28 ਨਵੰਬਰ 2024 ਦੇ ਅੰਕ ਲਈ ਬਰਸੀ ‘ਤੇ ਵਿਸ਼ੇਸ਼
ਡਾ. ਅਜੀਤ ਸਿੰਘ ਕੋਟਕਪੁਰਾ
(ਸਮਾਜ ਵੀਕਲੀ) ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੁੱਢ ਕਦੀਮ ਦਾ ਸਾਥੀ ਤੇ ਗੁਰੂ ਜੀ ਦੇ ਪਹਿਲੇ ਸਿੱਖਾਂ ਵਿਚ ਹੋਣ ਕਰਕੇ ਸਿੱਖ ਪੰਥ ਵਿਚ ਜੋ ਦਰਜਾ ਭਾਈ ਮਰਦਾਨੇ ਦਾ ਹੈ ਉਹ ਹੋਰ ਕਿਸੇ ਹਜ਼ੂਰੀ ਸਿੱਖ ਦਾ ਨਹੀਂ ਮੰਨਿਆ ਜਾ ਸਕਦਾ । ਸਿੱਖ ਸਾਹਿਤ ਤੇ ਇਤਿਹਾਸ ਵਿਚ ਭਾਈ ਮਰਦਾਨੇ ਨੂੰ ਬੜੀ ਭਾਰੀ ਅਹਿਮੀਅਤ ਪ੍ਰਾਪਤ ਹੈ । ਉਹ ਜਾਤ ਦਾ ਮਰਾਸੀ ਅਤੇ ਅੱਵਲ ਦਰਜੇ ਦਾ ਗਵੱਈਆ ਅਥਵਾ ਸੰਗੀਤਕਾਰ ਸੀ । ਜਨਮ ਸਾਖੀ ਗੁਰੂ ਨਾਨਕ (ਭਾਈ ਪੈੜਾ ਮੋਖਾ ) ਤੋਂ ਪਤਾ ਲਗਦਾ ਹੈ ਕਿ ਭਾਈ ਮਰਦਾਨਾ ਬੇਦੀਆਂ ਦਾ ਮਿਰਾਸੀ ਤੇ ਪਿੰਡ ਤਲਵੰਡੀ ਰਾਏ ਭੋਇ ਭੱਟੀ ਕੀ (ਹੁਣ ਪ੍ਰਸਿੱਧ ਨਗਰ ਨਨਕਾਣਾ ਸਾਹਿਬ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ) ਦਾ ਵਸਨੀਕ ਸੀ ।ਪ੍ਰੋਫ਼ੈਸਰ ਸਾਹਿਬ ਸਿੰਘ ਅਨੁਸਾਰ ਭਾਈ ਮਰਦਾਨਾ,ਚੋਂਭੜ ਜਾਤ ਦੇ ਮਿਰਾਸੀ ਮੀਰ ਬਾਦਰੇ ਦਾ ਪੁੱਤਰ ਸੀ, ਜਿਨ੍ਹਾਂ ਦਾ ਜਨਮ ਤਲਵੰਡੀ ਵਿਚ ਫੱਗਣ, ਸੰਮਤ 1516 ਨੂੰ ਹੋਇਆ। ਉਹ ਗੁਰੂ ਨਾਨਕ ਦੇਵ ਜੀ ਨਾਲੋਂ ਉਮਰੋਂ 9 ਸਾਲ 2 ਮਹੀਨੇ ਵੱਡਾ ਸੀ।ਮਰਦਾਨੇ ਨੂੰ ਰਾਗ ਦਾ ਬੜਾ ਸ਼ੌਂਕ ਸੀ। ਮਿਰਾਸੀਆਂ ਦਿਆਂ ਬੱਚਿਆਂ ਨੂੰ ਰਾਗ ਦੀ ਹੀ ਗੁੜ੍ਹਤੀ ਮਿਲਦੀ ਹੈ। ਉਸ ਦਾ ਪਿਆਰਾ ਤੰਤੀ-ਸਾਜ਼ ਰਬਾਬ ਸੀ।ਰਾਗ ਦੀ ਬਰਕਤ ਕਰਕੇ ਹੀ ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਦੀ ਸੰਗਤ ਦਾ ਸੁਭਾਗ ਮਿਿਲਆ।ਇਸ ਦਾ ਨਾਮ ਸਤਿਗੁਰੂ ਜੀ ਦੇ ਨਾਮ ਨਾਲ ਅਟੁੱਟ ਤੌਰ ‘ਤੇ ਜੁੜਿਆ ਹੋਇਆ ਹੈ।
ਪ੍ਰੋਫ਼ੈਸਰ ਸਾਹਿਬ ਸਿੰਘ ਅਨੁਸਾਰ ਸਿੱਖ-ਇਤਿਹਾਸ ਨੇ ਉੱਘੜ ਕੇ ਇਹ ਨਹੀਂ ਦੱਸਿਆ ਕਿ ਮਰਦਾਨੇ ਦਾ ਸਾਥ ਗੁਰੂ ਨਾਨਾਕ ਜੀ ਨਾਲ ਕਦੋਂ ਤੋਂ ਸ਼ੁਰੂ ਹੋਇਆ, ਪਰ ਪਿੰਡਾਂ ਦੇ ਜੀਵਨ ਨੂੰ ਜਾਨਣ ਵਾਲੇ ਇਹ ਅੰਦਾਜ਼ਾਲਾਏ ਬਿਨਾ ਨਹੀਂ ਰਹਿ ਸਕਦੇ ਕਿ ਸਾਥ ਛੋਟੀ ਉਮਰ ਤੋਂ ਹੀ ਬਣ ਗਿਆ ਹੋਵੇਗਾ।ਗੁਰੂ ਨਾਨਕ ਦੇਵ ਜੀ ਦੇ ਪਿਤਾ, ਰਾਇ ਬੁਲਾਰ ਦੇ ਦਸਾਂ ਪਿੰਡਾਂ ਦੇ ਪਟਵਾਰੀ ਸਨ, ਇਸ ਲਈ ਮਰਦਾਨੇ ਦੇ ਪਿਤਾ ਬਾਦਰੇ ਦਾ, ਬਾਬਾ ਕਾਲੂ ਜੀ ਪਾਸ ਨਿੱਤ ਆਉਂਦੇ ਜਾਂਦੇ ਰਹਿਣਾ ਕੁਦਰਤੀ ਗੱਲ ਸੀ। ਇਸ ਘਰੋਂ ਉਸ ਦੀਆਂ ਅਨੇਕਾਂ ਲੋੜਾਂ ਪੂਰੀਆਂ ਹੋਣ ਦੀ ਸੰਵਾਵਨਾ ਸੀ। ਪਿਓ ਦੇ ਸਬੱਬ ਮਰਦਾਨੇ ਦਾ ਵੀ ਉਨ੍ਹਾਂ ਦੇ ਘਰ ਜਾਣਾ ਕੁਦਰਤੀ ਸੀ।ਮਿਰਾਸੀ ਦਾ ਗੁਜਾਰਾ ਹੀ ਇਸੇ ਗੱਲ ਵਿਚ ਹੈ ਕਿ ਉਹ ਹਰੇਕ ਕਿਸਾਨ ਜਾਂ ਮਾਲਕ ਦੇ ਵੱਟ- ਬੰਨੇ ਉੱਤੇ ਜਾ ਕੇ ਸਦਾ ‘ ਪੀਰਾਂ ਦੀ ਰੱਖ, ਅੱਲਾ ਦੀ ਰੱਖ’ ਆਖਦਾ ਰਹੇ। ਇਹੋ ਕਿਤਾ ਬਾਦਰੇ ਦਾ ਹੋ ਸਕਦਾ ਸੀ , ਤੇ ਬਾਦਰੇ ਨਾਲ ਉਸ ਦੇ ਪੁੱਤਰ ਮਰਦਾਨੇ ਦਾ।ਪਰ ਉਸ ਦੇ ਗੁਣ ਦੀ ਕਦਰ ਕਰਨ ਵਾਲੇ ਗੁਰੁ ਨਾਨਕ ਦੇਵ ਜੀ ਨੇ ਉਸ ਨੂੰ ਆਪਣਾ ਬਣਾ ਲਿਆ।
ਜਿੱਥੋਂ ਤੀਕ ਨਾਂ ਦਾ ਸਬੰਧ ਹੈ , ਪਹਿਲਾਂ ਮਾਈ ਲਖੋ ਦੇ ਛੇ ਬੱਚੇ ਪੈਦਾ ਹੋ ਕੇ ਮਰ ਚੁੱਕੇ ਸਨ ਇਸ ਲਈ ਉਸ ਨੇ ਇਸ ਸੱਤਵੇਂ ਬੱਚੇ ਦਾ ਨਾਂ ‘ਮਰਜਾਣਾ’ ਰੱਖਿਆ ਸੀ ।ਪਰ ਜਦ ਗੁਰੂ ਨਾਨਕ ਜੀ ਨੇ ਉਸ ਨੂੰ ਸੁਭਾਵਿਕ ਹੀ ‘ਮਰਦਾਨਾ’ ਕਹਿ ਕੇ ਸੱਦਿਆ ਤਾਂ ਉਹ ਅਮਰ ਪਦਵੀ ‘ਮਰਦਾ ਨਾ’ ਮਿਲਣ ਕਰ ਕੇ ਮਰਦਾਨਾ ਹੀ ਬਣ ਗਿਆ ।
ਬਚਪਨ ਤੋਂ ਭਾਈ ਮਰਦਾਨੇ ਦੀ ਸਭ ਤੋਂ ਵਡੀ ਸਿਫਤ ਇਹੋ ਸੀ ਕਿ ਉਸ ਦਾ ਬੱਚਿਆਂ ਵਰਗਾ ਸਾਫ ,ਸ਼ੁੱਧ ਅਤੇ ਮਿਲਾਪੜਾ ਸੁਭਾਅ ,ਸੰਜੀਦਾ ਵਰਤਾਅ ,ਵਿਿਦਆ ਤੇ ਸੰਗੀਤ ਨਾਲ ਦਿਲੀ ਲਗਾਅ ਅਤੇ ਇਨਸਾਨੀਅਤ ਵਲ ਪੂਰੀ ਤਰ੍ਹਾਂ ਝੁਕਾਅ ਸੀ ਜੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਸੰਦ ਆਇਆ। ਸ੍ਰੀ ਗੁਰੂ ਨਾਨਕ ਦੇਵ ਜੀ , ਜੋ ਇਨਸਾਨੀਅਤ ਦੇ ਸਚੇ ਪਾਰਖੂ ਤੇ ਤਤਕਾਲੀਨ ਜਨ-ਸਮਾਜ ਦੇ ਸਹੀ ਰਹਿਬਰ ਸਨ, ਕਦੇ ਇਕ ਖਿਨ-ਪਲ ਵੀ ਮਰਦਾਨੇ ਨੂੰ ਆਪਣੇ ਨਾਲੋਂ ਵੱਖ ਕਰਨਾ ਪਸੰਦ ਨਾ ਕੀਤਾ ।
ਭਾਈ ਮਨੀ ਸਿੰਘ ਨੇ ਭਾਈ ਮਰਦਾਨਾ ਦਾ ਗੁਰੂ ਪਾਤਸ਼ਾਹ ਨਾਲ ਪਹਿਲਾ ਮੇਲ ਲਗਭਗ 1480 ਈਸਵੀ ਵਿਚ ਹੋਇਆ ਦੱਸਿਆ ਹੈ ।ਉਨ੍ਹਾਂ ਅਨੁਸਾਰ ਉਸ ਸਮੇਂ ਬਾਬਾ ਨਾਨਕ ਜੀ ਦੀ ਉਮਰ ਕੋਈ 11 ਕੁ ਸਾਲ ਦੀ ਸੀ ਤੇ ਮਰਦਾਨਾ 21 ਸਾਲਾਂ ਦਾ ਸੀ । ਦੋਵੇਂ ਪਿਆਰ ਦੇ ਬੰਧਨ ਵਿਚ ਬੰਨੇ ਗਏ ਸਨ । ਦੋਵੇਂ ਰਲ ਕੇ ਗਾਉਣ ਲਗੇ । ਦੋਹਾਂ ਦੀ ਸਾਂਝ ਰਾਗ ਸੀ ।ਸ਼ਬਦ ਦਾ ਗਾਇਨ ਸਮੇਂ ਗੁਰੂ ਪਾਤਸ਼ਾਹ ਜਦ ਵੀ ਬੋਲਦੇ, ਇਹੋ ਹੀ ਆਖਦੇ, “ਮਰਦਾਨਿਆ ਰਬਾਬ ਵਜਾਇ ।ਕਾਈ ਸਿਫਤ ਖ਼ੁਦਾਇ ਦੇ ਦੀਦਾਰ ਦੀ ਕਰੀਏ ।”ਦੋਵੇਂ ਤਰੁਨਮ ਨਾਲ ਵਜਦ ਵਿਚ ਆ ਜਾਂਦੇ । ਕਿਸੇ ਅਗੰਮੀ ਰਸ ਨਾਲ ਸਰਸ਼ਾਰ ।ਕਹਿਣ ਨੂੰ ਤਾਂ ਇਕ ਮੁਰਸ਼ਦ ਤੇ ਦੂਜਾ ਮੁਰੀਦ ਸੀ ਪਰ ਇਹ ਤਾਂ ਜਨਮਾਂ ਦੀ ਸਾਂਝ ਭਿਆਲੀ ਰੱਖਣ ਵਾਲੇ ਦੋ ਸੰਗੀ ਸਨ । ਦੋਵੇਂ ਇਕ ਦੂਜੇ ਸੰਗ ਸਾਥ ਨੂੰ ਮਾਣਦੇ । ਦੋਨਾਂ ਦੀ ਖ਼ੁਦਾਵੰਦ ਕਰੀਮ ਨਾਲ ਮੁਹੱਬਤ ।ਉਮਰਾਂ ਦੇ ਕਈ ਵਰ੍ਹੇ ਇਕੱਠੇ ਬਿਤਾਏ । ਜਿਨ੍ਹਾਂ ਲੰਮਾ ਅਰਸਾ ਭਾਈ ਮਰਦਾਨੇ ਨੇ ਬਾਬੇ ਨਾਨਕ ਦੀ ਛੋਹ ਦਾ ਸੁਆਦ ਮਾਣਿਆ ਉਨ੍ਹਾਂ ਹੀ ਉਹਨਾਂ ਦਾ ਬਿੰਬ ਸਾਖੀਕਾਰਾਂ ਨੇ ਭੁੱਖਾ, ਤਿਹਾਇਆ ,ਲਾਲਚੀ,ਮੰਗਤਾ ਤੇ ਡਰਪੋਕ ਜੇਹਾ ਬਣਾ ਕੇ ਉਭਾਰਿਆ । ਪ੍ਰੰਤੂ ਉਹ ਤਾਂ ਉਚੇ ਦਰਜੇ ਦਾ ਮਹਾਂਪੁਰਖ ,ਨਿਰਛਲ ,ਨਿਰਕਪਟ ,ਹਲੀਮ ,ਸੂਰਮਾ ਜੋ ਵਖਤੈ ਉਪਰ ਲੜ ਮਰਨ ਵਾਲਾ ,ਕਸ਼ਟਾਂ ਨੂੰ ਹੱਸ ਕੇ ਝੱਲਣ ਵਾਲਾ ,ਰਾਗ ਵਿਿਦਆ ਵਿਚ ਪ੍ਰਬੀਨ ਅਤੇ ਦਲੇਰ ਸ਼ਖਸ਼ੀਅਤ ਸੀ ।ਗੁਰੂ ਜੀ ਦਾ ਅਜਿਹਾ ਸਾਥੀ ਬਣਿਆ ,ਜਿਸ ਨੇ ਹਰ ਦੁੱਖ ਤੇ ਆਈ ਔਕੜ ਨੂੰ ਦਲੇਰੀ ਨਾਲ ਨਜਿਿਠਆ । ਕੌਡੇ ਰਾਖਸ਼ ਤੇ ਵਲੀ ਕੰਧਾਰੀ ਵਰਗਿਆਂ ਦਾ ਸਾਹਮਣਾ ਕੀਤਾ ਤੇ ਗੁਰੂ ਦੇ ਹੁਕਮਾਂ ਦੀ ਪਾਲਣਾ ਬੜੀ ਨਿਰਭੈਅਤਾ ਨਾਲ ਕੀਤੀ ।
ਮਰਦਾਨਾ ਆਪਣੇ ਪਿਤਾ ਦੇ ਵੇਲੇ ਦੀਆਂ ਗਾਇਕ ਢਾਣੀਆਂ ਦੀ ਸੰਗਤ ਵਿਚ ਸਾਜ਼-ਸੰਗੀਤ ਵਿਚ ਢਲ ਗਿਆ ਸੀ । ਉਹ ਸਾਰੰਗੀ ਤੇ ਰਬਾਬ ਦਾ ਮਾਹਿਰ ਉਸਤਾਦ ਬਣ ਗਿਆ । ਉਹ ਰਬਾਬ ਇਤਨੀ ਮਨਮੋਹਕ ਵਜਾਉਂਦਾ ਸੀ ਕਿ ਬਾਬਾ ਨਾਨਕ ਵੀ ਉਸ ਦੀ ਪ੍ਰਸੰਸਾ ਕਰਨੋ ਨਾ ਰਹਿ ਸਕਦੇ । ਹੁਣ ਗੁਰੂ ਨਾਨਕ ਸਾਹਿਬ ਜੀ ਨੇ ਮਾਨਵ ਕਲਿਆਣ ਦੇ ਤਰਾਨੇ ਲਿਖਣੇ ਤੇ ਗਾਉਣੇ ਸ਼ੁਰੂ ਕਰ ਦਿਤੇ । ਉਧਰ ਮਰਦਾਨੇ ਦੀ ਮਨ- ਮੁਗਧ ਰਬਾਬ ਨਾਲ ਗੁਰੂ ਬਾਬੇ ਦੀ ਰਸ ਭਰੀ ਆਵਾਜ਼ ਇਕ ਦੂਜੇ ਵਿਚ ਇਕ ਮਿਕ ਹੋ ਕੇ ਜੁਗ ਪਲਟਾਊ ਲਹਿਰ ਦਾ ਅਗਾਜ਼ ਕਰਨ ਲੱਗੀ । ਗੁਰੂ ਜੀ ਮਰਦਾਨੇ ਦੀ ਸਰਲਤਾ ਤੇ ਬਹੁਤ ਖੁਸ਼ ਹੋਏ ਤੇ ਆਖਣ ਲੱਗੇ ,”ਮਰਦਾਨਿਆ ਉਚ ਨੀਚ ਜਾਤਾਂ ਦੇ ਭਰਮ ਤਾਂ ਲੋਕਾਂ ਨੇ ਪਾ ਦਿਤੇ ।ਰੱਬ ਨੇ ਜਿਹੋ ਜਿਹਾ ਹੱਡ ਚੰਮ ਦਾ ਮੈਨੂੰ ਬਣਾਇਆ ਹੈ ,ਤੇਹਾ ਹੀ ਤੈਨੂੰ ਬਣਾਇਆ ਹੈ ।ਰੱਬ ਨੇ ਆਪਣੀ ਜੋਤ ਤੇਰੇ ਤੇ ਮੇਰੇ ਵਿਚ ਰੱਖੀ ਹੈ । ਰੱਬ ਨੇ ਤੈਨੂੰ ਕਈਆਂ ਨਾਲੋਂ ਚੰਗਾ ਬਣਾਇਆ ਹੈ ਕਿਓਂਕਿ ਤੈਨੂੰ ਰਾਗ ਦੀ ਸੂਝ ਦਿਤੀ ਹੈ । ਰਬਾਬ ਵਜਾਉਣ ਦਾ ਹੁਨਰ ਦਿਤਾ ਹੈ ਤੇ ਨਾਲ ਸੰਤੋਖ ਵੀ ਦਿਤਾ ਹੈ । ਤੂੰ ਸਮਾਜ ਦਾ ਢਾਢੀ ਬਣ ,ਮੈਂ ਸਚੇ ਪਰਮੇਸ਼ਰ ਦਾ ਢਾਢੀ । ਸਾਡੇ ਵਿਚ ਫਰਕ ਕੋਈ ਨਾ । ਤੂੰ ਵੀ ਰੱਬ ਦਾ ਢਾਢੀ ਬਣ ,ਤੇਰੇ ਸਾਰੇ ਮਨੋਰਥ ਪੂਰੇ ਹੋਣਗੇ । ਇਸ ਤਰਾਂ ਮਰਦਾਨੇ ਦਾ ਬਾਬੇ ਨਾਲ ਮੇਲ ਹੋਇਆ ਤੇ ਮਰਦਾਨਾ ਸਦਾ ਲਈ ਗੁਰੂ ਨਾਨਕ ਦਾ ਹੋ ਗਿਆ ”
ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਜਾਤੀ ਬੰਧਨਾਂ ਤੋਂ ਮੁਕਤ ਸਮਝਦੇ ਸਨ ਤੇ ਦਿਨੋ-ਦਿਨ ਜਾਤੀ-ਬੰਧਨਾਂ ਵਿਚ ਨਪੀੜੇ ਜਾ ਰਹੇ ਜਨ -ਸਮਾਜ ਨੂੰ ਸਦੀਵੀ ਜੀਵਨ-ਮੁਕਤੀ ਪ੍ਰਾਪਤ ਕਰਨ ਵਾਸਤੇ ਉਹ ਇਸ ਖੁਲ -ਦਿਲੀ ਦਾ ਉਪਦੇਸ਼ ਦਿੰਦੇ ਸਨ ।ਗੁਰੂ ਗਰੰਥ ਸਾਹਿਬ ਜੀ ਵਿਚ ਅੰਗ 1329 ਉਪਰ ਸੁਭਾਏਮਾਨ ਪਰਭਾਤੀ ਰਾਗ ਵਿਚ ਪਹਿਲੇ ਪਾਤਸ਼ਾਹ ਜੀ ਲਿਖਦੇ ਹਨ ਕਿ——
ਉਚਾ ਤੇ ਫੁਨਿ ਨੀਚੁ ਕਰਤ ਹੈ ,ਨੀਚੁ ਕਰੇ ਸੁਲਤਾਨ ॥
ਜਿਨੀ ਜਾਣ ਸੁਜਾਣਿਆ ,ਜਗਿ ਤੇ ਪੂਰੇ ਪਰਵਾਣ ॥
-(ਸਗਗਸ—ਅੰਗ 1329)
ਇਸੇ ਕਾਰਨ ਗੁਰੂ ਨਾਨਕ ਸਾਹਿਬ ਹਮੇਸ਼ਾਂ ਨੀਵਿਆਂ ਨੂੰ ਉੱਚਿਆਉਂਦੇ ,ਸਲਾਹੁੰਦੇ ਤੇ ਵਡਿਆਉਂਦੇ ਹੋਏ ਕਹਿੰਦੇ ਹਨ ——-
ਨੀਚਾ ਅੰਦਰ ਨੀਚ ਜਾਤਿ ,ਨੀਚੀ ਹੂ ਅਤਿ ਨੀਚ ।
ਨਾਨਕ ਤਿਨ ਕੇ ਸੰਗ ਸਾਥ ,ਵਡਿਆਂ ਸੋ ਕਿਆ ਰੀਸ ।
ਜਿਥੇ ਨੀਚ ਸਮਾਲੀਅਨਿ ,ਤਿਥੈ ਨਦਰਿ ਤੇਰੀ ਬਖਸ਼ੀਸ਼ ।
-(ਸਗਗਸ –ਅੰਗ 15 –ਸ੍ਰੀ ਰਾਗ ਮਹੱਲਾ 1 )
ਭਾਈ ਮਰਦਾਨਾ ਗੁਰੂ ਸਾਹਿਬ ਜੀ ਦਾ ਸਾਥੀ ਸੀ । ਉਸ ਦੇ ਮਨ ਅੰਦਰ ਜਦੋਂ ਵੀ ਕੋਈ ਸ਼ੰਕਾ ਪੈਦਾ ਹੁੰਦੀ ਤਾਂ ਉਹ ਬੜੀ ਦਲੇਰੀ ਨਾਲ ਬਾਬਾ ਜੀ ਤੋਂ ਸਪਸ਼ਟੀਕਰਣ ਲੈ ਲਿਆ ਕਰਦਾ ਸੀ । ਉਸ ਦੀ ਦਲੀਲ ਹਮੇਸ਼ਾ ਹੀ ਦਮਦਾਰ ਹੁੰਦੀ ਸੀ ਅਤੇ ਸਪਸ਼ਟੀਕਰਣ ਗੁਰੂ ਸਾਹਿਬ ਆਪ ਹੀ ਦਿਆ ਕਰਦੇ ਸਨ । ਜੇ ਕਰ ਉਸ ਦੀ ਤਸੱਲੀ ਨਾ ਹੁੰਦੀ ਤਾਂ ਉਹ ਦੁਬਾਰਾ ਪੁੱਛਣ ਤੋਂ ਘਬਰਾਉਂਦਾ ਨਹੀਂ ਸੀ । ਉਸ ਨੇ ਇਕ ਵਾਰ ਦੋਵੇਂ ਹੱਥ ਜੋੜ ਆਖਿਆ,’ਬਾਬਾ ਤੇਰਾ ਮੇਰਾ ਅੰਤਰ ਨਾਹੀਂ ,ਤੂੰ ਖੁਦਾਇ ਦਾ ਡੂਮ ਹਉ ਤੇਰਾ ਡੂਮ । ਤੈਂ ਖੁਦਾਇ ਪਾਇਆ ਹੈ ,ਤੈਂ ਖੁਦਾਇ ਦੇਖਿਆ ਹੈ ,ਤੇਰਾ ਕਿਹਾ ਖੁਦਾਇ ਕਰਦਾ ਹੈ ,
ਮੇਰੀ ਬੇਨਤੀ ਹੈ ,ਇਕ ,ਮੈਨੂੰ ਵਿਛੋੜਨਾ ਨਾਹੀਂ ਆਪ ਨਾਲੋਂ,ਨਾ ਏਥੇ,ਨਾ ਓਥੇ ,’
ਬਾਬੇ ਗੁਰੂ ਨੇ ਉਸੇ ਵੇਲੇ ਰਹਿਮ ਕਰਕੇ ਫਰਮਾਇਆ ,’ਮਰਦਾਨਿਆ ਤੁਧ ਉਪਰ ਮੇਰੀ ਖੁਸ਼ੀ ਹੈ । ਜਿਥੇ ਤੇਰਾ ਵਾਸਾ, ਉਥੇ ਮੇਰਾ ਵਾਸਾ ।’
ਭਾਈ ਮਰਦਾਨਾ ਜੀ ਦੇ ਨਾਲ ਗੁਰੂ ਬਾਬੇ ਨੇ ਅਨੇਕਾ ਬਚਨ ਬਿਲਾਸ ਕੀਤੇ । ਅਨੇਕ ਪ੍ਰਸ਼ਨ ਉਤਰ ਕਰਕੇ ਕਈ ਗੁਝੇ ਭਾਵ ਖੋਲ੍ਹੇ ਹਨ , ਉਦਾਹਰਨ ਵਜੋਂ–ਰਾਗਾਂ ਦੀ ਮਹੱਤਤਾ ,ਸਮਾਂ ਕਿਹੜਾ ਚੰਗਾ,ਦਰਿਆ ਤੇ ਤਾਂ ਬੇੜਾ ਹੁੰਦਾ ਹੈ ,ਮਲਾਹ ਪਾਰ ਲੰਘਾਂਦਾ ਹੈ । ਇਹ ਸੰਸਾਰ ਮਾਨੋ ਦਰਿਆ ਹੈ ,ਇਸ ਦਰਿਆ ਦਾ ਬੇੜਾ ਕੌਣ ਹੈ,ਲੰਘਾਵਣ ਵਾਲਾ ਕੌਣ ਹੈ ।ਮਨੁੱਖ ਖੁਦਾ ਨੂੰ ਮਿਲਦਾ ਕਿਵੇਂ ਹੈ ਤੇ ਵਿਛੜਦਾ ਕਿਵੇਂ । ਜਿਸ ਨੇ ਉਸ ਨੂੰ ਪਾ ਲਿਆ ,ਉਸ ਨੂੰ ਕਿਵੇਂ ਜਾਣੀਏ । ਇਤਨੇ ਸਵਾਲ ਪੁਛੇ ਹਨ । ਇਹਨਾਂ ਪ੍ਰਸ਼ਨਾਂ ਤੋਂ ਬਾਬੇ ਦੀ ਤੀਖਣ ਬੁਧੀ ਦਾ ਗਿਆਨ ਹੁੰਦਾ ਹੈ ।
ਸੰਸਾਰ ਦੇ ਭਲ਼ੇ ਲਈ ਗੁਰੂ ਸਾਹਿਬ ਹਰੇਕ ਪ੍ਰਸ਼ਨ ਦਾ ਉਤਰ ਦਿੰਦੇ ਹਨ । ਰਾਗ ਤਾਂ ਸਭ ਭਲੇ ਹਨ ਪਰ ਸਭ ਤੋਂ ਭਲਾ ਉਹ ਹੀ ਹੈ ਜਿਸ ਦੁਆਰਾ ਉਹ ਚਿਤ ਆਵੇ । ਸਭ ਰੁਤੀ ਔਰ ਸਭੇ ਮਾਹ ਉਸੇ ਨੂੰ ਭਲੇ ਹਨ ਕਿ ਜਿਨ੍ਹਾਂ ਨੂੰ ਪਰਮੇਸ਼ਵਰ ਚਿਤ ਆਂਵਦਾ ਹੈ । ਬਾਣੀ ਬੋਹਿਥੁ ਹੈ ,ਗੁਰੂ ਲੰਘਾਵਣਹਾਰ ਮਲਾਹ ਹੈ ।
ਮਰਦਾਨੇ ਦੀ ਰਬਾਬ ਦਾ ਕਮਾਲ ਹੈ ਕਿ ਉਹਨਾਂ ਨੇ ਇਸਲਾਮੀ ਦੇਸ਼ਾਂ ਵਿਚ ਰਬਾਬ ਨਾਲ ਕੀਰਤਨ ਕਰਕੇ ਸਭ ਨੂੰ ਹੈਰਾਨ ਕਰ ਦਿਤਾ ।ਭਾਈ ਗੁਰਦਾਸ ਜੀ ਨੇ 35 ਵੀਂ ਪੌੜੀ ਵਿਚ ਲਿਿਖਆ ਹੈ ਕਿ ——
ਸੁੰਨ ਮੁਨ ਨਗਰੀ ਭਈ ਦੇਖ ਪੀਰ ਹੋਆ ਹੈਰਾਨਾ ।
ਵੇਖੈ ਧਿਆਨ ਲਗਾਏ ਕਰਿ ਇਕ ਫਕੀਰੁ ਵਡਾ ਮਸਤਾਨਾ ।
ਇਹਨਾਂ ਮੁਲਕਾਂ ਵਿਚ ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ‘ ਦੇ ਕੀਰਤਨੀ ਸ਼ਬਦ ਗਾਏ । ਪੀਰ ਦੇ ਪੁੱਤਰ ਨੇ ਕਿਹਾ,”ਜਾਂ ਇਹ ਕਾਫਰ ਹੈ ਜਾਂ ਬਾਉਲਾ “। ਮਰਦਾਨੇ ਨੇ ਉਤਰ ਦਿਤਾ ,” ਮੈਂ ਬਾਵਲਾ ਨਹੀਂ ਮੁਰਸ਼ਦ ਦੀ ਆਵਾਜ਼ ਸੁਣਾ ਰਿਹਾ ਹਾਂ “। ਜਦੋਂ ਉਹਨਾਂ ਕਿਹਾ ਆਪਣੇ ਮੁਰਸ਼ਦ ਨੂੰ ਬੁਲਾਓ । “ਪੀਰ ਉਹ ਕਿਸੇ ਦੇ ਸਦਿਆਂ ਨਹੀਂ ਆਓਂਦਾ ,ਬੇਪਰਵਾਹ ਹੈ । ਆਪ ਭਾਵੇਂ ਕਿਸੇ ਥਾਂ ਚਲਿਆ ਜਾਵੇ ” ।
ਮਰਦਾਨਾ ਜੀ ਜਿਹੀ ਮਹਾਨ ਸ਼ਖਸ਼ੀਅਤ ਦਾ ਸ਼ਬਦ ਚਿਤ੍ਰ ਪੇਸ਼ ਕਰਨਾ ਭਾਵੇਂ ਬੇਹੱਦ ਮੁਸ਼ਕਲ ਹੈ ਤਾਂ ਵੀ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਰੂਪਕ ਰੂਪ ਕਬਿੱਤ ਵਿਚ ਉਨ੍ਹਾਂ ਬਾਰੇ ਕਦੇ ਕੁਝ ਇਸ ਤਰਾਂ ਲਿਿਖਆ ਸੀ ——-
ਬਾਬਾ ! ਮੈਂ ਤਾਂ ਤਾਲੋਂ ਘੁਥਾ ਕਰਮ ਬੇਤਾਲੇ ਕਰਾਂ ,
ਸੁਰ ਨਹੀਂ ਮਿਲਦਾ ,ਮੈਂ ਹੋ ਗਿਆ ਬੜਾ ਲਚਾਰ ।
ਲੈ ਗਈ ਉੱਖੜ ਨ ਤਾਨ ਬੈਠਦੀ ਠਿਕਾਣੇ ,
ਤੀਬਰ ਸਰਗਮ ਸੁਧ ਕਮਲ ਨਹੀਂ ਵਿਚਾਰ ।
ਵਾਦੀ ਤੇ ਸੰਵਾਦੀ ਅਨੁਵਾਦੀ ਨਾ ਗਿਆਨ ਕੁਝ ,
ਟੁਟੇ ਫੁਟੇ ਸਾਜ਼ ਲੈ ਕੇ ਢੱਠਾ ਆਣ ਤੇਰੇ ਦਵਾਰ ।
ਮਿਹਰਾਂ ਦੇ ਸਾਈਂ ! ਮਰਦਾਨੇ ਨੂੰ ਇਸ਼ਾਰਾ ਕਰੀਂ ,
ਸੁਰ ਠੀਕ ਕਰੇ ਨਾਲੇ ਛੇੜੇ ਜ਼ਰਾ ਮੇਰੀ ਤਾਰ ।
ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਲੋਧੀ ਤੋਂ ਚਲ ਕੇ ਚਾਰ ਸੰਸਾਰ ਫੇਰੀਆਂ (ਉਦਾਸੀਆਂ )ਕਰਨ ਤੋਂ ਪਹਿਲਾਂ ਭਾਈ ਲਾਲੋ ਤਰਖਾਣ (ਸਿੱਖ ) ਦੇ ਕੋਲ ਸੈਦਪੁਰ (ਐਮਨਾਬਾਦ ) ਪਹੁੰਚ ਕੇ ਰੋੜੀ ਸਾਹਿਬ ਦੇ ਸਥਾਨ ਉਤੇ ਬੜੀ ਭਾਰੀ ਤਪੱਸਿਆ ਕੀਤੀ ,ਜਿਸ ਬਾਰੇ ਭਾਈ ਗੁਰਦਾਸ ਜੀ ਨੇ ਇਸ ਤਰਾਂ ਲਿਿਖਆ ਹੈ ਕਿ ——-
ਪਹਿਲਾ ਬਾਬੇ ਪਾਯਾ ਬਖਸੁ ਦਰਿ, ਪਿਛੋ ਦੇ ਫਿਿਰ ਘਾਲਿ ਕਮਾਈ।
ਰੇਤੁ ਅਕੁ ਆਹਾਰੁ ਕਰਿ, ਰੋੜਾ ਕੀ ਗੁਰ ਕਰੀ ਵਿਛਾਈ।
ਰਾਏ ਬੁਲਾਰ ਉਸ ਸਮੇਂ ਬੜਾ ਬਿਰਧ ਹੋ ਚੁਕਾ ਸੀ ,ਇਸ ਲਈ ਭਾਈ ਮਰਦਾਨੇ ਹੱਥ ਉਸ ਦੀ ਪ੍ਰੀਤ-ਮਿਲਣੀ ਦਾ ਸੰਦੇਸ਼ ਪੁੱਜਣ ਉਤੇ ਗੁਰੂ ਨਾਨਕ ਖ਼ੁਦ ਸੈਦਪੁਰ ਤੋਂ ਤਲਵੰਡੀ ਪੁਜੇ ਤੇ ਭਾਈ ਮਰਦਾਨੇ ਸਮੇਤ ,ਰਾਏ ਜੀ ਦੇ ਨਾਲ ਹੀ ਮਾਤਾ-ਪਿਤਾ ਨੂੰ ਵੀ ਮਿਲ ਗਏ ।
ਗੁਰੂ ਨਾਨਕ ਸਾਹਿਬ ਨੇ ਪਹਿਲਾਂ ਰੋੜੀ ਸਾਹਿਬ ਸੈਦਪੁਰ ਤਪ-ਸਾਧਨਾ ਕਰ ਕੇ ਆਪਣੇ ਸਰੀਰ ਨੂੰ ਚੰਗੀ ਤਰਾਂ ਸਾਧਿਆ, ਨਾਲੇ ਇਕ ਵਾਰ ਤਲਵੰਡੀ ਵੀ ਹੋ ਆਏ ਤੇ ਫੇਰ ਇਕ ਚੰਗੇ ਯਾਤਰੀ ਵਾਂਗ ਲੰਮੇ ਸਫ਼ਰ ਤੇ ਨਿਕਲਣ ਲਈ ਕਮਰਾਂ ਕੱਸ ਲਈਆਂ ।
ਗੁਰੂ ਨਾਨਕ ਸਾਹਿਬ ਨੇ ਮਨੁੱਖ ਜਾਤੀ ਦਾ ਉਧਾਰ ਕਰਨ ਖਾਤਿਰ ਲੰਮੀਆਂ ਉਦਾਸੀਆਂ ਕੀਤੀਆਂ । ਇਹ ਉਦਾਸੀਆਂ ਪ੍ਰਚਾਰ ਫੇਰੀਆਂ ਹੀ ਸਨ ਅਤੇ ਇਤਿਹਾਸਕਾਰਾਂ ਨੇ ਇਹਨਾਂ ਪ੍ਰਚਾਰ ਫੇਰੀਆਂ ਨੂੰ ਉਦਾਸੀਆਂ ਲਿਿਖਆ ਹੈ ।
ਉਦਾਸੀ ਤੋਂ ਭਾਵ—ਉਦਾਸ ਬਿਰਤੀ ਜਾਂ ਵਿਰਕਤ ਬਿਰਤੀ ।
ਗੁਰੂ ਜੀ ਸੰਸਾਰਕ ਵਿਹਾਰ ਤੋਂ ਮੁਕਤ ਹੋ ਕੇ ਕੇਵਲ ਤੇ ਕੇਵਲ ਗੁਰੂ ਘਰ ਦਾ ਪ੍ਰਚਾਰ ਕਰ ਰਹੇ ਸਨ ਜਿਸ ਦਾ ਮੁਖ ਉਦੇਸ਼ ਲੋਕ-ਕਲਿਆਣ ਸੀ । ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਦੱਸਿਆ ਹੈ ਕਿ ——
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ ॥੨੪॥
ਮਰਦਾਨੇ ਸਮੇਤ ਚਾਰ ਉਦਾਸੀਆਂ ਇਕ ਨਿਸਚਿਤ ਸੋਚ-ਵਿਚਾਰ ਦੇ ਅਧੀਨ ਵਿਉਂਤ ਕੀਤੀਆਂ ਗਈਆਂ ਸਨ ।ਭਾਈ ਮਰਦਾਨਾ ਸਤਿਗੁਰ ਦੇ ਰੰਗ ਵਿਚ ਪੂਰਨ ਪਦ ਨੂੰ ਪਹੁੰਚਾ । ਇਕ ਦਿਨ ਮਰਦਾਨੇ ਨੂੰ ਸਤਿਗੁਰਾਂ ਨੇ ਫਰਮਾਇਆ ਸੀ ਕਿ ਅਸੀਂ ਤੈਨੂੰ ਗੰਧਰਵ ਲੋਕ ਤੋਂ ਨਾਲ ਲਿਆਏ ਸੀ ਜਦੋਂ ਅਸੀਂ ਬੈਕੁੰਠ ਧਾਮ ਜਾਵਾਂਗੇ ਤਾਂ ਤੈਨੂੰ ਨਾਲ ਲੈ ਜਾਵਾਂਗੇ ।ਸਤਿਗੁਰੂ ਜੀ ਫਰਮਾਉਂਦੇ ਹਨ ਕਿ ਤੁਧ ਬ੍ਰਹਮ ਪਛਾਤਾ ਹੈ ਤਾਂ ਤੇ ਤੂੰ ਬ੍ਰਾਹਮਣ ਹੋਇਆ । ਮਰਦਾਨਾ ਸਤਿਗੁਰਾਂ ਦੇ ਚਰਣੀ ਲੱਗਾ ਰਿਹਾ ਤੇ ਜੀਵਨ ਮੁਕਤ ਤੇ ਪਾਰਗਰਾਮੀ ਹੋ ਗਿਆ । ਮਰਦਾਨਾ ਬਾਕੀ ਉਮਰ ਕਿਸੇ ਕੰਦਰਾ ਗੁਫਾ ਵਿਚ ਨਹੀਂ ਬੀਤੀ ਪਰ ਸਤਿਗੁਰੂ ਦੇ ਚਰਨਾਂ ਵਿਚ ਸਾਧ ਸੰਗਤ ਨੂੰ ਹਰੀ ਜੱਸ ਸੁਣਾਉਂਦਿਆਂ ਸਫ਼ਲ ਹੋਈ । ਆਪ ਤਰਿਆ ਤੇ ਹੋਰਨਾਂ ਨੂੰ ਬੇੜੇ ਚਾੜਦਾ ਮਰਦਾਨਾ ‘ਸਫਲ ਸਿੱਖ’ ਹੋਇਆ।
ਬਲਬੀਰ ਸਿੰਘ ਕੰਵਲ ਨੇ ਆਪਣੀ ਪੁਸਤਕ ਪੰਜਾਬ ਦੇ ਪ੍ਰਸਿੱਧ ਰਾਗੀ ਦੇ ਪੰਨਾ 74 ਤੇ ਦਰਜ ਕੀਤਾ ਹੈ ਕਿ ਭਾਈ ਮਰਦਾਨਾ 13 ਮੱਘਰ ਸੰਮਤ 1591 ਨੂੰ ਅਫਗਾਨਿਸਤਾਨ ਦੇ ਦਰਿਆ ਕੁਰਮ ਦੇ ਕੰਢੇ ਵੱਸਦੇ ਕੁਰਮ ਸ਼ਹਿਰ ਵਿਚ ਆਪ ਚਲਾਣਾ ਕਰ ਗਏ ਅਤੇ ਆਪਣੇ ਜੁਗਾਂ ਦੇ ਸਾਥੀ ਨੂੰ ਵਿਛੋੜਾ ਦੇ ਗਏ ।ਭਾਈ ਮਰਦਾਨੇ ਦੇ ਅੰਤਿਮ ਸਮੇਂ ਪਰ ਤ੍ਰੇ ਵਿਚਾਰਾਂ ਹਨ । 1581,1591 ਤੇ 1595 ਬਿਕ੍ਰਮੀ । ਆਪ ਦੇ ਚਲਾਣੇ ਬਾਬਤ ਕੁਰਮ ਵਿਚ ਹੋਣਾ ਅਤੇ ਅਗਨੀ ਦਾਹ ਨਾਲ ਸਸਕਾਰ ਕੀਤਾ ਜਾਣਾ ਵੀ ਲਿਿਖਆ ਹੈ ਪਰ ਕੁਰਮ ਵਿਚ ਟਿਕਾਣੇ ਦਾ ਪਤਾ ਅੱਜ ਤਕ ਨਹੀਂ ਲੱਭਾ । ਭਾਈ ਮਨੀ ਸਿੰਘ ਜੀ ਆਪ ਦਾ ਦਿਹਾਂਤ ਰਾਵੀ ਕੰਢੇ ਕਰਤਾਰਪੁਰ ਵਿਚ ਹੋਇਆ ਲਿਖਦੇ ਹਨ ।
ਭਾਈ ਮਰਦਾਨਾ ਗੁਰੂ ਬਾਬੇ ਦੇ ਸਾਥ ਵਿਚ ਬਹੁਤ ਹੀ ਉਚੇਰੀ ਅਵਸਥਾ ਨੂੰ ਪ੍ਰਾਪਤ ਹੋ ਗਿਆ ਸੀ ।ਇਕ ਦਿਨ ਸਹਿਵਨ ਹੀ ਗੁਰੂ ਬਾਬੇ ਨੇ ਮਰਦਾਨੇ ਦਾ ਅੰਤਿਮ ਸਮਾਂ ਨੇੜੇ ਜਾਣ ਕੇ ਮਰਦਾਨੇ ਨੂੰ ਪੁੱਛਿਆ ,’ਮਰਦਾਨਿਆ !ਜੇ ਤੂੰ ਚਾਹੇ ਤਾਂ ਤੇਰੀ ਦੇਹ ਨੂੰ ਬ੍ਰਾਹਮਣ ਵਾਂਗੂ ਦਰਿਆ ਵਿਚ ਸੁਟ ਦੇਈਏ । ਜੇ ਤੇਰੀ ਖਾਹਿਸ਼ ਹੋਵੇ ਤਾਂ ਖੱਤ੍ਰੀ ਵਾਂਗ ਸਾੜ ਦੇਈਏ । ਮਰਦਾਨਿਆ ਜੇ ਤੇਰੀ ਇੱਛਾ ਹੋਵੇ ਤਾਂ ਵੈਸ਼ ਵਾਂਗੂ ਹਵਾ ਵਿਚ ਸੁਟਵਾ ਦੇਈਏ, ਜੇ ਤੇਰਾ ਚਿਤ ਹੋਵੇ ਤਾਂ ਦਬਵਾ ਦੇਈਏ ‘। ਮਰਦਾਨਾ ਜੀ ਨੇ ਉਤਰ ਵਿਚ ਆਖਿਆ ,”ਵਾਹ, ਬਾਬਾ ਵਾਹ ! ਅਜੇ ਵੀ ਸਰੀਰ ਦੇ ਚੱਕਰਾਂ ਵਿਚ । ਤੁਹਾਡੇ ਉਪਦੇਸ਼ ਕਾਰਨ ਤਾਂ ਦੇਹੀ ਦਾ ਖਿਆਲ ਹੀ ਖ਼ਤਮ ਹੋ ਗਿਆ ਹੈ। ਮੈਂ ਤਾਂ ਆਪਣੀ ਆਤਮਾ ਨੂੰ ਹੀ ਕੇਵਲ ਆਪਣਾ ਸਾਥੀ ਸਮਝਦਾ ਹਾਂ” । ਬਾਬਾ ਨਾਨਕ ਅੱਜ ਦੇ ਮੇਹਰ ਦੇ ਘਰ ਆਏ ਹੋਏ ਸਨ ਫੇਰ ਬੋਲੇ,”ਮਰਦਾਨਿਆ ,ਮੇਰਾ ਚਿੱਤ ਕਰਦਾ ਹੈ ਕਿ ਤੇਰੀ ਸਮਾਧ ਬਣਾ ਕੇ ਤੈਨੂੰ ਜਗਤ ਵਿਚ ਪ੍ਰਸਿੱਧ ਕਰ ਦੇਈਏ ” ।ਮਰਦਾਨਾ ਨੇ ਕੁਝ ਗੰਭੀਰ ਹੋ ਕੇ ਕਿਹਾ ,”ਬਾਬਾ ਬੜੀ ਮੁਸ਼ਕਲ ਨਾਲ ਤਾਂ ਸਰੀਰ ਰੂਪੀ ਸਮਾਧ ਵਿਚੋਂ ਨਿਕਲਣ ਲੱਗਾ ਹਾਂ ਇਸ ਨੂੰ ਫਿਰ ਪੱਥਰ ਵਿਚ ਕਿਉਂ ਪਾਂਵਦੇ ਹੋ ।” ਬਾਬੇ ਨੇ ਅਗੇ ਵੱਧ ਕੇ ਮਰਦਾਨੇ ਨੂੰ ਆਪਣੀ ਛਾਤੀ ਨਾਲ ਲਾ ਲਿਆ ਤੇ ਕਿਹਾ ਮਰਦਾਨਿਆ ,”ਤੂੰ ਬ੍ਰਹਮ ਨੂੰ ਪਛਾਣ ਲਿਆ ਹੈ ,ਤੂੰ ਬ੍ਰਹਮ ਗਿਆਨੀ ਹੋਇਆ ।ਅਸੀਂ ਤੈਨੂੰ ਅੱਗ ਦਾ ਦਾਗ ਦੇਵਾਂਗੇ ਅਤੇ ਰਾਵੀ ਵਿਚ ਤੈਨੂੰ ਪ੍ਰਵਾਹ ਕਰਾਂਗੇ ।” ਤੂੰ ਰਾਵੀ ਦੇ ਕੰਢੇ ਆਸਣ ਮਾਰ ਕੇ ਬੈਠ ,ਪ੍ਰਮੇਸ਼ਵਰ ਦਾ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਜਪ ।ਇਸ ਤਰਾਂ ਮਰਦਾਨੇ ਨੇ ਆਪਣਾ ਸਰੀਰ ਤਿਆਗਿਆ । ਭਾਈ ਮਨੀ ਸਿੰਘ ਜੀ ਨੇ ਗਿਆਨ ਰਤਨਾਵਲੀ ਦੀ ਪਉੜੀ ਨੰਬਰ 45 ਵਿਚ ਲਿਿਖਆ ਹੈ ,ਮਰਦਾਨੇ ਨੇ ਆਪਣੀ ਇੱਛਾ ਅਨੁਸਾਰ ਸਾਹਿਬਾਂ ਨੇ ਆਪਣੇ ਹਸਤ ਕਮਲਾਂ ਨਾਲ ਉਸ ਦਾ ਸੰਸਕਾਰ ਕੀਤਾ ।ਸੰਸਕਾਰ ਉਪਰੰਤ ਗੁਰਦੇਵ ਨੇ ਅੰਮ੍ਰਿਤ ਵੇਲੇ ਕੜਾਹ ਪ੍ਰਸ਼ਾਦਿ ਤਿਆਰ ਕਰ ਕੇ ਸੰਗਤਾਂ ਵਿਚ ਵਰਤਾਇਆ । ਇਸ ਮੌਕੇ ਤੇ ਮਰਦਾਨਾ ਜੀ ਦਾ ਪੁੱਤਰ ਸ਼ਹਿਜ਼ਾਦਾ ਹਾਜ਼ਰ ਸੀ ,ਉਸ ਨੂੰ ਬਾਬੇ ਕਿਹਾ ਜੋ ਆਪਣੇ ਘਰ ਜਾਂਦੇ ਹਨ ਉਨ੍ਹਾਂ ਦਾ ਸੋਗ ਨਹੀਂ ਕਰਨਾ ।
ਡਾ. ਅਜੀਤ ਸਿੰਘ ਕੋਟਕਪੁਰਾ, 0015853050443, [email protected]
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly