* ਹਿਸਾਬ ਆਡਿਟ ਅਤੇ ਪਾਰਦਰਸ਼ੀ ਕਰਨ ਲਈ ਸੰਗਤਾਂ ਦਾ ਸਹਿਯੋਗ ਜਰੂਰੀ : ਅਜੀਤ ਰਾਮ ਖੇਤਾਨ
ਕਮੇਟੀ ਪ੍ਰਧਾਨ ਕੋਲ ਕਿਸੇ ਮੈਂਬਰ ਨੂੰ ਬਿਨਾਂ ਨੋਟਿਸ ਦਿੱਤੇ ਹਟਾਉਣ ਦੀ ਕੋਈ ਤਾਕਤ ਨਹੀਂ : ਆਮ ਪਬਲਿਕ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਹਾਲ ਹੀ ਵਿੱਚ ਸ਼ੋਸ਼ਲ ਮੀਡੀਏ ਤੇ ਵਾਇਰਲ ਹੋਈ ਕੌਮੀ ਕੈਸ਼ੀਅਰ ਅਮਿਤ ਕੁਮਾਰ ਪਾਲ ਦੀ ਚਿੱਠੀ ਤੋਂ ਬਾਅਦ ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਦੇ ਚੇਅਰਮੈਨ ਅਜੀਤ ਰਾਮ ਖੇਤਾਨ ਵਲੋੰ ਪ੍ਰਧਾਨ ਦੀਆਂ ਗੈਰ ਸੰਵਿਧਾਨਕ ਕਾਰਵਾਈਆਂ ਅਤੇ ਗੁਰੂਘਰ ਵਿੱਚ ਹੋ ਰਹੀਆਂ ਬੇਨਿਯਮੀਆਂ ਤੇ ਸਵਾਲ ਚੁੱਕੇ ਹਨ ਅਤੇ ਹਿਸਾਬ ਕਿਤਾਬ ਵਿਚ ਹੋਈਆਂ ਬੇਨਿਯਮੀਆਂ ਨੂੰ ਸਪਸ਼ਟ ਕਰਨ ਲਈ ਆਡਿਟ ਕਮੇਟੀ ਬਣਾਉਣ ਅਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲਕੇ ਜਾਂਚ ਕਰਾਉਣ ਲਈ ਆਦਿ ਧਰਮ ਮਿਸ਼ਨ ਦੇ ਕਾਰਜਕਾਰੀ ਮੈਂਬਰਾਂ ਦੇ ਵਿਚਾਰ ਜਾਨਣ ਲਈ ਰਾਏ ਮੰਗੀ ਹੈ।ਖੇਤਾਨ ਨੇ ਕਿਹਾ ਕਿ ਪ੍ਰਧਾਨ ਕੌਮੀ ਕੈਸ਼ੀਅਰ ਤੋਂ ਹਿਸਾਬ ਮੰਗ ਰਿਹਾ ਹੈ ਅਤੇ ਕੈਸ਼ੀਅਰ ਆਪਣਾ ਹਿਸਾਬ ਪੇਸ਼ ਕਰਨ ਦਾ ਸ਼ੋਸ਼ਲ ਮੀਡੀਏ ਰਾਹੀਂ ਸਪਸ਼ਟੀਕਰਨ ਦੇ ਕੇ ਪ੍ਰਧਾਨ ਵਲੋੰ ਪਿਛਲੇ ਸਾਲਾਂ ਦਾ ਕੋਈ ਹਿਸਾਬ ਪੇਸ਼ ਨਾ ਕਰਨ ਦਾ ਸਪਸ਼ਟ ਬਿਆਨ ਦੇ ਰਿਹਾ ਹੈ ਜਿਸ ਨੇ ਸੰਸਾਰ ਪੱਧਰ ਦੀਆਂ ਸੰਗਤਾਂ ਵਿਚਕਾਰ ਹਿਸਾਬ ਕਿਤਾਬ ਵਿੱਚ ਹੋ ਰਹੇ ਗਬਨ ਦਾ ਸ਼ੱਕ ਗਹਿਰਾ ਕਰ ਦਿੱਤਾ ਹੈ ਕਿਓਂਕਿ ਸਾਡੇ ਕਾਰਜਕਾਲ ਦੌਰਾਨ ਕੋਈ ਆਡਿਟ ਨਹੀਂ ਹੋਇਆ।
ਚੇਅਰਮੈਨ ਅਜੀਤ ਰਾਮ ਖੇਤਾਨ ਨੇ ਕਿਹਾ ਕੈਸ਼ੀਅਰ ਅਮਿਤ ਪਾਲ ਦੀ ਚਿੱਠੀ ਤੋਂ ਪਹਿਲਾਂ ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵੀ ਹਿਸਾਬ ਜਾਨਣ ਦੀ ਕਈ ਵਾਰ ਮੰਗ ਕੀਤੀ ਹੈ I ਖੇਤਾਨ ਨੇ ਕਿਹਾ ਕਿ ਪਾਲਕੀ ਸਾਹਿਬ ਗੁਰੂਘਰ ਖੜੀ ਹੈ ਅਤੇ ਕਰਜੇ ਦੀਆਂ ਕਿਸ਼ਤਾਂ ਕੈਸ਼ੀਅਰ ਦੇ ਰਿਹਾ ਹੈ ਜਦਕਿ ਪਾਲਕੀ ਸਾਹਿਬ ਆਦਿ ਧਰਮ ਮਿਸ਼ਨ ਵਲੋੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ, ਅਤੇ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਅੰਬੇਡਕਰ, ਬਾਬਾ ਬੰਤਾ ਰਾਮ ਘੇੜਾ, ਸਾਹਿਬ ਕਾਂਸ਼ੀ ਰਾਮ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਲਈ ਖ੍ਰੀਦੀ ਗਈ ਸੀ, ਬੜੀ ਹੈਰਾਨੀ ਦੀ ਗੱਲ ਹੈ ਕਿ ਲੱਖਾਂ ਰੁਪਏ ਸੰਗਤਾਂ ਦੇ ਖਰਚ ਕਰਕੇ ਅੱਜ ਤੱਕ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਲਈ ਇਕ ਵੀ ਯਾਤਰਾ ਨਹੀਂ ਕੱਢੀ ਗਈ। ਖੇਤਾਨ ਨੇ ਕਿਹਾ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਕੌਮੀ ਚੇਅਰਪ੍ਰਸਨ ਕਮਲੇਸ਼ ਕੌਰ ਘੇੜਾ,ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ,ਵਾਈਸ ਪ੍ਰਧਾਨ ਗਿਆਨ ਚੰਦ ਦੀਵਾਲੀ ਨੂੰ ਆਪਣਾ ਪੱਖਪਾਤੀ ਰਵਈਆ ਤਿਆਗ ਕੇ ਗੁਰੂਘਰ ਦੇ ਪ੍ਰਬੰਧਾਂ ਦੀ ਬੇਹਤਰੀ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਸਖਤ ਸਟੈਂਡ ਲੈਣਾ ਚਾਹੀਦਾ ਹੈ ਅਤੇ ਗਲਤ ਅਨਸਰਾਂ ਨੂੰ ਕਮੇਟੀ ਦੇ ਅਹੁਦਿਆਂ ਤੋਂ ਹਟਾ ਕੇ ਪਾਰਦਰਸ਼ੀ ਤਰੀਕੇ ਨਾਲ ਪ੍ਰਬੰਧਾਂ ਨੂੰ ਚਲਾਉਣ ਲਈ ਆਡਿਟ ਕਮੇਟੀ, ਮੈਨੇਜਰ, ਕੈਸ਼ੀਅਰ, ਪਰਚੇਜ ਕਮੇਟੀ, ਧਾਰਮਿਕ ਦੀਵਾਨਾਂ ਦੇ ਪ੍ਰਬੰਧਾਂ ਲਈ ਅਲੱਗ ਪ੍ਰਬੰਧਕ ਕਮੇਟੀ, ਪ੍ਰਚਾਰ ਕਮੇਟੀ ਬਣਾਕੇ ਰਾਗੀ , ਪਾਠੀ, ਕਥਾ ਵਾਚਕ ਆਮ ਸਹਿਮਤੀ ਨਾਲ ਰੱਖਣੇ ਚਾਹੀਦੇ ਹਨ। ਚੇਅਰਮੈਨ ਅਜੀਤ ਰਾਮ ਖੇਤਾਨ ਨੇ ਇਕ ਸਵਾਲ ਦੇ ਜਬਾਬ ਵਿਚ ਕਿਹਾ ਕਿ ਕਮੇਟੀ ਦੇ ਪ੍ਰਧਾਨ ਕੋਲ ਕੋ ਵੀ ਤਾਕਤ ਨਹੀਂ ਹੈ ਕਿ ਉਹ ਸੰਵਿਧਾਨਕ ਤਰੀਕੇ ਨਾਲ ਚੁਣੇ ਕਿਸੇ ਮੈਂਬਰ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਕਮੇਟੀ ਤੋਂ ਬਾਹਰ ਕੱਢ ਸਕੇ, ਗੁਰੂਘਰ ਦੀ ਪ੍ਰਬੰਧਕ ਕਮੇਟੀ ਨੂੰ 21 ਮੈਂਬਰੀ ਤੋਂ 11 ਮੈਂਬਰੀ ਕਰਨਾ ਵੀ ਗੈਰ ਸੰਵਿਧਾਨਕ ਹੈ , ਇਸ ਸਬੰਧੀ ਕਨੂੰਨੀ ਰਾਏ ਵੀ ਲਈ ਜਾ ਸਕਦੀ ਹੈ ਅਤੇ ਜਲਦ ਹੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲਕੇ ਵਫਦ ਵਲੋੰ ਇਹ ਮਾਮਲਾ ਉਠਾਇਆ ਜਾਵੇਗਾ ।
ਜਦੋਂ ਗੁਰੂਘਰ ਦੇ ਸਾਬਕਾ ਕੈਸ਼ੀਅਰ ਰਾਮ ਲਾਲ ਵਿਰਦੀ ਦੇ ਬਿਆਨ ਸਬੰਧੀ ਸਵਾਲ ਪੁੱਛਿਆ ਕਿ ਵਿਰਦੀ ਦਾ ਕਹਿਣਾ ਹੈ ਕਿ 2012 ਤੋਂ 2016 ਤੱਕ ਸਾਰਾ ਹਿਸਾਬ ਰੋਜਾਨਾ ਰਜਿਸਟਰ ਤੇ ਦਰਜ ਹੁੰਦਾ ਸੀ ਅਤੇ 2016 ਵਿੱਚ ਗੁਰੂਘਰ ਦੀ ਸਲਾਨਾ ਆਮਦਨ ਕਰੀਬ ਇੱਕ ਕਰੋੜ ਰੁਪਏ ਤੱਕ ਪਹੁੰਚ ਚੁੱਕੀ ਸੀ ਤਾਂ ਖੇਤਾਨ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਦੇ ਮੈਂਬਰ ਇਸੇ ਕਰਕੇ ਮੰਗ ਕਰਦੇ ਆ ਰਹੇ ਹਨ ਕਿ ਸਾਰਾ ਹਿਸਾਬ ਆਡਿਟ ਕੀਤਾ ਜਾਵੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸੰਗਤਾਂ ਸਾਹਮਣੇ ਸਪਸ਼ਟ ਕੀਤਾ ਜਾਵੇ।
ਉਹਨਾਂ ਕਿਹਾ ਕਿ ਗੁਰੂਘਰ ਵਿਚ ਹੋ ਰਹੀਆਂ ਬੇਨਿਯਮੀਆਂ ਰੋਕਣ ਲਈ ਸਮਾਜ ਹਿਤੈਸ਼ੀ ਲੋਕਾਂ ਵਲੋਂ ਬੁਲਾਏ ਜਾ ਰਹੇ ਆਮ ਅਜਲਾਸ ਵਿਚ ਵੀ ਉਹ ਬਾਕੀ ਕਮੇਟੀ ਮੈਂਬਰਾਂ ਨਾਲ ਹਾਜਿਰ ਹੋਕੇ ਇਸ ਸਬੰਧੀ ਵਿਸਥਾਰਿਤ ਜਾਣਕਾਰੀ ਦੇਣਗੇ ਅਤੇ ਸੰਗਤ ਦੇ ਹਰ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ ਅਤੇ ਚੰਗੇ ਪਾਰਦਰਸ਼ੀ ਪ੍ਰਬੰਧਾਂ ਲਈ ਸਮਰਥਨ ਕਰਨਗੇ I ਖੇਤਾਨ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਹਿਰਦਿਆਂ ਅੰਦਰ ਦਿਨ ਪ੍ਰਤੀ ਦਿਨ ਵੱਧ ਰਹੇ ਰੋਸ ਨੂੰ ਦੇਖਦਿਆਂ ਜ਼ਿਲਾ ਪ੍ਰਸ਼ਾਸਨ ਹੁਸ਼ਿਆਰਪੁਰ ਨੂੰ ਸਮਾਜ ਦੇ ਇਸ ਗੰਭੀਰ ਮਸਲੇ ਵਿਚ ਦਖਲ ਦੇਣ ਦੀ ਵੀ ਅਪੀਲ ਕੀਤੀ। ਓਹਨਾਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਹਿਸਾਬ ਆਡਿਟ ਕਰਨ , ਬੇਨਿਯਮੀਆਂ ਨੂੰ ਰੋਕਣ ਲਈ ਸਹਿਯੋਗ ਕਰਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly