(ਸਮਾਜ ਵੀਕਲੀ)
ਬਸੰਤ ਦੇ ਦਿਨ ਆਏ ਨਿਰਾਲੇ,
ਕਿਧਰੇ ਉੱਡਗੇ ਕੱਕਰ ਪਾਲੇ।
ਫਸਲਾਂ ਹੁਣ ਝੂਮਣ ਲੱਗੀਆਂ,
ਉਹਨਾਂ ਨੇ ਵੀ ਰੰਗ ਵਟਾਲੇ।
ਪੰਛੀ ਕਰਦੇ ਸ਼ੋਰ ਸ਼ਰਾਬਾ,
ਬ੍ਰਿਛਾਂ ਉੱਤੇ ਆ ਗਏ ਬਾਹਲੇ,
ਬੂਟੇ ਵੀ ਹੁਣ ਟਿਹਕਣ ਲੱਗੇ,
ਨਵੀਆਂ ਫੋਟਾਂ ਫੁੱਟੀਆਂ ਨਾਲੇ।
ਫੁੱਲਾਂ ਉੱਪਰ ਭੋਰੇ ਤਿੱਤਲੀਆਂ,
ਹੋਏ ਫਿਰਦੇ ਨੇ ਮਤਵਾਲੇ।
ਕੇਸਰ,ਗ਼ੁਲਾਬ,ਚਮੇਲੀ ਗੇਂਦਾਂ,
ਇੱਕ ਦੂਜੇ ਤੋਂ ਦਿਸਦੇ ਕਾਹਲੇ।
ਕੋਈ ਕਿਸੇ ਤੋਂ ਘੱਟ ਨਾ ਦਿਸਦਾ,
ਨਾਂ ਗਿਣਨ ਤੋਂ ਰਹਿਗੇ ਹਾਲੇ।
ਪੀਲੇ ਫੁੱਲ ਸਰੋਆਂ ਨੂੰ ਲੱਗੇ,
ਸ਼ਹਿਦ ਦੀ ਮੱਖੀ ਰਸ ਨੂੰ ਭਾਲੇ।
ਪੀਲੇ ਪਤੰਗ ਚੜਾਏ ਬੱਚਿਆਂ,
ਸੁਆਣੀਆਂ ਨੇ ਚੌਲ਼ ਉਬਾਲੇ।
,ਪੱਤੋ, ਆਈ ਰੁੱਤ ਬਸੰਤ ਦੀ,
ਦੁੱਖ ਦਰਿੱਦਰ ਸਾਰੇ ਜਾਲੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417