HOME ਪੰਡਿਤ ਨਹਿਰੂ ਜੀ ਦੀ ਬਰਸੀ ਤੇ ਵਿਸ਼ੇਸ਼: ਲੋਕ-ਨਾਇਕ ਦਾ ਚਲਾਣਾ

ਪੰਡਿਤ ਨਹਿਰੂ ਜੀ ਦੀ ਬਰਸੀ ਤੇ ਵਿਸ਼ੇਸ਼: ਲੋਕ-ਨਾਇਕ ਦਾ ਚਲਾਣਾ

4

ਸਮਾਜ ਵੀਕਲੀ ਯੂ ਕੇ

27 ਮਈ ਨੂੰ ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ‘ਤੇ ਵਿਸ਼ੇਸ਼ :

ਲੋਕ-ਨਾਇਕ ਦਾ ਚਲਾਣਾ

​ਮੇਰੀ ਜਮਾਤ ਦਾ ਮਾਹੌਲ ਆਮ ਦਿਨਾਂ ਨਾਲੋਂ ਥੋੜ੍ਹਾ ਵੱਖਰਾ ਅਤੇ ਸੰਜੀਦਾ ਸੀ। ਮੈਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ ਦੀ ਪਾਠ-ਪੁਸਤਕ ਵਿੱਚ ਦਰਜ ਗੁਲਜ਼ਾਰ ਸਿੰਘ ਸੰਧੂ ਦੀ ਲਿਖੀ ਕਹਾਣੀ ‘ਲੋਕ-ਨਾਇਕ ਦਾ ਚਲਾਣਾ’ ਪੜ੍ਹਾ ਰਿਹਾ ਸਾਂ। ਅੱਜ ਆਧੁਨਿਕ ਭਾਰਤ ਦੇ ਨਿਰਮਾਤਾ ਅਤੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ਹੈ। ਇਸ ਮੌਕੇ ‘ਤੇ ਜਮਾਤ ਵਿੱਚ ਇਹ ਕਹਾਣੀ ਪੜ੍ਹਾਉਣਾ ਮੈਨੂੰ ਇੱਕ ਅਧਿਆਪਕ ਹੋਣ ਦੇ ਨਾਤੇ ਆਪਣੀ ਇਤਿਹਾਸਕ ਜ਼ਿੰਮੇਵਾਰੀ ਲੱਗ ਰਿਹਾ ਸੀ।

              Navdeep Singh

​ਕਹਾਣੀ ਦੀ ਸ਼ੁਰੂਆਤ ਕਰਦਿਆਂ ਹੀ ਮੈਂ ਬੱਚਿਆਂ ਨੂੰ ‘ਲੋਕ-ਨਾਇਕ’ ਸ਼ਬਦ ਦੇ ਅਰਥ ਸਮਝਾਉਣ ਦਾ ਜਤਨ ਕਰ ਰਿਹਾ ਸਾਂ। ਬਾਲ-ਮਨ ਬੜੇ ਕੋਮਲ, ਨਿਰਛਲ ਅਤੇ ਮਾਸੂਮ ਹੁੰਦੇ ਹਨ; ਉਨ੍ਹਾਂ ਲਈ ਪੰਡਿਤ ਨਹਿਰੂ ਦਾ ਅਰਥ ਸਿਰਫ਼ ‘ਚਾਚਾ ਨਹਿਰੂ’ ਹੈ, ਜਿਹੜਾ ਬੱਚਿਆਂ ਨੂੰ ਅੰਤਾਂ ਦਾ ਪਿਆਰ ਕਰਦਾ ਹੈ ਅਤੇ ਆਪਣੀ ਅਚਕਨ ‘ਤੇ ਹਮੇਸ਼ਾ ਗੁਲਾਬ ਦਾ ਫੁੱਲ ਸਜਾ ਕੇ ਰੱਖਦਾ ਹੈ। ਪਰ ਇੱਕ ਸੱਚੇ ‘ਲੋਕ-ਨਾਇਕ’ ਹੋਣ ਦੇ ਕੀ ਮਾਅਨੇ ਹਨ? ਉਹ ਆਗੂ ਜਿਸ ਦੇ ਤੁਰ ਜਾਣ ਨਾਲ ਪੂਰਾ ਦੇਸ਼ ਸੁੰਨ ਹੋ ਜਾਵੇ, ਚੱਲਦੀਆਂ ਬੱਸਾਂ-ਗੱਡੀਆਂ ਰੁਕ ਜਾਣ, ਅਣਜਾਣ ਮੁਸਾਫ਼ਰਾਂ ਦੀਆਂ ਅੱਖਾਂ ਭਰ ਆਉਣ, ਇਹ ਸਭ ਬਾਲ-ਮਨਾਂ ਦੀ ਸਮਝ ਤੋਂ ਥੋੜ੍ਹਾ ਪਰੇ ਸੀ। ਕਹਾਣੀ ਦਾ ਉਹ ਦ੍ਰਿਸ਼, ਜਿੱਥੇ ਰਾਜਪੁਰੇ ਬੱਸ ਦੇ ਕੰਡਕਟਰ ਦੀਆਂ ਅੱਖਾਂ ਨਹਿਰੂ ਜੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਟੱਡੀਆਂ ਹੀ ਰਹਿ ਜਾਂਦੀਆਂ ਹਨ, ਬੱਚਿਆਂ ਨੂੰ ਭਾਵੁਕ ਕਰ ਰਿਹਾ ਸੀ।

​ਕਹਾਣੀ ਆਪਣੇ ਸਿਖਰ ਵੱਲ ਵਧਦੀ ਹੈ। ਬੱਸ ਜਦੋਂ ਅੱਗੇ ਜਾਂਦੀ ਹੈ ਤਾਂ ਰਸਤੇ ਵਿੱਚ ਲੋਕਾਂ ਦੀ ਭਾਰੀ ਭੀੜ ਸੜਕ ‘ਤੇ ਖੜ੍ਹੀ ਹੈ। ਸਾਰਾ ਦੇਸ਼, ਸਾਰੇ ਲੋਕ ਆਪਣੇ ਮਹਿਬੂਬ ਨੇਤਾ ਦੇ ਸੋਗ ਵਿੱਚ ਡੁੱਬੇ ਹੋਏ ਸਨ। ਬੱਸ ਪਹਿਲਾਂ ਹੀ ਕਾਫ਼ੀ ਲੇਟ ਸੀ ਅਤੇ ਬੱਸ ਦਾ ਡਰਾਈਵਰ ਭੀੜ ਨੂੰ ਰਸਤੇ ਤੋਂ ਹਟਾਉਣ ਲਈ ਜ਼ੋਰ-ਜ਼ੋਰ ਦੀ ਹਾਰਨ ਮਾਰਦਾ ਹੈ। ਇਹ ਹਾਰਨ ਸੁਣਦਿਆਂ ਹੀ ਸੋਗ ਵਿੱਚ ਡੁੱਬੀ ਭੀੜ ਅਚਾਨਕ ਗੁੱਸੇ ਵਿੱਚ ਆ ਜਾਂਦੀ ਹੈ ਅਤੇ ਡਰਾਈਵਰ ਨੂੰ ਗਲਮੇਂ ਤੋਂ ਫੜ ਕੇ ਬੱਸ ਤੋਂ ਹੇਠਾਂ ਲਾਹੁਣ ਦੀ ਗੱਲ ਕਰਦੀ ਹੈ- “ਨਹਿਰੂ ਜੀ ਮਰ ਗਏ ਨੇ, ਤੂੰ ਹਾਰਨ ਵਜਾਉਂਦੈ?”
​ਮੈਂ ਇੱਥੇ ਕਹਾਣੀ ਪੜ੍ਹਨਾ ਰੋਕਿਆ ਅਤੇ ਜਮਾਤ ਵੱਲ ਵੇਖ ਕੇ ਬੱਚਿਆਂ ਦੇ ਮਨਾਂ ਨੂੰ ਟੋਹਣ ਲਈ ਇੱਕ ਸਵਾਲ ਕੀਤਾ, “ਬੱਚਿਓ, ਮੈਨੂੰ ਇਹ ਦੱਸੋ ਕਿ ਡਰਾਈਵਰ ਦੇ ਹਾਰਨ ਮਾਰਨ ਨਾਲ ਭੀੜ ਗੁੱਸੇ ਵਿੱਚ ਕਿਉਂ ਆ ਗਈ?”

​ਜਮਾਤ ਵਿੱਚ ਕੁਝ ਪਲ ਲਈ ਗਹਿਰੀ ਚੁੱਪ ਛਾ ਗਈ। ਫਿਰ ਬਾਲ ਮਨਾਂ ਦੀਆਂ ਡੂੰਘੀਆਂ ਪਰ ਮਾਸੂਮ ਭਾਵਨਾਵਾਂ ਸ਼ਬਦ ਬਣ ਕੇ ਬਾਹਰ ਆਈਆਂ। ਕਲਾਸ ਦੀ ਮਨੀਟਰ ਸੁਖਨਦੀਪ ਕੌਰ ਨੇ ਉੱਠ ਕੇ ਕਿਹਾ, “ਸਰ, ਕਿਉਂਕਿ ਲੋਕ ਬਹੁਤ ਉਦਾਸ ਸਨ, ਜਦੋਂ ਅਸੀਂ ਉਦਾਸ ਹੁੰਦੇ ਹਾਂ ਜਾਂ ਰੋ ਰਹੇ ਹੁੰਦੇ ਹਾਂ ਤਾਂ ਸਾਨੂੰ ਸ਼ੋਰ-ਸ਼ਰਾਬਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ।”

​ਇੱਕ ਹੋਰ ਵਿਦਿਆਰਥੀ ਚਰਨਦੀਪ ਸਿੰਘ ਬੋਲਿਆ, “ਸਰ ਜੀ, ਚਾਚਾ ਨਹਿਰੂ ਸਾਰਿਆਂ ਦੇ ਪਿਆਰੇ ਸਨ। ਉਨ੍ਹਾਂ ਦੀ ਮੌਤ ‘ਤੇ ਸਾਰੇ ਸ਼ਾਂਤੀ ਨਾਲ ਉਨ੍ਹਾਂ ਨੂੰ ਯਾਦ ਕਰ ਰਹੇ ਸਨ, ਡਰਾਈਵਰ ਦੇ ਹਾਰਨ ਨੇ ਉਹਨਾਂ ਦੀ ਸ਼ਾਂਤੀ ਅਤੇ ਸਤਿਕਾਰ ਨੂੰ ਭੰਗ ਕਰ ਦਿੱਤਾ, ਜਿਵੇਂ ਕਿਸੇ ਨੇ ਉਨਾਂ ਦੀ ਅਰਦਾਸ ਵਿੱਚ ਵਿਘਨ ਪਾ ਦਿੱਤਾ ਹੋਵੇ।”

​ਪਰ ਸਭ ਤੋਂ ਭਾਵੁਕ ਜਵਾਬ ਪਿਛਲੇ ਬੈਂਚ ‘ਤੇ ਬੈਠੇ ਇੱਕ ਮਾਸੂਮ ਜਿਹੇ ਬੱਚੇ ਅਰਸ਼ਨੂਰ ਦਾ ਸੀ, “ਸਰ, ਸ਼ਾਇਦ ਲੋਕਾਂ ਨੂੰ ਲੱਗਿਆ ਕਿ ਚਾਚਾ ਨਹਿਰੂ ਹੁਣ ਸਦਾ ਲਈ ਸੌਂ ਗਏ ਹਨ ਤੇ ਹਾਰਨ ਦੀ ਉੱਚੀ ਆਵਾਜ਼ ਨਾਲ ਉਨ੍ਹਾਂ ਦੀ ਨੀਂਦ ਖ਼ਰਾਬ ਹੋ ਜਾਵੇਗੀ।”
​ਇਹ ਜਵਾਬ ਸੁਣ ਕੇ ਮੇਰੇ ਰੌਂਗਟੇ ਖੜ੍ਹੇ ਹੋ ਗਏ। ਬੱਚੇ, ਚਾਚਾ ਨਹਿਰੂ ਦੀ ਮਹਾਨਤਾ ਅਤੇ ਲੋਕਾਂ ਦੇ ਸੋਗ ਨੂੰ ਆਪਣੀ ਮਾਸੂਮਿਅਤ ਰਾਹੀਂ ਪੂਰੀ ਤਰ੍ਹਾਂ ਸਮਝ ਚੁੱਕੇ ਸਨ। ਬੱਚਿਆਂ ਦੇ ਇਨ੍ਹਾਂ ਜਵਾਬਾਂ ਨੇ ਕਹਾਣੀ ਦੇ ਉਸ ਤੱਤ ਨੂੰ ਉਜਾਗਰ ਕਰ ਦਿੱਤਾ ਜੋ ਸ਼ਾਇਦ ਕਈ ਵਾਰ ਸਿਆਣੇ ਵੀ ਸਹਿਜੇ ਨਾ ਸਮਝ ਸਕਣ। ਭੀੜ ਦਾ ਉਹ ਗੁੱਸਾ ਕੋਈ ਆਮ ਹਿੰਸਾ ਜਾਂ ਬਦ-ਅਮਨੀ ਨਹੀਂ ਸੀ; ਉਹ ਇੱਕ ਅਨਾਥ ਹੋ ਗਈ ਕੌਮ ਦੀ ਚੀਸ ਸੀ। ਉਹ ਭੀੜ ਜਿਸ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਸ਼ਾਮਲ ਸਨ, ਉਹਨਾਂ ਦਾ ਸਾਂਝਾ ਦਰਦ ਸੀ। ਸੁਤੰਤਰ ਭਾਰਤ ਦੇ ਨਾਇਕ ਦਾ ਚਲਾਣਾ ਲੋਕਾਂ ਦੇ ਮਨਾਂ ‘ਤੇ ਭਾਰੂ ਸੀ। ਕਹਾਣੀ ਦੀਆਂ ਸਤਰਾਂ ਅਨੁਸਾਰ “ਅਜਿਹੇ ਸੰਕਟ ਦੇ ਸਮੇਂ ਹਾਰਨ ਦਾ ਕੀ ਕੰਮ?” ਅਜਿਹੇ ਗਹਿਰੇ ਸੋਗ ਅਤੇ ਸੁੰਨ ਦੇ ਸਮੇਂ, ਇੱਕ ਮਸ਼ੀਨੀ ਹਾਰਨ ਦੀ ਆਵਾਜ਼ ਲੋਕਾਂ ਦੀਆਂ ਭਾਵਨਾਵਾਂ ‘ਤੇ ਇੱਕ ਗਹਿਰੀ ਸੱਟ ਵਾਂਗ ਵੱਜੀ ਸੀ, ਜਿਸਨੇ ਉਨ੍ਹਾਂ ਦੇ ਦਰਦ ਨੂੰ ਗੁੱਸੇ ਵਿੱਚ ਬਦਲ ਦਿੱਤਾ।

​ਅੱਜ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ਮੌਕੇ ਜਦੋਂ ਮੈਂ ਆਪਣੇ ਵਿਦਿਆਰਥੀਆਂ ਦੀਆਂ ਅੱਖਾਂ ਵਿੱਚ ਉਸ ਮਹਾਨ ਨੇਤਾ ਲਈ ਅਥਾਹ ਸਤਿਕਾਰ ਅਤੇ ਪਿਆਰ ਵੇਖਦਾ ਹਾਂ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਸੱਚੇ ‘ਲੋਕ-ਨਾਇਕ’ ਕਦੇ ਮਰਦੇ ਨਹੀਂ। ਉਨ੍ਹਾਂ ਦਾ ਚਲਾਣਾ ਸਿਰਫ਼ ਜਿਸਮਾਨੀ ਹੁੰਦਾ ਹੈ, ਪਰ ਉਨ੍ਹਾਂ ਦੀ ਰੂਹ ਅਤੇ ਉਨ੍ਹਾਂ ਦਾ ਅਕਸ ਆਉਣ ਵਾਲੀਆਂ ਨਸਲਾਂ ਦੇ ਬਾਲ-ਮਨਾਂ ਵਿੱਚ ‘ਚਾਚਾ ਨਹਿਰੂ’ ਬਣ ਕੇ ਹਮੇਸ਼ਾ ਜ਼ਿੰਦਾ ਰਹਿੰਦਾ ਹੈ। ਗੁਲਜ਼ਾਰ ਸਿੰਘ ਸੰਧੂ ਦੀ ਇਹ ਕਹਾਣੀ ਸਿਰਫ਼ ਇੱਕ ਇਤਿਹਾਸਕ ਘਟਨਾ ਦਾ ਬਿਰਤਾਂਤ ਨਹੀਂ, ਸਗੋਂ ਭਾਰਤ ਦੇ ਲੋਕਾਂ ਦੀ ਆਪਣੇ ਮਹਿਬੂਬ ਨੇਤਾ ਪ੍ਰਤੀ ਅਥਾਹ ਮੁਹੱਬਤ ਅਤੇ ਸਾਂਝੇ ਦਰਦ ਦਾ ਇੱਕ ਜਿਉਂਦਾ-ਜਾਗਦਾ ਅਤੇ ਕਦੇ ਨਾ ਭੁਲਾਇਆ ਜਾਣ ਵਾਲਾ ਦਸਤਾਵੇਜ਼ ਹੈ।

✍️ਨਵਦੀਪ ਸਿੰਘ ਝੁਨੀਰ

Previous articleਸੂਰਜ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਪਾਣੀ ਪੀਣ ਦੀ ਆਦਤ ਖ਼ਤਰਨਾਕ ਹੋ ਸਕਦੀ ਹੈ। ਜਾਣੋ ਮਾਹਿਰ ਕੀ ਕਹਿੰਦੇ ਹਨ।
Next articleSAMAJ WEEKLY = 25/05/2026