ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸੇਵਾ ਤੇ ਸਿਮਰਨ ਦੇ ਪੁੰਜ ਧੰਨ-ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਵੱਖ ਵੱਖ ਧਾਰਮਿਕ ਅਤੇ ਸਾਹਿਤਕ ਗਤੀਵਿਧੀਆਂ ਦਾ ਆਗਾਜ਼ ਅੱਜ ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਵਿਖੇ ਕੀਤਾ ਗਿਆ। ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਆਯੋਜਿਤ ਇਨ੍ਹਾਂ ਗਤੀਵਿਧੀਆਂ ‘ਚ ਅੱਜ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਵਕਤਾ ਦੀ ਭੂਮਿਕਾ ਗੁਰਪ੍ਰੀਤ ਸਿੰਘ ਨੇ ਨਿਭਾਈ ਜਿਸ ਨੇ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਮੁੱਖ ਸਰੋਕਾਰ ਵਿਸ਼ੇ ਤੇ ਵਿਚਾਰ ਚਰਚਾ ਕੀਤੀ। ਉਪਰੰਤ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਗੁਰਪ੍ਰੀਤ ਸਿੰਘ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰੂ ਅਮਰਦਾਸ ਜੀ ਦੀ ਯਾਦ ਵਿੱਚ ਇਹ ਸਮਾਗਮ ਨਿਰੰਤਰ ਪੂਰਾ ਸੈਸ਼ਨ ਜਾਰੀ ਰਹਿਣਗੇ ਜਿਸ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਡਾ. ਨਿਰਮਲਜੀਤ ਕੌਰ (ਕਨਵੀਨਰ),ਮਨਮੰਤ ਸਿੰਘ ਲਾਇਬ੍ਰੇਰੀਅਨ,ਪ੍ਰੋ. ਗੁਰਪ੍ਰੀਤ ਸਿੰਘ,ਪ੍ਰੋ. ਤਜਿੰਦਰ ਸਿੰਘ, ਸ. ਬਲਜਿੰਦਰ ਸਿੰਘ ਸ਼ਾਮਲ ਹਨ। ਇਸ ਕਮੇਟੀ ਦੇ ਸਹਿਯੋਗ ਨਾਲ ਸਮੇਂ-ਸਮੇਂ ਸਿਰ ਪ੍ਰੋਗਰਾਮ ਉਲੀਕੇ ਜਾਣਗੇ ਜਿਸ ਵਿੱਚ ਵਿਦਿਆਰਥੀ ਭਰਵੀਂ ਸ਼ਮੂਲੀਅਤ ਕਰਨ ਤੇ ਗੁਰੂ ਅਮਰਦਾਸ ਜੀ ਦੇ ਜੀਵਨ ਫਲਸਫ਼ੇ ਨੂੰ ਅਸਲ ਜੀਵਨ ‘ਚ ਅਪਨਾਉਣ। ਮੰਚ ਸੰਚਾਲਨ ਡਾ. ਨਿਰਮਲਜੀਤ ਕੌਰ ਨੇ ਵੱਲੋਂ ਕੀਤਾ ਗਿਆ ਤੇ ਨਾਲ ਹੀ ਉਨ੍ਹਾਂ ਨੇ ਏਸੇ ਲੜੀ ਤਹਿਤ ਕੀਤੇ ਜਾਣ ਵਾਲੇ ਬਾਕੀ ਪ੍ਰੋਗਰਾਮ ਜਿਵੇਂ ਸੈਮੀਨਾਰ, ਵਿਦਿਆਰਥੀਆਂ ਦੀਆਂ ਪ੍ਰਤੀਯੋਗਤਾਵਾਂ ਜਾਂ ਕੀਰਤਨ ਦਰਬਾਰ ਆਦਿ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਪ੍ਰੋ. ਪੂਜਾ,ਪ੍ਰੋ. ਹਰਪਾਲ ਕੌਰ,ਪ੍ਰੋ. ਉਂਕਾਰ ਸਿੱਧੂ, ਪ੍ਰੋ. ਚਰਨਜੀਤ ਸੈਣੀ ਤੇ ਪ੍ਰੋ. ਹਰਪ੍ਰੀਤ ਕੌਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly