- ਕੈਬਨਿਟ ’ਚੋਂ ਸਾਰੇ 26 ਮੰਤਰੀਆਂ ਨੇ ਅਸਤੀਫ਼ੇ ਦਿੱਤੇ
- ਕਰਫਿਊ ਦੇ ਬਾਵਜੂਦ ਲੋਕਾਂ ਵੱਲੋਂ ਰੋਸ ਮੁਜ਼ਾਹਰੇ ਜਾਰੀ
ਕੋਲੰਬੋ (ਸਮਾਜ ਵੀਕਲੀ): ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਨੇ ਅੱਜ ਆਪਣੇ ਭਰਾ ਤੇ ਵਿੱਤ ਮੰਤਰੀ ਬਾਸਿਲ ਰਾਜਪਕਸੇ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਵਿਰੋਧੀ ਧਿਰਾਂ ਨੂੰ ਸਰਬ-ਪਾਰਟੀ ਸਰਕਾਰ (ਯੂਨਿਟੀ ਕੈਬਨਿਟ) ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਤਾਂ ਕਿ ਗੰਭੀਰ ਆਰਥਿਕ ਸੰਕਟ ਦਾ ਸ਼ਿਕਾਰ ਇਸ ਟਾਪੂ ਮੁਲਕ ਵਿਚ ਲੋਕਾਂ ਦੇ ਗੁੱਸੇ ਨਾਲ ਨਜਿੱਠਿਆ ਜਾ ਸਕੇ। ਜ਼ਿਕਰਯੋਗ ਹੈ ਕਿ ਬਾਸਿਲ ਨੇ ਭਾਰਤ ਤੋਂ ਆਰਥਿਕ ਰਾਹਤ ਪੈਕੇਜ ਲਿਆਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਸ੍ਰੀਲੰਕਾ ਵਿਦੇਸ਼ੀ ਮੁਦਰਾ ਸੰਕਟ ਨਾਲ ਵੀ ਜੂਝ ਰਿਹਾ ਹੈ। ਹੁਣ ਬਾਸਿਲ ਦੀ ਥਾਂ ਅਲੀ ਸਾਬਰੀ ਲੈਣਗੇ ਜੋ ਕਿ ਐਤਵਾਰ ਰਾਤ ਤੱਕ ਨਿਆਂ ਮੰਤਰੀ ਸਨ। ਅਹੁਦਾ ਛੱਡ ਰਹੇ ਵਿੱਤ ਮੰਤਰੀ ਕੌਮਾਂਤਰੀ ਮੁਦਰਾ ਫੰਡ ਤੋਂ ਮਦਦ ਮੰਗਣ ਲਈ ਅਮਰੀਕਾ ਜਾਣ ਵਾਲੇ ਸਨ।
ਦੱਸਣਯੋਗ ਹੈ ਕਿ ਬਾਸਿਲ ਰਾਜਪਕਸੇੋ ਸ੍ਰੀਲੰਕਾ ਦੇ ਸੱਤਾਧਾਰੀ ਗੱਠਜੋੜ ‘ਐੱਸਐਲਪੀਪੀ’ ਅੰਦਰ ਵੀ ਰੋਹ ਦਾ ਕੇਂਦਰ ਬਣੇ ਹੋਏ ਹਨ। ਪਿਛਲੇ ਮਹੀਨੇ ਬਾਸਿਲ ਦੀ ਜਨਤਕ ਤੌਰ ’ਤੇ ਨਿਖੇਧੀ ਕਰਨ ਵਾਲੇ ਦੋ ਮੰਤਰੀਆਂ ਨੂੰ ਕੈਬਨਿਟ ਤੋਂ ਬਾਹਰ ਕਰ ਦਿੱਤਾ ਗਿਆ ਸੀ। ਐਤਵਾਰ ਰਾਤ ਕੈਬਨਿਟ ਵਿਚਲੇ ਸਾਰੇ 26 ਮੰਤਰੀਆਂ ਨੇ ਅਸਤੀਫ਼ੇ ਦੇ ਦਿੱਤੇ ਸਨ। ਕੈਬਨਿਟ ਮੰਤਰੀਆਂ ਦੇ ਅਸਤੀਫ਼ੇ ਮਗਰੋਂ ਤਿੰਨ ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਗੋਟਬਾਯਾ ਨੇ ਸਾਰੀਆਂ ਪਾਰਟੀਆਂ ਨੂੰ ਸਰਕਾਰ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪੂਰੇ ਸ੍ਰੀਲੰਕਾ ਵਿਚ ਸੱਤਾਧਾਰੀ ਰਾਜਪਕਸੇ ਪਰਿਵਾਰ ਖ਼ਿਲਾਫ਼ ਵੱਡੇ ਰੋਸ ਮੁਜ਼ਾਹਰੇ ਹੋ ਰਹੇ ਹਨ। ਲੋਕ ਸਰਕਾਰ ’ਤੇ ਆਰਥਿਕ ਸੰਕਟ ਨਾਲ ਨਜਿੱਠਣ ਵਿਚ ਨਾਕਾਮ ਰਹਿਣ ਦਾ ਦੋਸ਼ ਲਾ ਰਹੇ ਹਨ। ਮੁਲਕ ਵਿਚ ਵਿਦੇਸ਼ੀ ਮੁਦਰਾ ਦੇ ਸੰਕਟ ਦੇ ਨਾਲ-ਨਾਲ ਅਦਾਇਗੀਆਂ ਰੁਕਣ ਲਈ ਵੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly