ਵਾਸ਼ਿੰਗਟਨ (ਸਮਾਜ ਵੀਕਲੀ): ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੇ ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਨ ਨਾਲ ਮੁਲਾਕਾਤ ਕਰਕੇ ਰਣਨੀਤਕ ਪੱਖੋਂ ਅਹਿਮ ਦੁਵੱਲੇ ਰਿਸ਼ਤਿਆਂ ਬਾਰੇ ਚਰਚਾ ਕੀਤੀ। ਇਸ ਦੌਰਾਨ ਦੋਵਾਂ ਧਿਰਾਂ ਨੇ ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਅਤੇ ਅਗਾਮੀ ਭਾਰਤ-ਯੂਐੱਸ ‘2+2’ ਮੰਤਰੀ ਪੱਧਰ ਦੀ ਵਾਰਤਾ ’ਤੇ ਵੀ ਚਰਚਾ ਕੀਤੀ। ਅਮਰੀਕੀ ਫੌਜਾਂ ਦੇ ਅਫ਼ਗ਼ਾਨਿਸਤਾਨ ’ਚੋਂ ਮੁਕੰਮਲ ਰੂਪ ਵਿੱਚ ਬਾਹਰ ਨਿਕਲਣ ਮਗਰੋਂ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਵਿਚਾਲੇ ਇਹ ਪਹਿਲੀ ਉੱਚ ਪੱਧਰੀ ਵਿਚਾਰ ਚਰਚਾ ਸੀ।
ਨਿਊ ਯਾਰਕ ਤੋਂ ਬੁੱਧਵਾਰ ਨੂੰ ਅਮਰੀਕੀ ਰਾਜਧਾਨੀ ਪੁੱਜੇ ਸ਼੍ਰਿੰਗਲਾ ਨੇ ਵਿਦੇਸ਼ ਵਿਭਾਗ ਦੇ ਫੌਗੀ ਬੌਟਮ ਹੈੱਡਕੁਆਰਟਰਜ਼ ਵਿੱਚ ਬਲਿੰਕਨ ਨਾਲ ਮੁਲਾਕਾਤ ਕੀਤੀ। ਮੀਟਿੰਗ ਉਪਰੰਤ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ, ‘ਮੀਟਿੰਗ ਦੌਰਾਨ ਦੁਵੱਲੇ ਰਿਸ਼ਤਿਆਂ ਤੇ ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ ’ਤੇ ਵੀ ਚਰਚਾ ਹੋਈ।’ ਸ਼੍ਰਿੰਗਲਾ ਨੇ ਵੀਰਵਾਰ ਨੂੰ ਲੜੀਵਾਰ ਕਈ ਮੀਟਿੰਗਾਂ ਕੀਤੀਆਂ, ਜਿਨ੍ਹਾਂ ਵਿੱਚ ਆਪਣੇ ਅਮਰੀਕੀ ਹਮਰੁਤਬਾ ਸ਼ਰਮਨ ਨਾਲ ਕੀਤੀ ਮੁਲਾਕਾਤ ਵੀ ਸ਼ਾਮਲ ਸੀ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ, ਜੋ ਸ਼੍ਰਿੰਗਲਾ ਨਾਲ ਇਨ੍ਹਾਂ ਮੀਟਿੰਗਾਂ ਵਿੱਚ ਮੌਜੂਦ ਸਨ, ਨੇ ਇਕ ਟਵੀਟ ਵਿੱਚ ਕਿਹਾ ਕਿ ਬਲਿੰਕਨ ਤੇ ਸ਼ਰਮਨ ਨਾਲ ਹੋਈਆਂ ਮੀਟਿੰਗਾਂ ਕਾਫ਼ੀ ਅਹਿਮ ਸਨ। ਬਾਗਚੀ ਨੇ ਇਕ ਟਵੀਟ ਵਿੱਚ ਦੱਸਿਆ ਕਿ ਮੀਟਿੰਗਾਂ ਦੌਰਾਨ ਸਿਹਤ ਸੰਭਾਲ, ਰੱਖਿਆ ਤੇ ਸਕਿਉਰਿਟੀ, ਵਣਜ ਤੇ ਨਿਵੇਸ਼, ਵਾਤਾਵਰਨ ਤਬਦੀਲੀ, ਸਾਫ਼ ਊਰਜਾ ਤੇ ਰਣਨੀਤਕ ਪੱਖੋਂ ਅਹਿਮ ਮੁੱਦਿਆਂ ’ਤੇ ਵਿਚਾਰ ਚਰਚਾ ਹੋਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly