(ਸਮਾਜ ਵੀਕਲੀ)
ਹਰ ਸਾਲ ਸ੍ਰੀ ਗਰੂ ਨਾਨਕ ਦੇਵ ਜੀ ਜੋਂ ਸਾਰੀ ਦੁਨੀਆਂ ਦੇ ਗੁਰੂ ਸਨ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਜਦੋਂ ਗੁਰੂ ਨਾਨਕ ਦੇਵ ਜੀ ਨੇ 15 ਅਪ੍ਰੈਲ 1469 ਨੂੰ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਜਨਮ ਲਿਆ ਉਸ ਸਮੇਂ ਨੂੰ ਕਲਯੁਗ ਕਰਕੇ ਪੁਕਾਰਿਆ ਜਾਂਦਾ ਸੀ ਕਿਉਂਕਿ ਉਸ ਵੇਲੇ ਲੋਕਾਂ ਵਿਚ ਗਿਆਨ ਦਾ ਇਨਾਂ ਵਿਕਾਸ ਨਹੀਂ ਸੀ ਹੋਇਆ ਇਹ ਉਹ ਸਮਾਂ ਸੀ ਜਦ ਵਹਿਮਾਂ, ਭਰਮਾਂ, ਊਚ ਨੀਚ, ਵਰਨ ਅਨੇਕਤਾ, ਕਰਮ ਕਾਂਡ, ਵਿਖਾਵਾ, ਮਨੁੱਖੀ ਜਾਮੇ ਵਿੱਚ ਵਿਚਰ ਰਹੇ ਅਧਰਮੀ ਰਾਜਿਆਂ ਤੇ ਲਾਲਚੀ ਧਾਰਮਿਕ ਆਗੂਆਂ ਦਾ ਬੋਲ ਬਾਲਾ ਸੀ। ਸਿੱਟੇ ਵਜੋਂ ਲੋਕੀਂ ਕਿਸੇ ਤਰ੍ਹਾਂ ਦਾ ਗਿਆਨ ਨਾ ਹੋਣ ਕਰਕੇ ਵਕਤੀ ਹਾਕਮ ਦੀ “ਚੜ੍ਹਦੇ ਸੂਰਜ ਨੂੰ ਸਲਾਮ” ਵਾਲੀ ਕਹਾਵਤ ਅਨੁਸਾਰ ਪੂਜਾ ਕਰਦੇ ਸਨ ਅਤੇ ਉਸਦਾ ਸੁਭਾਅ, ਆਚਰਨ, ਤੌਰ ਤਰੀਕੇ ਆਦਿ ਵੀ, ਉਸ ਨੂੰ ਖੁਸ਼ ਕਰਨ ਲਈ ਅਪਨਾ ਲਏ ਸਨ। ਗਿਆਨ ਨਾ ਹੋਣ ਕਰਕੇ ਮਨੁੱਖੀ ਜੀਵਨ ਦੇ ਹਰ ਖੇਤਰ ਵਿੱਚ ਭਟਕਣਾ ਸੀ।
ਅਖੌਤੀ ਧਰਮ ਦੇ ਠੇਕੇਦਾਰਾਂ, ਹੁਕਮਰਾਨਾਂ ਦੇ ਹੰਕਾਰ, ਪਾਖੰਡ ਅਤੇ ਜਬਰ ਦੇ ਮਾਹੌਲ ਕਰਕੇ ਸਮਾਜਿਕ ਜੀਵਨ ਦੇ ਹਰ ਖੇਤਰ ਵਿੱਚ ਅਰਾਜਕਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਗਿਆਨਵਾਨ ਸਨ, ਉਹ ਵਿਗਿਆਨਕ ਅਤੇ ਇਨਕਲਾਬੀ ਸੋਚ ਰੱਖਦੇ ਸਨ ਸਮੇਂ ਦੇ ਹਾਲਾਤ ਵੇਖਕੇ ਉਨ੍ਹਾਂ ਨੇ ਸਮਾਜ ਦੀਆਂ ਬੁਰਾਈਆਂ, ਅੰਧਵਿਸ਼ਵਾਸ, ਅਤੇ ਹੋਰ ਮਾੜੀ ਕੁਰੀਤੀਆਂ ਖ਼ਿਲਾਫ਼ ਲੜਾਈ ਲੜੀ ਜਿਸਦੇ ਤਹਿਤ ਉਨ੍ਹਾਂ ਨੇ ਦੇਸ਼ ਅਤੇ ਵਿਦੇਸ਼ ਵਿਚ ਬਹੁਤ ਸਾਰੀਆਂ ਉਦਾਸੀਆਂ ਕੀਤੀਆਂ ਅਤੇ ਲੋਕਾਂ ਨੂੰ ਤਰਕ ਦੇ ਆਧਾਰ ਤੇ ਜਾਗਰੂਕ ਕੀਤਾ ਜਿਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜਿਵੇਂ ਕਿ ਸੂਰਜ ਨੂੰ ਪਾਣੀ ਦੇ ਰਹੇ ਲੋਕਾਂ ਨੂੰ ਤਰਕ ਦੇ ਕੇ ਸਮਝਾਇਆ ਕਿ ਸੂਰਜ ਤੱਕ ਪਾਣੀ ਪੂਜਣਾ ਅਸੰਭਵ ਹੈ ਅਤੇ ਇਹ ਨਿਰਾ ਇਕ ਪਖੰਡ ਹੈ ਇਸੇ ਤਰ੍ਹਾਂ ਸ਼ਰਾਧ ਰਾਹੀਂ ਪਿਤਰਾਂ ਨੂੰ ਖਾਣਾ ਖੁਆਉਣਾ ਵੀ ਤਰਕ ਦੇ ਆਧਾਰ ਤੇ ਗੁਰੂ ਜੀ ਨੇ ਪਖੰਡ ਸਿਧ ਕੀਤਾ ਸੀ। ਗੁਰੂ ਜੀ ਨੇ ਇਨਸਾਨ ਨੂੰ ਤਿੰਨ ਗੁਰ ਦੱਸੇ ਸਨ, ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ। ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਗ੍ਰਹਿਸਥੀ ਜੀਵਨ ਵਿੱਚ ਰਹਿ ਕੇ ਜੀਵਨ ਜਿਊਣ ਦਾ ਉਪਦੇਸ਼ ਦਿੱਤਾ।
ਗੁਰੂ ਜੀ ਨੇ ਰੱਬ ਨੂੰ ਜੰਗਲਾਂ, ਸਮਾਧੀਆਂ, ਧਾਰਮਿਕ ਸਥਾਨਾਂ, ਸਰੋਵਰਾਂ ਅਤੇ ਮਾਲਾ ਫੇਰ ਕੇ ਲੱਭਣ ਨੂੰ ਵੀ ਪਖੰਡ ਦੱਸਿਆ। ਗੁਰੂ ਜੀ ਨੇ ਖੁਦ ਵਿਆਹ ਕਰਵਾਇਆ, ਖੇਤਾ ਵਿੱਚ ਹਲ ਵੀ ਵਾਹਿਆ ਅਤੇ ਇੱਕ ਆਮ ਇਨਸਾਨ ਦੀ ਤਰ੍ਹਾਂ ਗ੍ਰਹਿਸਥੀ ਜੀਵਨ ਬਤੀਤ ਕੀਤਾ। ਉਨ੍ਹਾਂ ਨੇ ਮੂਰਤੀ ਪੂਜਾ ਅਤੇ ਰੱਬੀ ਸ਼ਕਤੀ ਦਾ ਖੰਡਨ ਕੀਤਾ। ਪਰ ਅੱਜ ਵੀ ਉਸ ਤਰ੍ਹਾਂ ਦੇ ਸਮੇਂ ਦੀ ਵੰਨਗੀ ਦੇਖਣੀ ਹੋਵੇ ਤਾਂ ਅੱਜਕਲ ਦੇ ਧਾਰਮਿਕ ਠੇਕੇਦਾਰਾਂ ਅਤੇ ਹੁਕਮਰਾਨਾਂ ਵਲੋਂ ਬਣਾਈ ਗਈ ਦੇਸ ਦੀ ਹਾਲਤ ਦੇਖੀ ਜਾ ਸਕਦੀ ਹੈ। ਜ਼ਾਤ-ਪਾਤ ਆਦਿ ਦੇ ਵਿਤਕਰੇ ਕਾਰਨ ਮਨੁੱਖ ਮਨੁੱਖ ਤੋਂ ਨਫਰਤ ਕਰ ਰਿਹਾ ਹੈ। ਗਰੁੱਪ, ਧੜੇ, ਪਾਰਟੀਆਂ, ਝਗੜੇ, ਲੜਾਈਆਂ, ਕਤਲ, ਬਲਾਤਕਾਰ ਅਤੇ ਖੂਨ ਖਰਾਬਾ ਹੋ ਰਿਹਾ ਹੈ। ਅੱਜ ਫਿਰ ਭਾਰਤ ਦੇਸ਼ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲੋੜ ਹੈ ਕਿਉਂਕਿ ਦੇਸ਼ ਜ਼ਾਤਾ ਅਤੇ ਧਰਮਾ ਦੇ ਨਾਂ ਤੇ ਵੰਡਿਆ ਗਿਆ ਹੈ ਜ਼ਾਤ ਅਤੇ ਧਰਮ ਦੇ ਨਾਂ ਤੇ ਦੰਗੇ ਕਰਵਾਏ ਜਾਂਦੇ ਹਨ, ਨਫ਼ਰਤ ਵੰਡੀ ਜਾਂਦੀ ਹੈ।
ਧਰਮ ਅਤੇ ਰੱਬ ਦੇ ਨਾਂ ਤੇ ਦੁਕਾਨਾਂ ਬਣ ਚੁਕੀਆਂ ਹਨ ਲੁਟਿਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵਾਰ ਵਾਰ ਸਾਨੂੰ ਸਮਝਾਉਂਦੇ ਹਨ ਕਿ ।। ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ।। ਆਪਣੀ ਬਾਣੀ ਚ ਵੀ ਗੁਰੂ ਜੀ ਨੇ ਲਿਖਿਆ ।।ਮਨਿ ਜੀਤੈ ਜਗੁ ਜੀਤ।। ਜਿਸ ਇਨਸਾਨ ਨੇ ਆਪਣੇ ਆਪ ਨੂੰ ਸਮਝ ਲਿਆ, ਆਪਣੇ ਮਨ ਨੂੰ ਕਾਬੂ ਕਰ ਲਿਆ ਹੈ ਅਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਕੇ ਗ੍ਰਹਿਸਥੀ ਜੀਵਨ ਵਿੱਚ ਵਿਚਰਦਿਆਂ ਕੀਰਤ ਕਰਕੇ ਆਪਣਾ ਜੀਵਨ ਖੁਸ਼ਹਾਲ ਅਤੇ ਸਫਲਾ ਬਣਾ ਲਿਆ ਹੈ ਉਸ ਨੂੰ ਰੱਬ ਲੱਭਣ ਲਈ ਪਖੰਡ ਕਰਨ ਦੀ ਲੋੜ ਨਹੀ ਸੱਚੀ ਨੀਅਤ ਵਾਲਿਆਂ ਨੂੰ ਮਾਂ ਦੇ ਰੂਪ ਵਿੱਚ ਰੱਬ ਮਿਲ ਜਾਂਦਾ ਹੈ। ਕਿਸੇ ਨੇ ਸੱਚ ਕਿਹਾ ਹੈ ਕਿ ਲੋਕੀ ਰੱਬ ਨੂੰ ਪਿਆਰ ਕਰਦੇ ਹਨ ਪਰ ਰੱਬ ਉਨ੍ਹਾਂ ਨੂੰ ਪਿਆਰ ਕਰਦਾ ਹੈ ਜੋ ਲੋਕਾਂ ਨੂੰ ਪਿਆਰ ਕਰਦੇ ਹਨ। ਸੋ ਆਓ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿਤੇ ਉਪਦੇਸ਼ਾ ਤੇ ਚਲਦਿਆਂ ਆਪਣਾ ਅਤੇ ਦੂਜਿਆਂ ਜਨਮ ਸਫਲ ਕਰਨ ਦੀ ਕੋਸ਼ਿਸ਼ ਕਰੀਏ।
ਕੁਲਦੀਪ ਸਿੰਘ ਰਾਮਨਗਰ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly