(ਸਮਾਜ ਵੀਕਲੀ)
‘ ਗੌਰਵਮਈ ‘ ਭੁਰੀਆਂ ਤਸਬੀਹਾਂ ਦੇ ਵਿੱਚ,ਸਰਕਾਰੋਂ ਮਹਿਕ ਰਿਹੈ ਗੁਲਜ਼ਾਰ ।
ਪੂਰੀ ਡੂੰਘੀ ਨਜ਼ਰੇ ਮੇਰੇ ਹੱਥ ਲੱਗਾ ਕਿ ਏਥੇ ਅਸਲੋਂ ਹੀ ਰੁਲਦੀ ਫਿਰੇ ਬਹਾਰ ।
ਲੁੱਟ ਖੋਹ ਵਾਲੇ ਮੌਲ਼ਦੇ ਰਹਿੰਦੇ ਨਿਡਰ ਹੋ ਘੇਰ ਘੇਰ ਚਾਰੇ ਪਾਸਿਓਂ ਰੁੱਖ਼ ਬੰਨੇ,
ਦਾਅਵਿਆਂ ਰੀਝਾਂ ਦੇ ਭਰੇ ਹਮਸਾਏ ਵਿਚਾਰੇ,ਹਾਲ ਪਾਹਰਿਆ ਕਰਨ ਪੁਕਾਰ !
ਡੱਡੂ ਪਰਜਾਤੀ ਲੀਡਰ ਰਹੇ ਤਿਲਕ ਲੋਕਾਂ ਤੋਂ,ਮੁਨਸਫ਼ ਜੱਫੀ ‘ਚ ਭਰੇ ਲੋਭ ਭਰੇ,
ਧਾਗੇ ਤਾਬੀਤ ਸਾਖੀਆਂ ਵਹਿਮ ਨੇ ਭਾਰੂ,ਝਾੜੂ ਵੀ ਦਿਖਾਵੇ ਦਿੱਲੀ-ਲੁਕ ਸ਼ੰਗਾਰ ।
ਸਦਾ ਹਕੂਮਤਾਂ ਕਰਕੇ ਪੈਂਦਾ ਉਜਾੜਾ,ਫਿਰ ਉਹ ਕਿਸ ਪ੍ਰਗਤੀ ਤੋਂ ਚਾਂਭਲ ਰਹੀ,
ਸੌ ਵਿੱਚੋਂ ਦਸਵੇਂ ਹਿੱਸੇ ਦਾ ਵੀ ਬੇਕਿਰਕੀ ਦਿਖਾਉਂਦੀ ਨਹੀਂ ਕਦੇ ਸਨੇਹ ਪਿਆਰ ।
ਅਨੈਤਿਕਤਾ ਦਾ ਸ਼ਬਦ ਕੀ ਉੱਗ ਆਇਆ,ਕੀ ਇਹਦੀ ਸਿਤਮ ਯਾਰੀਫ਼ੀ ਰਹੇ,
ਗੈਰਕਾਨੂੰਨੀ ਜਿਹੇ ਕਾਨੂੰਨ ਬਣਾਕੇ,ਹਕੂਮਤ ਸੇਧ ਲੈਂਦੀ ਏਥੇ ਮਾਰੂ ਹਥਿਆਰ ।
ਫੁੱਲ ਬੂਟੇ ਪਸ਼ੂ ਪੰਛੀ ਬਗੈਰਾ ਵੀ ਸਨਾਤਨੀ ਬੁੱਚੜਾਂ ਦੀ ਲਪੇਟ ਤੋਂ ਡਰੇ ਰਹਿੰਦੇ,
ਉਹ ਤਾਂ ਕੁਦਰਤ ਦੀ ਰਹਿਨੁਮਾਈ ਹੇਠ ਪ੍ਰਵਾਨ ਰਹੇ,ਸ਼ੁਕਰ ਹੋਵੇ ਦਾਤਾ ਦਾਤਾਰ।
ਕੁੱਲੀਆਂ ਢਾਰੇ ਸ਼ੁਸ਼ੋਭਿਤ ਸੜਕਾਂ ਤੇ ਹਰੀਆਂ ਚਿੱਟੀਆਂ ਸਾੜੀਆਂ ਤੋਂ ਢਕ ਜਾਂਦੇ ਨੇ,
ਬਿਦੇਸ਼ੀ ਵਫ਼ਦ ਤੋਂ ਉਨ੍ਹਾਂ ਦਾ ਤੁਆਰਫ਼ ਬਚਾਉਂਦੇ ਇਹੋ ਬਿਜੜੇ ਦੰਭੀ-ਕਲਾਕਾਰ ।
ਦਰਦਾਂ ਗਮਾਂ ਜੇ ਵਧੀ ਹੀ ਜਾਣਾ,ਮਨੁੱਖੀ ਨਸਲ ਛਾਤੀਆਂ ਸੁੱਕ ਪਿਚਕ ਰਹੀਆਂ,
ਹੱਕ ਮੰਗਦਿਆਂ ਦੇ ਗਿਰਦ ਟਿਕਾਈਆਂ ਬੰਦੂਕਾਂ,ਉਹ ਕੇਹਾ ਜ਼ਰਜੱਰਾ ਦਿਲਦਾਰ।
ਸੱਚੀਆਂ ਖਬਰਾਂ ਦਾ ਕਤਲ ਹੋ ਰਿਹੈ,ਕਾਰਪੋਰੇਟੀਆਂ ਲਈ ਹੀ ਇਸ਼ਤਿਹਾਰ ਰਹੇ,,
ਮੁੱਖ ਚੌਧਰੀ ਲਛਮਣ ਰੇਖਾ ਉਲੱਦ ਰਿਹੈ,ਜੁਆਬਦੇਹੀ ਤੋਂ ਕਰਕੇ ਪੂਰਾ ਇਨਕਾਰ ।
ਹਰ ਨੇਤਾ ਨੇ ਅਵੱਗਿਆ ਧਾਰ ਲਈ,ਹੰਕਾਰ ਵਿੱਚ ਜੇਲ੍ਹਾਂ ਧਮਕੀਆਂ ਦੇ ਬੰਬ ਭਰੇ,
ਮਹਾਂ-ਲੋਕਤੰਤਰ ਕਿਸ ਆਸਥਾ ਵੱਲ ਸਾਥੋਂ ਭੱਜ ਰਿਹੈ,ਮਾਤਮੀ ਹੋ ਰਹੀ ਹਾਹਾਕਾਰ ।
ਕਲਮ ਮੇਰੀ ਬੇਅਰਾਮ ਹਾਲਤ ਵਿੱਚ ਅੱਜਕਲ ਹੈ,ਫਿਰ ਵੀ ਕਦੇ ਸੁਰਾਂ ਛੇੜ ਰਹੀ,
ਦੁਨੀਆਂ ਭਰ ਦੇ ਕਿਰਤੀਆਂ ਤੇ ਹੋ ਰਿਹੈ ਅਸਿਹਣ ਯੋਗ ਵਣਜੀ-ਅਤਿਆਚਾਰ ।
ਸੁਖਦੇਵ ਸਿੱਧੂ…
ਸੰਪਰਕ ਨੰਬਰ
9888633481 .
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly