ਜਲੰਧਰ (ਸਮਾਜ ਵੀਕਲੀ)- ਬੋਧੀਸੱਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ ਜਲੰਧਰ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ਪੁਰਬ ਅਤੇ ਮਾਤਾ ਰਮਾਬਾਈ ਜੀ ਦਾ ਜਨਮਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਸਤਿਕਾਰਯੋਗ ਪ੍ਰਿੰਸੀਪਲ ਸ਼੍ਰੀਮਤੀ ਚੰਚਲ ਬੌਧ, ਸਕੂਲ ਦੇ ਪ੍ਰੈਜ਼ੀਡੈਂਟ ਸ੍ਰੀ ਰਾਮਲੁਭਾਇਆ ਜੀ ਅਤੇ ਓਹਨਾ ਦੇ ਭਰਾ ਸ੍ਰੀ ਚਰਨਜੀਤ ਸਿੰਘ ਜੀ (ਮਨੀਲਾ), ਸ਼੍ਰੀ ਨਰਿੰਦਰ ਸਿੰਘ ਜੀ (ਨਿਊਜੀਲੈਂਡ), ਸ਼੍ਰੀ ਦਲਜੀਤ ਸਿੰਘ ਜੀ (ਕੈਨੇਡਾ), ਸ਼੍ਰੀਮਤੀ ਜਸਪਾਲ ਕੌਰ ਜੀ (ਕੈਨੇਡਾ) ਅਤੇ ਸ਼੍ਰੀਮਤੀ ਮਲਕੀਤ ਕੌਰ ਜੀ (ਕੈਨੇਡਾ) ਸ਼ਾਮਿਲ ਹੋਏ।
ਸਮਾਰੋਹ ਦੀ ਸ਼ੁਰੂਆਤ ਸ੍ਰੀ ਗੁਰੂ ਰਵਿਦਾਸ ਜੀ ਅਤੇ ਮਾਤਾ ਰਮਾਬਾਈ ਜੀ ਨੂੰ ਫੁੱਲ ਅਰਪਿਤ ਕਰ ਕੇ ਹੋਈ। ਇਸ ਤੋਂ ਬਾਅਦ ਸਕੂਲ ਦੇ ਅਧਿਆਪਕ ਸ਼੍ਰੀ ਰਾਜਿੰਦਰ ਜੀ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ, ਜੋ ਕਿ ਸ਼ਲੋਕਾਂ ਦੇ ਰੂਪ ਵਿਚ ਹਨ, ‘ਤੇ ਪ੍ਰਕਾਸ਼ ਪਾਇਆ। ਓਹਨਾਂ ਨੇ ਬੱਚਿਆਂ ਨੂੰ ਜਾਤ–ਪਾਤ ਤੋਂ ਉੱਪਰ ਉੱਠ ਕੇ ਮਿਲ ਕੇ ਰਹਿਣ ਨੂੰ ਕਿਹਾ ਅਤੇ ਅੰਧਵਿਸ਼ਵਾਸ਼ਾਂ ਦਾ ਖੰਡਨ ਕਰਨ ਨੂੰ ਕਿਹਾ।ਸਕੂਲ ਦੀਆਂ ਅਧਿਆਪਕਾਵਾਂ ਸ਼੍ਰੀਮਤੀ ਮੋਨਿਕਾ ਸਚਦੇਵਾ ਅਤੇ ਸ਼੍ਰੀਮਤੀ ਸੁਨੀਤਾ ਜੀ ਨੇ ਮਾਤਾ ਰਮਾਬਾਈ ਜੀ ਦੇ ਸੰਘਰਸ਼ਮਈ ਅਤੇ ਤਿਆਗਮਈ ਜੀਵਨ ਨੂੰ ਬਾਖੂਬੀ ਬਿਆਨ ਕੀਤਾ। ਇਸ ਮੌਕੇ ਤੇ ਸਕੂਲੀ ਬੱਚਿਆਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਅਤੇ ਮਾਤਾ ਰਮਾਬਾਈ ਜੀ ਦੇ ਜੀਵਨ ਅਤੇ ਓਹਨਾ ਦੀਆਂ ਸਿੱਖਿਆਵਾਂ ਨਾਲ ਸੰਬੰਧਿਤ ਕਵਿਤਾਵਾਂ, ਗੀਤ ਅਤੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਤੇ ਬੋਲਦੇ ਹੋਏ ਸੋਸਾਇਟੀ ਮੈਂਬਰ ਸ਼੍ਰੀ ਹੁਸਨ ਲਾਲ ਜੀ ਨੇ ਬੱਚਿਆ ਨੂੰ ਸੱਚ ਦੀ ਰਾਹ ਅਪਨਾਉਣ ਲਈ ਪ੍ਰੇਰਿਤ ਕੀਤਾ ਅਤੇ ਬੱਚਿਆ ਨੂੰ ਤਰਕਪੂਰਨ ਸੋਚ ਰੱਖਣ ਲਈ ਕਿਹਾ। ਸਕੂਲ ਵਿੱਚ ਆਏ ਮਹਿਮਾਨਾਂ ਨੇ ਸਕੂਲ ਅਤੇ ਸਕੂਲ ਦੇ ਬੱਚਿਆਂ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਚਰਨਜੀਤ ਜੀ ਨੇ ਸਕੂਲ ਦੇ ਵਿਕਾਸ ਲਈ 11,000 ਰੁਪਏ, ਸ਼੍ਰੀ ਨਰਿੰਦਰ ਸਿੰਘ ਜੀ ਨੇ 10,000 ਰੁਪਏ ਦਾਨ ਵਜੋਂ ਦਿੱਤੇ। ਸ਼੍ਰੀਮਤੀ ਜਸਪਾਲ ਕੌਰ ਜੀ ਅਤੇ ਸ਼੍ਰੀਮਤੀ ਮਲਕੀਤ ਕੌਰ ਜੀ ਨੇ ਬੱਚਿਆ ਨੂੰ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਕੇ ਉੱਚੇ ਪਦਾਂ ‘ਤੇ ਨਿਯੁਕਤੀ ਲਈ ਮੇਹਨਤ ਕਰਨ ਨੂੰ ਕਿਹਾ ਅਤੇ ਬਾਬਾ ਸਾਹਿਬ ਦੇ ਦਿਖਾਏ ਮਾਰਗ ‘ਤੇ ਚਲਦੇ ਹੋਏ ‘ਪੇ ਬੈਕ ਤੋਂ ਸੋਸਾਇਟੀ’ ਕਰਨ ਨੂੰ ਕਿਹਾ। ਓਹਨਾਂ ਨੇ ਸਕੂਲ ਦੇ ਵਿਕਾਸ ਲਈ 50,000 ਰੁਪਏ ਦੀ ਧਨਰਾਸ਼ੀ ਭੇਂਟ ਕੀਤੀ। ਆਖਿਰ ਵਿਚ ਸਤਿਕਾਰਯੋਗ ਪ੍ਰਿੰਸੀਪਲ ਸ਼੍ਰੀਮਤੀ ਚੰਚਲ ਬੌਧ ਜੀ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਅਤੇ ਆਪਣੇ ਰਹਿਬਰਾਂ ਦੇ ਜੀਵਨ ਤੋਂ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ। ਓਹਨਾਂ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਕੂਲ ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ 9988393442