ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਖੇਡ ਜਗਤ ਦੇ ਪ੍ਰਸਿੱਧ ਲੇਖਕ ਇਕਬਾਲ ਸਿੰਘ ਜੱਬੋਵਾਲੀਆ ਯੂ.ਐਸ.ਏ ਤੋਂ ਆਉਣ ਕਰਕੇ ਫੁੱਟਬਾਲ ਖਿਡਾਰੀ ਤੇ ਕੋਚ ਸਰਬਜੀਤ ਮੰਗੂਵਾਲ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਗਏ ਤਾਂ ਸਾਰੇ ਪਰਿਵਾਰ ਨੂੰ ਬਹੁਤ ਫਖਰ ਮਹਿਸੂਸ ਹੋਇਆ। ਸਰਬਜੀਤ ਮੰਗੂਵਾਲ ਨੇ ਸੋਲੋ ਬੇਟੀ ਨੂੰ ਗਰਮ ਦੁੱਧ ਲਿਆਉਣ ਲਈ ਕਿਹਾ ਕਿ ਸਾਡੇ ਘਰ ਅੱਜ ਅਮਰੀਕਾ ਤੋਂ ਵੱਡੇ ਖੇਡ ਲੇਖਕ ਆਏ ਨੇ। ਇਹ ਸੁਣ ਕੇ ਇਕਬਾਲ ਸਿੰਘ ਕਹਿਣ ਲੱਗੇ ਸਰਬੇ ਭਾਅ ਵੱਡੇ ਕਾਹਦੇ? ਇਹ ਤਾਂ ਸੇਵਾ ਹੀ ਹੈ। ਮੇਰੀ ਵਾਈਫ ਸੁਨੀਤਾ ਸ਼ਰਮਾ ਕਹਿਣ ਲੱਗੀ ਭਾਜੀ ਤੁਸੀਂ ਸਾਰੇ ਵਲਡ ਵਿੱਚ ਖੇਡ ਲੇਖਕ ਵਜੋਂ ਜਾਣੇ ਜਾਂਦੇ ਹੋ ਅਸੀਂ ਤੁਹਾਡੇ ਲਿਖੇ ਹੋਏ ਖਿਡਾਰੀਆਂ ਬਾਰੇ ਲੇਖ ਪੇਪਰਾਂ ਵਿੱਚ ਪੜ੍ਹਦੇ ਹੀ ਰਹਿੰਦੇ ਹਾਂ। ਅਮਰੀਕਾ ਵਸਦੇ ਮਿੱਤਰ ਪਿਆਰੇ ਐਸ ਅਸ਼ੋਕ ਭੌਰਾ, ਹੁਸਨ ਲੜੋਆ, ਦੇਸਰਾਜ ਮੰਗੂਵਾਲ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁੱਖ-ਸਾਂਦ ਬਾਰੇ ਪੁੱਛਿਆ। ਖੇਡਾਂ ਤੇ ਖਿਡਾਰੀਆਂ ਬਾਰੇ ਗੱਲਬਾਤ ਕਰਦਿਆਂ ਹੋਇਆਂ ਇਕਬਾਲ ਸਿੰਘ ਜੱਬੋਵਾਲੀਆ ਨੇ ਭਾਰਤ ਕੇਸਰੀ ਪਹਿਲਵਾਨ ਮੇਹਰਦੀਨ, ਫੱਤੇ, ਨਿੰਮੇ, ਗੇਜੇ, ਧੰਨੇ, ਕਰਤਾਰ ਸਿੰਘ, ਬੁੱਧ ਸਿੰਘ, ਰਸਤਮ-ਏ-ਹਿੰਦ ਭਲਵਾਨ ਪੂਰਨ ਸਿੰਘ ਸਿੱਧੂ ਅਤੇ ਉਲੰਪੀਅਨ ਪਹਿਲਵਾਨ ਅਮਰ ਢੇਸੀ ਦੀਆਂ ਕੁਸ਼ਤੀਆਂ ਤੇ ਕੱਬਡੀ ਖਿਡਾਰੀ ਬਲਵਿੰਦਰ ਫਿੱਡਾ, ਅਮਰੀਕ ਤੇ ਬਲਕਾਰ ਬਹਿਰਾਮੀਏ, ਉਲੰਪੀਅਨ ਕੁਸ਼ਤੀ ਕੋਚ ਪੀ ਆਰ ਸੋਂਧੀ, ਜਰਨੈਲ ਸੋਂਧੀ ਤੇ ਕਾਲਾ ਕਸ਼ਮੀਰਾ ਰਾਪੁਰੀਏ, ਮੋਹਣਾ ਤੇ ਮਹਿੰਦਰ ਮੌੜ ਕਾਲਾ ਸੰਘਿਆ, ਰਾਵਲ ਮਾਣਕ ਢੇਰੀ, ਜੋਤਾ ਸਭਰਾਵਾਂ, ਘੁੱਗਾ ਤੇ ਪਾਲਾ ਸ਼ੰਕਰੀਏ, ਕਾਰੀ ਕਪੂਰਥਲੀਏ, ਫੁੱਟਬਾਲ ਖਿਡਾਰੀ ਸਰਦਾਰੀ ਲਾਲ ਸਰਹਾਲਾ ਖੁਰਦ, ਪ੍ਰੇਮ ਚੰਦ ਡੋਗਰਾ ਬੌਡੀ-ਵੈਲਡਰ ਸਮੇਤ ਉਲੰਪੀਅਨ ਹਾਕੀ ਖਿਡਾਰਨ ਤੇ ਕੋਚ ਰੂਪਾ ਸੈਣੀ ਅਰਜੁਨ ਐਵਾਰਡੀ ਤੇ ਸਰੋਜ ਬਾਲਾ ਅਤੇ ਉਲੰਪੀਅਨ ਹਾਕੀ ਖਿਡਾਰੀ ਗੁਣਾਚੌਰੀਏ ਸੁਰਿੰਦਰ ਸਿੰਘ ਸੋਢੀ ਅਰਜੁਨ ਐਵਾਰਡੀ ਦਾ ਵਿਸ਼ੇਸ਼ ਤੌਰ ਤੇ ਜਿਕਰ ਕੀਤਾ। ਸਰਬਜੀਤ ਮੰਗੂਵਾਲ ਨੇ ਕਿਹਾ ਕਿ ਇਕਬਾਲ ਭਾਜੀ ਮੈਂ ਖੁਦ ਵੀ ਛੋਟੀ ਉਮਰ ਤੋਂ ਲੈ ਕੇ ਜੋਬਨ ਰੁੱਤ ਤੱਕ ਇਨ੍ਹਾਂ ਵਿੱਚੋਂ ਬਹੁਤੇ ਖਿਡਾਰੀਆਂ ਨੂੰ ਖੇਡ ਮੈਦਾਨਾਂ ਤੇ ਅਖਾੜਿਆਂ ਵਿੱਚ ਧਮਾਲ ਪਾਉਂਦਿਆਂ ਅੱਖੀਂ ਵੇਖਿਆ ਹੈ ਤੇ ਲੋਕ-ਸੱਥਾਂ ਵਿੱਚ ਇਨ੍ਹਾਂ ਬਾਰੇ ਗੱਲਾਂ ਹੁੰਦੀਆਂ ਸੁਣੀਆਂ ਹਨ। ਇਕਬਾਲ ਭਾਜੀ ਅੱਜ ਇਨ੍ਹਾਂ ਖਿਡਾਰੀਆਂ ਤੇ ਭਲਵਾਨਾਂ ਬਾਰੇ ਤੁਹਾਡੇ ਕੋਲੋਂ ਗੱਲਾਂ ਸੁਣਦਿਆਂ ਹੋਇਆਂ ਮੈਨੂੰ ਹੁਣ ਵੀ ਇਹ ਖਿਡਾਰੀ 70ਵਿਆਂ-80ਵਿਆਂ ਦੇ ਮੁਕਬਲਿਆਂ ਦੌਰਾਨ ਹੀ ਖੇਡਦੇ ਨਜ਼ਰ ਆ ਰਹੇ ਹਨ ਜਿਨ੍ਹਾਂ ਨੇ ਖੇਡਾਂ’ਚ ਮੱਲਾਂ ਮਾਰਨ ਲਈ ਖੁਰਾਕਾਂ ਖਾਧੀਆਂ, ਕਸਰਤਾਂ ਕੀਤੀਆਂ ਤੇ ਸਡੌਲ ਜੁੱਸੇ ਵਾਲੇ ਗੁੰਦਵੇਂ ਸਰੀਰ ਬਣਾਏ ਹੋਏ ਸਨ। ਜੱਬੋਵਾਲ ਵਿੱਚ ਪਿੰਡ ਨਿਵਾਸੀਆਂ ਵਲੋਂ ਮਰਹੂਮ ਹੈਡਮਾਸਟਰ ਗਿਆਨ ਸਿੰਘ ਭਾਜੀ ਦੀ ਯਾਦ’ਚ ਕਰਵਾਏ ਜਾਂਦੇ ਕੱਬਡੀ ਟੂਰਨਾਮੈਂਟ ਵਿੱਚ ਪੰਜਾਬ ਦੇ ਅਜੋਕੇ ਧਨੰਤਰ ਕੱਬਡੀ ਖਿਡਾਰੀ ਖੇਡਣ ਲਈ ਆਉਂਦੇ ਹਨ ਜੋ ਨਵੀਂ ਪੀੜੀ ਦੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਹਨ। ਅਸੀਂ ਡੇਢ-ਦੋ ਘੰਟੇ ਖੇਡ ਜਗਤ ਦੀਆਂ ਗਰਾਉੰਡਾਂ ਵਿੱਚ ਹੀ ਗੁਆਚੇ ਰਹੇ ਤੇ ਹੋਰ ਜਾਨਣ ਲਈ ਉਤਸੁਕ ਰਹੇ। ਫਿਰ ਇਕਬਾਲ ਸਿੰਘ ਜੱਬੋਵਾਲੀਆ ਕਹਿਣ ਲੱਗੇ ਸਰਬੇ ਭਾਅ ਤੁਹਾਡੇ ਸਾਰੇ ਬਚਿਆਂ ਨੂੰ ਉੱਚ ਕੋਟੀ ਦੇ ਖਿਡਾਰੀ ਹੋਣ ਕਰਕੇ ਮੈਂ ਆਪ ਦੇ ਪਰਿਵਾਰ ਨੂੰ ਮੰਗੂਵਾਲ ਵਿੱਚ ਰਹਿ ਰਹੇ ਖਿਡਾਰੀ ਪਰਿਵਾਰ ਕਹਿਣ ਲਈ ਫਖਰ ਮਹਿਸੂਸ ਕਰਦਾ ਹਾਂ। ਇਸ ਮੌਕੇ ਉਨ੍ਹਾਂ ਨੇ ਆਪਣੀ ਲਿਖੀ ਹੋਈ ‘ਖੇਡ ਜਗਤ ਦੀਆਂ ਪੈੜਾਂ’ ਪੁਸਤਕ ਸਾਨੂੰ ਗਿਫਟ ਕੀਤੀ। ਸਰਬਜੀਤ ਮੰਗੂਵਾਲ ਨੇ ਇਕਬਾਲ ਸਿੰਘ ਜੱਬੋਵਾਲੀਏ ਦਾ ਖੁਦ ਮੰਗੂਵਾਲ ਆ ਕੇ ਕਿਤਾਬ ਦੇਣ ਲਈ ਧੰਨਵਾਦ ਕੀਤਾ ਤੇ ਉਨ੍ਹਾਂ ਦੇ ਨਾਲ ਯਾਦਗਾਰੀ ਤਸਵੀਰ ਵੀ ਖਿਚਵਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



