ।

“ਸਭਿਅਕ ਸਟੇਜ ‘ਤੇ ਬਿਨਾਂ ਪਰਖੇ ਹੋਏ ਬੰਦੇ ਨੂੰ ਸਮਾਂ ਦੇਣਾ ਤੁਹਾਡੇ ਲਈ ਸਿਰਦਰਦੀ ਪੈਦਾ ਕਰ ਸਕਦਾ ਹੈ।”

ਮੈਂ ਸਟੇਜ ‘ਤੇ ਰੁਜ਼ਾਨਾ ਬੋਚ ਬੋਚ ਪੱਬ ਧਰਦਾ ਰਿਹਾ। ਇੱਕ ਦਿਨ ਮੈਂ ਪੰਦਰਾਂ ਸਾਲ ਪਹਿਲਾਂ ਤੋਂ ਜਾਣੂ ਇੱਕ ਅਧਿਆਪਕ ਸਾਥੀ ਦੀ ਕੁਝ ਜ਼ਿਆਦਾ ਹੀ ਵਡਿਆਈ ਕਰ ਗਿਆ। ਕਾਰਨ, ਮੈਂ ਉਸ ਨੂੰ ਬਾਰਾਂ-ਤੇਰਾਂ ਸਾਲਾਂ ਬਾਅਦ ਮਿਲਿਆ ਸੀ।

ਮੈਂ ਸੋਚਿਆ ਉਹ ਕਿਤੇ ਇਹ ਨਾ ਸਮਝੇ ਕਿ ਮੈਂ ਉਸ ਨੂੰ ਚੰਗੀ ਤਰ੍ਹਾਂ ਅਟੈਂਡ ਨਹੀਂ ਕੀਤਾ। ਉਸ ਦਿਨ ਉਸ ਨੇ ਸਟੇਜ ‘ਤੇ ਠੀਕ ਸੁਣਾਇਆ। ਅਗਲੇ ਦਿਨ ਜਦੋਂ ਮੈਂ ਫ਼ਿਰ ਉਸ ਨੂੰ ਸਟੇਜ ‘ਤੇ ਕੁਝ ਸੁਨਾਉਣ ਦਾ ਸਮਾਂ ਦਿੱਤਾ ਇਹ ਆਪਣੀ ਵਡਿਆਈ ਸੰਭਾਲ ਨਾ ਸਕਿਆ ਤੇ ਲੱਚਰਪੁਣੇ ‘ਤੇ ਉੱਤਰ ਆਇਆ। ਸਾਰੇ ਜੇਲ੍ਹੀ ਅਧਿਆਪਕ ਸਾਥੀ ਕਹਿਣ ਇਸ ਨੂੰ ਫੜ ਕੇ ਸਟੇਜ ਤੋਂ ਉਤਾਰੋ ਪਰ ਉਹ ਧੱਕੇ ਨਾਲ ਹੀ ਸਟੇਜ ਤੇ ਦੋ-ਤਿੰਨ ਗੰਦੇ ਚੁਟਕਲੇ ਟਾਈਪ ਗੱਲਾਂ ਸੁਣਾ ਗਿਆ। ਮੈਂ ਸਟੇਜ ‘ਤੇ ਖੜ੍ਹਾ ਅੰਦਰੋ-ਅੰਦਰੀ ਘੁੱਟ ਭਰ ਕੇ ਰਹਿ ਗਿਆ ਕਿਉਂਕਿ ਮੈਂ ਪਹਿਲਾਂ, ਉਸ ਭਾਂਡੇ ਵਿਚ ਕੁੱਝ ਜ਼ਿਆਦਾ ਹੀ ਪਾ ਗਿਆ ਸਾਂ ਜਿਹੜਾ ਕੇ ਬਹੁਤ ਛੋਟਾ ਸੀ।

ਉਸ ਦੀ ਇਸ ਹਰਕਤ ਲਈ ਕਈ ਲੋਕ ਮੈਨੂੰ ਵੀ ਦੋਸ਼ੀ ਸਮਝ ਸਕਦੇ ਸਨ। ਮੈਨੂੰ ਪਤਾ ਸੀ ਜੇ ਮੈਂ ਕੁਝ ਨਾ ਬੋਲਿਆ ਤਾਂ ਲੜਾਈ ਹੋ ਜਾਣੀ ਆ। ਮੇਰੇ ਵਿਚਾਰਾਂ ਵਾਲੇ ਸਾਥੀਆਂ ਨੇ ਉਸ ਨੂੰ ਜੇਲ੍ਹ ‘ਚ ਹੀ ਭੰਨ ਸੁੱਟਣੈਂ। ਮੈਨੂੰ ਅਜਿਹੇ ਬੰਦਿਆਂ ਦੇ ਇਲਾਜ ਦਾ ਪਤਾ ਸੀ ਕਿ ਮੁੜ ਕੇ ਉਸ ਨੂੰ ਕਦੇ, ਸਟੇਜ ‘ਤੇ ਸਮਾਂ ਨਾ ਦੇਵੋ ਤੇ ਰੁਜ਼ਾਨਾ ਕਿਸੇ ਨਾ ਕਿਸੇ ਰੂਪ ਵਿਚ ਉਸ ਦੀ ਸਟੇਜ ‘ਤੇ ਝੰਡ ਕਰਦੇ ਰਹੋ। ਕਿਉਂਕਿ ਸਟੇਜ ਮੇਰੇ ਕੋਲ ਇਕ ਸਾਧਨ ਸੀ। ਮੈਂ ਅਗਲੇ ਦਿਨ ਉਸ ਦੀ ਇਸ ਗ਼ਲਤ ਹਰਕਤ ਦੇ ਖਿਲਾਫ਼ ਕਈ ਸ਼ੇਅਰ ਰੁਬਾਈਆਂ ਲਿਖੀਆਂ :-
ਜਿਸ ਦੀ ਇੱਕ ਵੰਨਗੀ ਮੈਂ ਇਥੇ ਲਿਖ ਰਿਹਾ ਹਾਂ,
ਸ਼ਬਦਾਂ ਦਾ ਜਾਮਾ ਬੰਦੇ ਦੀ,
ਤਹਿਜ਼ੀਬ ਕਰਦਾ ਪੇਸ਼ ਹੈ।
ਰੱਖ ਤਖ਼ੱਲਸ ਸੰਤ ਦਾ,
ਚੋਰਾਂ ਦਾ ਦਿਲ ‘ਤੇ ਲੇਸ ਹੈ।
ਬਣ ਜਾਹ ਅਖੌਤੀ ਭਾਵੇਂ ਤੂੰ,
ਬਾਬਾ ਫ਼ਰੀਦ ਦਾ ਪੁੱਤ ਸਕਾ।
ਲੱਚਰਤਾ ਦਰਸਾਉਂਦੀ ਤੈਨੂੰ,
ਤੂੰ ਨਾ ਸਾਡੇ ਮੇਚ ਹੈਂ।
ਗੰਦ ਦਾ ਸਹਾਰਾ ਲੋਕੀਂ ਲੈਂਦੇ,
ਓਦੋਂ ਜਦ ਹੋਣ ਲਾਚਾਰ।
ਇਸ ਜਮਾਤ ਨੇ ਪੜ੍ਹ ਲਿਆ ਤੈਨੂੰ,
ਅੰਦਰੋਂ ਤੇਰਾ ਕੀ ਵੇਸ ਹੈ।
ਚਲਦਾ……

(ਜਸਪਾਲ ਜੱਸੀ )

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੱਪੇ
Next articleਸੈਣੀ ਮਾਰ ਪਰੈਣੀ