(ਸਮਾਜ ਵੀਕਲੀ)
ਮਰਿਯਾਦਾ,ਸ਼ਬਦਾਂ ਦੀ ਨਹੀਂ ਹੁੰਦੀ,
ਬੰਦੇ ਦੀ ਹੁੰਦੀ ਹੈ।
ਸ਼ਬਦ,ਮਰਿਯਾਦਾ ਵਿਚ ਬੱਝੇ ਨਹੀਂ ਹੁੰਦੇ,
ਮਨੁੱਖ ਮਰਿਆਦਾ ਵਿਚ ਬੱਝਿਆ ਹੁੰਦਾ ਹੈ।
ਸ਼ਬਦਾਂ ਦੀ ਮਰਿਆਦਾ ਨੂੰ ਵੀ ਮਨੁੱਖ ਹੀ ਬਣਾਉਂਦਾ ਹੈ।
ਕਈ ਵਾਰ ਅਸੀਂ ਸ਼ਿਕਵਾ ਜ਼ਾਹਿਰ ਕਰਦਿਆਂ, ਇਸ ਤਰ੍ਹਾਂ ਦੇ ਸ਼ਬਦ/ ਬੋਲ, ਬੋਲ ਜਾਂਦੇ ਹਾਂ ਕਿ,ਸ਼ਿਕਵੇ ਵਾਲੇ ਨੂੰ ਉਲਟਾ,ਆਪਣੇ ਪ੍ਰਤੀ ਸ਼ਿਕਵਾ ਜ਼ਾਹਿਰ ਕਰਨ ਦਾ ਮੌਕਾ ਦੇ ਦਿੰਦੇ ਹਾਂ।
*ਫੁੱਲਾਂ ਵਿਚ ਦੀ ਵਿਚਰਦਿਆਂ ਪੱਲੇ ਦਾ ਵੀ ਖ਼ਿਆਲ ਰੱਖਣਾ ਪੈਂਦਾ ਹੈ।*
ਫ਼ੁੱਲ ਨਾਜ਼ੁਕ ਹੁੰਦੇ ਹਨ,ਸਾਡੇ ਕੁ-ਬਚਨ ਜਾਂ ਪੱਲਾ ਜ਼ੋਰ ਦੀ ਵੱਜਣ ਨਾਲ, ਫ਼ੁੱਲ ਦੀ ਇੱਕ ਪੱਤੀ ਵੀ ਝੜੀ,ਅਮਰਿਯਾਦਤ ਹੋ ਜਾਂਦੀ ਹੈ, ਕੋਮਲ ਦਿਲਾਂ ਦੇ ਟੁੱਟਣ ਵਾਂਗ।
ਸੜਕ ‘ਤੇ ਤੁਹਾਡੇ ਸਹੀ ਚੱਲਣ ਨਾਲ,ਕੁਝ ਨਹੀਂ ਹੁੰਦਾ,ਅੱਗੇ ਆ ਰਹੇ ਟ੍ਰੈਫਿਕ ਦਾ ਵੀ ਤੁਸੀਂ ਹੀ ਧਿਆਨ ਰੱਖਣਾ ਹੁੰਦਾ ਹੈ।
ਮੇਰੇ ਸਵਰਗੀ ਗੁਰੂ ਡਾਕਟਰ ਪ੍ਰੋਫ਼ੈਸਰ “ਹਰਪਾਲ ਸਿੰਘ ਮੱਤੀ” ਅੰਗਰੇਜ਼ੀ ਦੇ ਬਹੁਤ ਵੱਡੇ ਗਿਆਤਾ ਸਨ। ਪੰਜਾਬ ਦੇ ਪਹਿਲੇ,ਦੂਜੇ ਅੰਗਰੇਜ਼ੀ ਭਾਸ਼ਾ ਵਿਗਿਆਨੀ।
ਉਹ ਜਦੋਂ ਵੀ ਬੁਢਲਾਡਾ ਜਾਂ ਭੀਖੀ ਤੋਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਲਈ ਸਰਦੀਆਂ ਵਿਚ,ਸਫ਼ਰ ਕਰਦੇ ਤਾਂ ਕਹਿੰਦੇ,
“ਮੈਂ ਹਮੇਸ਼ਾ ਕੰਬਲਾਂ/ਖੇਸਾਂ ਵਾਲਿਆਂ ਤੋਂ ਸੁਚੇਤ ਰਹਿੰਦਾ ਹਾਂ। ਜੇ ਉਹ ਬੱਸ ਵਿਚ ਬੈਠਣ ਲੱਗਿਆਂ,ਧੱਕਾ ਨਹੀਂ ਵੀ ਮਾਰਨਗੇ,ਤਾਂ ਫ਼ੇਰ ਵੀ ਉਹ ਕੰਬਲ/ਖੇਸ ਦੀ ਬੁੱਕਲ ਮਾਰਦੇ ਹੋਏ,ਉਹਨਾਂ ਦੇ ਬੰਬਲ ਤੁਹਾਡੀ ਅੱਖ਼ਾਂ ਵਿਚ ਜ਼ਰੂਰ ਮਾਰ ਦੇਣ ਗੇ। ਇਸ ਲਈ ਮੈਂ ਉਹਨਾਂ ਦੇ ਸੀਟ ‘ਤੇ ਬੈਠਣ ਤੋਂ ਬਾਅਦ ਹੀ, ਆਪਣੀ ਸੀਟ ਲੈਂਦਾ ਹੈ। ਹਾਲਾਂ ਕਿ ਡਰ ਬਣਿਆ ਰਹਿੰਦਾ ਹੈ ਕਿ ਉਹਨਾਂ ਥੱਲੇ ਆਇਆ ਕੰਬਲ,ਪਤਾ ਨਹੀਂ ਫ਼ਿਰ ਤੋਂ ਕਦੋਂ, ਤੁਹਾਡਾ ਸ਼ਿਕਾਰ ਕਰ ਦੇਵੇ,ਕਿਉਂ ਕਿ ਇਸ ਤਰ੍ਹਾਂ ਦੇ ਬੰਦਿਆਂ ਨੇ ਨਿਚਲਾ ਵੀ ਨਹੀਂ ਬੈਠਣਾ ਹੁੰਦਾ,ਤੇ ਵਾਰ ਵਾਰ ਕੰਬਲ ਦੀ ਬੁੱਕਲ ਮਾਰਦੇ ਹੋਏ ਆਲਾ ਦੁਆਲਾ ਵੀ ਦੇਖਣਾ ਨਹੀਂ ਹੁੰਦਾ,ਇਸ ਲਈ ਇਹ ਤੁਹਾਡੇ ‘ਤੇ ਜਦੋਂ ਚਾਹੁਣ ਅਟੈਕ ਕਰ ਸਕਦੇ ਹਨ।
ਉਹਨਾਂ ਦੀ ਮਾਰੀ ਬੁੱਕਲ,ਉਸ ਦਿਸ਼ਾਹੀਣ ਤੀਰ ਵਰਗੀ ਹੁੰਦੀ ਹੈ ਜੋ ਪਿਛਲੀ ਸਵਾਰੀ ਤੱਕ ਨੂੰ ਵੀ ਫੱਟੜ ਕਰ ਸਕਦੀ ਹੈ।
ਦਿਸ਼ਾ ਹੀਣ ਸ਼ਬਦਾਂ ਦਾ ਵੀ ਇਹੀ ਹਾਲ ਹੁੰਦਾ ਹੈ। ਜ਼ਿਆਦਾ ਗਿਆਨ ਰੱਖਣ ਲਈ,ਦਿਮਾਗ਼ ਰੂਪੀ ਭਾਂਡਾ ਵੀ ਵੱਡਾ ਹੋਣਾ ਚਾਹੀਦਾ ਹੈ। ਗਿਆਨੀ ਹੋਣ ਲਈ ਸੋਚ, ਦਿਲ, ਦਿਮਾਗ਼ ਵੀ ਵੱਡਾ ਕਰਨਾ ਪਵੇਗਾ। ਛੋਟੀ ਸੋਚ ਤੇ ਛੋਟੇ ਦਿਮਾਗ਼ ਵਿਚੋਂ ਗਿਆਨ ਬਾਹਰ ਛਲਕ ਜਾਂਦਾ ਹੈ ਤੇ ਛਲਕਿਆ ਗਿਆਨ ਮਿੱਟੀ ‘ਚ ਗਿਰੇ ਦੁੱਧ ਵਰਗਾ ਹੁੰਦਾ ਹੈ,ਜਿਸ ਨੂੰ ਸਮੇਟਿਆ ਨਹੀਂ ਜਾ ਸਕਦਾ।
ਸ਼ਬਦ ਰੂਪੀ ਭੰਡਾਰ ਦਾ ਚਸ਼ਮਾ,
ਕੁਦਰਤ ਦੀ ਦੇਣ ਹੈ। ਅਸੀਂ ਇਸ ਵਿੱਚੋਂ ਆਪਣੀ ਅੱਖ਼ਾਂ ਤੇ ਤਨ ਦੀ ਪਿਆਸ ਬੁਝਾ ਸਕਦੇ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਚਸ਼ਮੇ ‘ਤੇ ਸਾਡਾ,ਅਧਿਕਾਰ ਹੋ ਗਿਆ।
ਸੋ ਗਿਆਨ ਨੂੰ ਇਕੱਠਾ ਕਰਨ ਨਾਲ ਵੀ ਕੁਝ ਨਹੀਂ ਬਣਦਾ,ਜੇ ਇਹ ਗਿਆਨ ਦੂਜਿਆਂ ਵਿਚ ਵੰਡਿਆ ਨਾ ਜਾਵੇ।
ਸੋ ਪਿਆਰਿਓ ! ਗਿਆਨ ਇਕੱਤਰ ਕਰੋ ਤੇ ਇਸ ਨੂੰ ਲੰਗਰ ਵਾਂਗ ਵੰਡਦੇ ਵੀ ਰਹੋ।
(ਜਸਪਾਲ ਜੱਸੀ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly