(ਸਮਾਜ ਵੀਕਲੀ)
ਪੋਹ ਦਿਆਂ ਕੱਕਰਾਂ ਨੇ, ਝਾੜ ਦਿੱਤੇ ਪੱਤ ਸਾਰੇ,
ਰੁੱਤ ਪੱਤਝੜ ਦੀ ਨਾ, ਕਿਸੇ ਨੂੰ ਵੀ ਭਾਉਂਦੀ ਏ।
ਚੜ੍ਹਦਾ ਏ ਚੇਤ ਜਦ, ਫੁੱਟਦੇ ਨੇ ਨਵੇਂ ਪੱਤੇ,
ਹਰ ਟਾਹਣੀ ਗੋਦੀ ਜਿਉਂ,ਬਾਲਾਂ ਨੂੰ ਖਿਡਾਉਂਦੀ ਏ।
ਲੈ ਕੇ ਨਵੀਂ ਚੇਤਨਾ ਤੇ ਨਵੀਂਆਂ ਉਮੰਗਾਂ ਸੰਗ,
ਖੁਸ਼ੀ, ਖੇੜਾ, ਚੁਸਤੀ ਤੇ ਫੁਰਤੀ ਲਿਆਉਂਦੀ ਏ।
ਸਾਰੀਆਂ ਰੁੱਤਾਂ ਦੀ ਰਾਣੀ,ਆਖਦੇ ਬਸੰਤ ਰੁੱਤ
ਠੁਮਕ ਠੁਮਕ ਪੱਬ, ਭੋਇੰ ਤੇ ਟਿਕਾਉੰਦੀ ਏ।
ਫੁੱਲਾਂ ਸੰਗ ਲੱਦੀਆਂ ਜੋ,ਵੇਲਾਂ ਚੜ੍ਹ ਰੁੱਖਾਂ ਉੱਤੇ,
ਤੁਹਫਾ ਦੇ ਰੁੱਖ ਉਹਨਾਂ, ਕੀਤੇ ਮਾਲਾਮਾਲ ਨੇ।
ਖੂਨ ‘ਚ ਰਵਾਨੀ ਆਈ,ਸਾਰੇ ਜੀਵ ਜੰਤੂਆਂ ਦੇ,
ਮਿਲੀ ਹੈ ਨਵੀਂ ਊਰਜਾ, ਹੋਏ ਖੁਸ਼ਹਾਲ ਨੇ।
ਗਰਮੀ ਨਾ ਸਰਦੀ ਏ, ਇੱਕੋ ਜਿਹੇ ਦਿਨ-ਰਾਤ,
ਮੌਸਮ ਸੁਹਾਨਾ ਵੇਖ ਹੋ ਗਏ ਨਿਹਾਲ ਨੇ।
ਡਾਰਾਂ ਬੰਨ੍ਹ ਕੂੰਜਾਂ ਜਦ,ਉਡਣ ਆਕਾਸ਼ ਵਿੱਚ,
ਵੇਖ ਵੇਖ ਖੁਸ਼ੀ ਵਿੱਚ, ਖੀਵੇ ਹੁੰਦੇ ਬਾਲ ਨੇ।
ਖੇਤਾਂ ਵਿੱਚ ਫੁੱਲੀ ਸਰ੍ਹੋਂ,ਹਰਾ ਸੂਟ ਪਾ ਕੇ ਜਿਵੇਂ,
ਸੁੰਦਰੀ ਨੇ ਪੀਲ਼ਾ ਸਿਰ, ਮੁਕਟ ਸਜਾਇਆ ਏ।
ਸੁੱਕਾ ਘਾਹ ਹਰਾ ਹੋਇਆ,ਧਰਤੀ ਟਹਿਕ ਪਈ,
ਨਿੱਸਰੀ ਕਣਕ, ਬੂਰ, ਅੰਬਾਂ ਉੱਤੇ ਆਇਆ ਏ।
ਤਿਤਲੀਆਂ ਭੌਰੇ ਲਾਉਣ, ਫੁੱਲਾਂ ਦੇ ਦੁਆਲ਼ੇ ਗੇੜੇ,
ਵੰਡ ਕੇ ਮਹਿਕ ਫੁੱਲਾਂ, ਬਾਗ ਮਹਿਕਾਇਆ ਏ।
ਚਹਿਕਦੀਆਂ ਚਿੜੀਆਂ,ਕੋਇਲ ਗਾਵੇ ਗੀਤ ਮਿੱਠਾ,
ਸੁਣ ਵਿਸਮਾਦੀ ਰਾਗ, ਮਨ ਨਸ਼ਿਆਇਆ ਏ।
ਗਿਆਨ ਤੇ ਕਲਾ ਦੀ ਦੇਵੀ,ਸਰਸਵਤੀ ਪੂਜਦੇ
ਪਾਏ ਪੀਲ਼ੇ ਸੂਟ ਪੀਲ਼ੇ ਚਾਵਲ ਬਣਾਏ ਨੇ।
ਪਤੰਗ ਕਈ ਰੰਗਾਂ ਦੇ,ਉੱਡਣ ਆਕਾਸ਼ ਵਿੱਚ,
ਲਾ ਕੇ ਪੇਚੇ, ਲੁੱਟ ਗੁੱਡੀ, ਦਿਲ ਪਰਚਾਏ ਨੇ।
ਝੂਮਦਾ ਕਿਸਾਨ ਵੇਖ,. ਫਸਲਾਂ ਨੂੰ ਖੇਤ ਵਿੱਚ,
ਨੈਣਾਂ ਵਿੱਚ ਸਤਰੰਗੇ, ਸੁਪਨੇ ਸਜਾਏ ਨੇ।
ਸ਼ੁਰੂ ਹੋਵੇ ਸਾਲ ਨਵਾਂ, ਚੇਤ ਦੇ ਮਹੀਨੇ ਨਾਲ਼,
‘ਅਮਰ’ ਆਖੇ ਵੀਰਨੋ, ਸ਼ੁਭ ਦਿਨ ਆਏ ਨੇ।
ਅਮਰਜੀਤ ਕੌਰ ਮੋਰਿੰਡਾ
7888835400.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly