(ਸਮਾਜ ਵੀਕਲੀ)
ਸਮੁੱਚੀ ਧਰਤੀ ਨੂੰ ਆਪਣਾ ਘਰ ਅਤੇ ਸਮੁੱਚੀ ਮਨੁੱਖਤਾ ਨੂੰ ਆਪਣਾ ਪਰਿਵਾਰ ਸਮਝ ਕੇ ਪਿਆਰ ਕਰੋ। ਸਮੁੱਚੇ ਜੀਵ ਪ੍ਰਾਣੀਆਂ ਵਿੱਚੋਂ ਆਪਣੇ ਆਪ ਨੂੰ ਸੂਝਵਾਨ ਕਹਾਉਣ ਵਾਲਾ ਇੱਕੋ ਜੀਵ ਹੈ ਮਨੁੱਖ। ਇਹ ਸੱਚ ਵੀ ਹੈ, ਮਨੁੱਖੀ ਸੋਚ ਨੇ ਤਰੱਕੀ ਵੀ ਬਹੁਤ ਕੀਤੀ ਹੈ, ਆਪਣੇ ਲਈ ਸੁੱਖ ਸਹੂਲਤਾਂ ਦੇ ਸਾਧਨ ਵੀ ਬਹੁਤ ਤਿਆਰ ਕੀਤੇ ਹਨ। ਮਨੁੱਖ ਨੇ ਆਪਣੀ ਜਿੰਦਗੀ ਨੂੰ ਵਧੀਆ ਢੰਗ ਨਾਲ ਜਿਉਣ ਅਤੇ ਆਪਣੇ ਹੱਕਾਂ ਲਈ ਕੁੱਝ ਨਿਯਮ ਵੀ ਬਣਾਏ ਹਨ, ਜਿੰਨਾ ਨੂੰ ਮਨੁੱਖੀ ਅਧਿਕਾਰਾਂ ਦਾ ਨਾਮ ਦਿੱਤਾ ਗਿਆ ਹੈ। ਇਹਨਾ ਨਿਯਮਾਂ ਅਨੁਸਾਰ ਸਾਰੇ ਮਨੁੱਖ ਬਰਾਬਰ ਦੇ ਹੱਕਦਾਰ ਹਨ, ਕੋਈ ਊਚ ਜਾਂ ਨੀਚ ਨਹੀਂ ਹੈ, ਨਾ ਕੋਈ ਕਿਸੇ ਦਾ ਹੱਕ ਖੋਹ ਸਕਦਾ ਹੈ, ਨਾ ਕੋਈ ਕਿਸੇ ਨੂੰ ਤੰਗ ਕਰ ਸਕਦਾ ਹੈ, ਨਾ ਕੋਈ ਕਿਸੇ ਨੂੰ ਮਾਰ ਸਕਦਾ ਹੈ, ਨਾ ਕੋਈ ਕਿਸੇ ਨੂੰ ਗੁਲਮ ਬਣਾ ਸਕਦਾ ਹੈ, ਭਾਵ ਕਿ ਕੋਈ ਵੀ ਕਿਸੇ ਨੂੰ ਕਿਸੇ ਤਰਾਂ ਦੀ ਵੀ ਤਕਲੀਫ ਨਹੀਂ ਦੇ ਸਕਦਾ, ਸੱਭ ਨੂੰ ਆਪਣੇ ਦਾਇਰੇ ਵਿੱਚ ਰਹਿ ਕੇ ਖੁਸ਼ੀ-ਖੁਸ਼ੀ ਆਪਣੀ ਵਧੀਆ ਜਿੰਦਗੀ ਜਿਉਣ ਦਾ ਹੱਕ ਹੈ, ਜੋ ਬਹੁਤ ਵਧੀਆ ਸੋਚ ਹੈ।
ਪਰ ਅਫਸੋਸ ਕਿ ਮਨੁੱਖ ਅਤੇ ਮਨੁੱਖੀ ਅਧਿਕਾਰਾਂ ਨੂੰ ਖਤਰਾਂ ਵੀ ਮਨੁੱਖ ਤੋਂ ਹੀ ਹੈ। ਕਿਉਂਕਿ ਮਨੁੱਖੀ ਹੱਕਾਂ ਦੀ ਰਾਖੀ ਦਾ ਢੰਡੋਰਾ ਪਿੱਟਣ ਵਾਲਾ ਮਨੁੱਖ ਹੀ ਮੰਤਰੀਆਂ ਦੇ ਰੂਪ ਵਿੱਚ ਜਾਤਾਂ ਧਰਮਾਂ ਦੇ ਨਾਵਾਂ ਤੇ ਨਫਰਤਾਂ ਫੈਲਾਅ ਕੇ ਮਨੁੱਖਾਂ ਦਾ ਕਤਿਲੇਆਮ ਕਰਵਾਉਂਦਾ ਹੈ, ਮਨੁੱਖ ਹੀ ਮਨੁੱਖ ਦੇ ਚੋਰੀਆਂ ਕਰਦਾ ਹੈ, ਅਤੇ ਮਨੁੱਖਤਾ ਦੇ ਘਾਣ ਲਈ ਨਸ਼ਿਆਂ ਦਾ ਵਪਾਰ ਕਰਦੈ, ਫਿਰ ਮਨੁੱਖ ਹੀ ਪੁਲਿਸ ਦੇ ਰੂਪ ਵਿੱਚ ਚੋਰਾਂ ਦਾ ਸਾਥ ਦਿੰਦਾ ਹੈ ਅਤੇ ਬੇਗੁਨਾਹਾਂ ਤੇ ਝੂਠੇ ਕੇਸ ਪਾ ਦਿੰਦਾ ਹੈ, ਮਨੁੱਖ ਹੀ ਅਫਸਰਾਂ ਦੇ ਰੂਪ ਵਿੱਚ ਆਪਣੇ ਘਰ ਭਰਨ ਲਈ ਮੋਟੀਆਂ ਰਿਸਵਤਾਂ ਲੈਂਦਾ ਹੈ, ਮਨੁੱਖ ਹੀ ਮਨੁੱਖਾਂ ਨੂੰ ਬਚਾਉਣ ਲਈ ਡਾਕਟਰੀ ਦਾ ਕੋਰਸ ਕਰਕੇ, ਮਨੁੱਖਾਂ ਨੂੰ ਮਾਰ ਰਿਹਾ ਹੈ, ਮਨੁੱਖ ਹੀ ਆਪਣੇ ਵੱਧ ਮੁਨਾਫੈ ਦੀ ਦੌੜ ਕਾਰਨ ਦੁਕਾਨਦਾਰਾਂ ਦੇ ਰੂਪ ਵਿੱਚ ਸਹਿਰਾਂ ਦੀਆਂ ਸੜਕਾਂ ਤੇ ਨਾਜਾਇਜ ਕਬਜੇ ਕਰਦਾ ਅਤੇ ਖਾਣ ਪੀਣ ਦੇ ਸਮਾਨ ਵਿੱਚ ਮਿਲਾਵਟਾਂ ਕਰਦਾ ਹੈ, ਕਿਸਾਨ ਦੇ ਰੂਪ ਵਿੱਚ ਗੁਆਢੀਆਂ ਦੀਆਂ ਵੱਟਾਂ ਵੱਢਦੈ, ਰਾਹਾਂ ਤੇ ਨਾਜਾਇਜ ਕਬਜੇ ਕਰਦੈ ਅਤੇ ਫਸਲਾਂ ਵਿੱਚ ਜਹਿਰ ਘੋਲਦਾ ਹੈ, ਭਾਵ ਕਿ ਹਰ ਬੁਰਾਈ ਜਿਸ ਨੂੰ ਮਨੁੱਖ ਮਾੜੀ ਕਹਿੰਦਾ ਹੈ, ਉਸ ਬੁਰਾਈ ਨੂੰ ਮਨੁੱਖ ਹੀ ਕਰਦਾ ਹੈ।
ਜਦੋਂ ਮਨੁੱਖ ਆਪਣੇ ਬਣਾਏ ਨਿਯਮਾਂ ਨੂੰ ਤੋੜ ਕੇ ਹੋਰਾਂ ਲਈ ਖਤਰਾ ਬਣਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਇੱਥੇ ਤਾਂ ਜੰਗਲੀ ਰਾਜ ਹੋ ਗਿਆ ਹੈ ਜਦਕਿ ਜੰਗਲੀ ਰਾਜ ਵੀ ਅਜੋਕੇ ਮਨੁੱਖ ਦੇ ਵਹਿਸੀਪੁਣੇ ਜਿੰਨਾ ਮਾੜਾ ਕਦੇ ਵੀ ਨਹੀਂ ਰਿਹਾ। ਮੈਂ ਤਾਂ ਕਈ ਬਾਰ ਸੋਚਦਾ ਹੁੰਦਾ ਹਾਂ ਕਿ ਜੇ ਮਨੁੱਖ ਦੀ ਸੋਚ ਵਿਕਾਸ ਨਾ ਕਰਦੀ, ਇਹ ਜੰਗਲ ਦੇ ਜਾਨਵਰਾਂ ਵਾਂਗ ਹੀ ਇੱਕ ਜਾਨਵਰ ਹੋ ਕੇ ਕੁਦਰਤੀ ਜਿੰਦਗੀ ਜਿਉਂਦਾ ਹੁੰਦਾ ਤਾਂ ਇੱਥੇ ਸੱਭ ਕੁੱਝ ਕੁਦਰਤੀ ਹੋਣਾ ਸੀ, ਜੇ ਕਿਸੇ ਨੂੰ ਬਚਾਉਣ ਲਈ ਨਿਯਮ/ਕਾਨੂੰਨ ਨਹੀਂ ਸੀ ਹੋਣੇ ਤਾਂ ਕਿਸੇ ਨੂੰ ਮਾਰਨ ਲਈ ਅਜੋਕੇ ਮਾਰੂ ਹਥਿਆਰ ਵੀ ਨਹੀਂ ਸੀ ਹੋਣੇ। ਮਨੁੱਖੀ ਸੋਚ ਨੇ ਆਪਣੇ ਸੁੱਖਾਂ ਲਈ ਜਿੱਥੇ ਕੁਦਰਤੀ ਵਾਤਵਰਣ ਦੇ ਨਾਨ ਨਾਲ ਧਰਤੀ ਉਤੇ ਵਸਦੇ ਹਰ ਜੀਵ ਦੇ ਹੱਕਾਂ ਦਾ ਘਾਣ ਕੀਤਾ ਹੈ ਉਥੇ ਮਨੁੱਖਤਾ ਲਈ ਖਤਰਾ ਵੀ ਮਨੁੱਖ ਹੀ ਬਣਿਆਂ ਹੈ।
ਫਿਰ ਕੀ ਸਿਰਫ ਹੋਰਾਂ ਲਈ ਖਤਰਾ ਬਣਨਾ ਹੀ ਮਨੁੱਖ ਦੀ ਸਿਆਣਪ ਹੈ? ਇਸ ਸਿਆਣਪ ਦਾ ਕਿਸੇ ਨੂੰ ਤਾਂ ਕੀ, ਖੁਦ ਮਨੁੱਖ ਨੂੰ ਵੀ ਕੀ ਲਾਭ ਹੋਇਆ? ਗੱਲ ਤਾਂ ਸਿਰਫ ਜਿਉਣ ਦੀ ਅਤੇ ਆਪਣੇ ਬੱਚੇ ਪਾਲਣ ਦੀ ਹੀ ਹੈ। ਇਹ ਤਾਂ ਜੰਗਲਾਂ ਵਿੱਚ ਜਾਨਵਰ ਵੀ ਜਿਉਂ ਰਹੇ ਹਨ ਅਤੇ ਆਪਣੇ ਬੱਚੇ ਪਾਲ਼ ਰਹੇ ਹਨ, ਉੱਥੇ ਨਾ ਕੋਈ ਉਹਨਾ ਦੇ ਹੱਕਾਂ ਦੀ ਰਾਖੀ ਕਰਦਾ ਹੈ ਨਾ ਹੀ ਉਹਨਾ ਨੇ ਆਪਣੀ ਸੁਰੱਖਿਆ ਜਾਂ ਸੁੱਖਾਂ ਲਈ ਮਨੁੱਖ ਵਾਂਗ ਸਾਧਨ ਪੈਦਾ ਕੀਤੇ ਹੋਏ ਹਨ। ਜੰਗਲਾਂ ਵਿੱਚ ਜਾਨਵਰ ਆਪਣਾ ਪੇਟ ਭਰਨ ਲਈ ਆਪਣੇ ਤੋਂ ਮਾੜਿਆਂ ਨੂੰ ਮਾਰ ਕੇ ਖਾ ਜਾਂਦੇ ਹਨ, ਪਰ ਉਹ ਬੇਸਮਝ ਨਾ ਤਾਂ ਆਉਣ ਵਾਲੀਆਂ ਪੀੜੀਆਂ ਲਈ ਧਨ ਜੋੜਨ ਲਈ ਕਿਸੇ ਦੇ ਹੱਕ ਮਾਰਦੇ ਹਨ, ਨਾ ਹੀ ਦੇਸ਼ਾਂ, ਜਾਤਾਂ ਧਰਮਾਂ, ਦੀ ਵੰਡ ਦੇ ਨਾਂਅ ਤੇ ਨਫਰਤਾਂ ਫੈਲਾਅ ਕੇ ਕਤਲੇਆਮ ਕਰਵਾਉਂਦੇ ਹਨ।
ਬੇਸਮਝ ਜਾਨਵਰਾਂ ਜਾਂ ਪਸੂਆਂ ਨੂੰ ਉਹਨਾ ਦੇ ਅਧਿਕਾਰਾਂ ਵਾਰੇ ਕੁੱਝ ਵੀ ਦੱਸਣ ਦੀ ਲੋੜ ਨਹੀਂ ਹੁੰਦੀ, ਪਰ ਪੜ੍ਹੇ ਲਿਖੇ ਸਮਝਦਾਰ ਮਨੁੱਖ ਨੂੰ ਮਨੁੱਖੀ ਅਧਿਕਾਰਾਂ ਵਾਰੇ ਸਮਝਾਅ ਸਮਝਾਅ ਕੇ ਵੀ ਨਹੀਂ ਸਮਝਾਇਆ ਜਾ ਸਕਦਾ। ਫਿਰ ਅਸੀਂ ਬੇਸਮਝਾਂ ਨਾਲੋਂ ਸਿਆਣੇ ਕਿਵੇਂ ਹੋਏ? ਕਿਉਂਕਿ ਸਾਡੇ ਸਿਆਣਿਆਂ ਦੇ ਮਨੁੱਖੀ ਰਾਜ ਨਾਲੋਂ ਤਾਂ ਜੰਗਲੀ ਰਾਜ ਬਹੁਤ ਚੰਗਾ ਹੈ। ਹਾਸੀ ਆਉਂਦੀ ਹੁੰਦੀ ਹੈ ਜਦੋਂ ਮਨੁੱਖ ਜਾਨਵਰਾਂ ਦੇ ਭਲੇ ਦੀਆਂ ਗੱਲਾਂ ਕਰ ਰਿਹਾ ਹੁੰਦਾ ਹੈ, ਜਿਵੇਂ ਕਿ ਜਾਨਵਰਾਂ ਲਈ ਲੱਕੜ ਦੇ ਆਹਲਣੇ ਬਣਾਉਣ ਦਾ ਪਰਉਪਕਾਰ ਕਰ ਕੇ ਮੀਡੀਏ ਤੇ ਫੋਟੋਆਂ ਪਾ ਰਿਹਾ ਹੁੰਦਾ ਹੈ, ਇਸ ਨੂੰ ਕੁਦਰਤ ਪੁੱਛੇ ਕਿ ਪਰਉਪਕਾਰੀਆ ਜਾਨਵਰਾਂ ਦੇ ਆਹਲਣੇ ਉਜਾੜੇ ਕਿਸ ਨੇ ਹਨ ?
ਕਦੇ ਦਰਖਤ ਲਾ ਕੇ ਵਾਤਵਰਣ ਨੂੰ ਸੁੱਧ ਕਰਨ ਦਾ ਪਰਉਪਕਾਰ ਕਰਨ ਵਾਲੇ ਨੂੰ ਕੁਦਰਤ ਪੁੱਛੇ ਕਿ ਦਰਖਤਾਂ ਦੀ ਕਟਾਈ ਕਰਕੇ ਵਾਤਾਵਰਣ ਜਹਿਰੀਲਾ ਕਿਹੜੇ ਜਾਨਵਰਾਂ ਨੇ ਕੀਤਾ ਹੈ? ਤਾਂ ਇਸ ਸਿਆਣੇ ਸਮਝਦਾਰ ਕੋਲ ਕੋਈ ਜਵਾਬ ਨਹੀਂ ਹੋਵੇਗਾ। ਜਾਨਵਰਾਂ ਦਾ ਭਲਾ ਤਾਂ ਦੂਰ ਰਿਹਾ ਹਾਲੇ ਤੱਕ ਤਾਂ ਮਨੁੱਖ (ਇਸਤਰੀ/ਪੁਰਸ਼) ਆਪਣੇ ਹੀ ਬੱਚਿਆਂ ਦਾ ਕਤਲ (ਮਾਦਾ ਭਰੂਣ ਹੱਤਿਆ) ਕਰਨੋ ਨਹੀਂ ਹਟਿਆ। ਮਨੁੱਖ ਦੇ ਅਜਿਹਾ ਕਰਨ ਦਾ ਕਾਰਨ ਇਹ ਨਹੀਂ ਹੈ ਕਿ ਮਨੁੱਖ ਨੂੰ ਸੋਝੀ ਨਹੀਂ ਹੈ, ਸੋਝੀ ਹੈ ਪਰ ਇਸ ਸੋਝੀ ਨੂੰ ਸਮੁੱਚੀ ਮਨੁੱਖਤਾ ਦੇ ਭਲੇ ਦੀ ਥਾਂ ਸਿਰਫ ਨਿੱਜੀ ਭਲੇ ਲਈ ਇਸ ਤਰਾਂ ਵਰਤ ਰਿਹਾ ਹੈ ਕਿ ਦੂਜਿਆਂ ਦੇ ਜਾਇਜ ਹੱਕ ਮਾਰ ਕੇ ਵੀ ਮੈਨੂੰ ਨਾਜਾਇਜ ਲਾਭ ਮਿਲ ਜਾਣ। ਜਦੋਂ ਅਸੀਂ ਕਿਸੇ ਦੂਜੇ ਦਾ ਹੱਕ ਮਾਰਾਂਗੇ ਤਾਂ ਅਸੀਂ ਵੀ ਕਿਸੇ ਲਈ ਦੂਜੇ ਹੋਵਾਂਗੇ, ਤਾਂ ਕੋਈ ਸਾਡੇ ਹੱਕਾਂ ਨੂੰ ਵੀ ਮਾਰੇਗਾ।
ਇਹੀ ਇਸ ਦੀ ਸਿਆਣਪ ਦੀ ਮੂਰਖਤਾ ਹੈ, ਜਿਸ ਕਾਰਨ ਮਨੁੱਖ ਸੁੱਖਾਂ ਦੀ ਥਾਂ ਦੁੱਖਾਂ ਦੇ ਖੂਹ ਵਿੱਚ ਡਿੱਗ ਰਿਹਾ ਹੈ, ਅਜਿਹੇ ਮਨੁੱਖ ਵਾਰੇ ਹੀ ਭਗਤ ਕਬੀਰ ਜੀ ਨੇ ਕਿਹਾ ਹੈ ਕਿ :- ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥216॥(ਗੁਰੂ ਗ੍ਰੰਥ ਸਾਹਿਬ ਜੀ ਪੰਨਾ ਨੰਬਰ 1376) ਜੇ ਮਨੁੱਖ ਨੇ ਸਹੀ ਅਰਥਾਂ ਵਿੱਚ ਮਨੁੱਖੀ ਹੱਕਾਂ ਦਾ ਪਹਿਰੇਦਾਰ ਬਣਨਾ ਹੈ ਤਾਂ ਇਹ ਹੋਰ ਪ੍ਰਜਾਤੀਆਂ ਦੇ ਜਾਨਵਰਾਂ ਦੇ ਭਲੇ ਕਰਨ ਦੀ ਡਰਾਮੇਬਾਜੀਆਂ ਦੀਆਂ ਗੱਲਾਂ ਛੱਡ ਕੇ ਪਹਿਲਾਂ ਸਿਰਫ ਆਪਣੀ ਮਨੁੱਖਾ ਜਾਤੀ ਦੇ ਭਲੇ ਲਈ ਹੀ ਮਨੁੱਖੀ ਅਧਿਕਾਰਾਂ ਦੀ ਪਾਲਣਾ ਕਰ ਲਵੇ, ਇਸ ਨਾਲ ਹੀ ਬਹੁਤ ਭਲਾਈ ਹੋ ਜਾਵੇਗੀ, ਮਨੁੱਖ ਆਪਣੀ ਸੁਰੱਖਿਆ ਲਈ ਬਣਾਏ ਨਿਯਮਾਂ ਉੱਤੇ ਆਪ ਹੀ ਪਹਿਰਾ ਦੇ ਲਵੇ ਇਸ ਨਾਲ ਹੀ ਮਨੁੱਖ ਦੇ ਨਾਲ ਨਾਲ ਹੋਰ ਪ੍ਰਜਾਤੀਆਂ ਦੇ ਜਾਨਵਰਾਂ ਦਾ ਭਲਾ ਵੀ ਆਪਣੇ ਆਪ ਹੋ ਜਾਵੇਗਾ।
ਮਨੁੱਖ ਜਾਨਵਰਾਂ ਉੱਤੇ ਤੁਜਰਬੇ ਕਰਕੇ ਬਣਾਈਆਂ ਦਵਾਈਆਂ ਨੂੰ ਮਨੁੱਖਤਾ ਦੇ ਭਲੇ ਲਈ ਹੀ ਵਰਤੇ, ਆਪਣੇ ਮੁਨਾਫੇ ਲਈ ਘਟੀਆ ਦਵਾਈਆਂ ਤਿਆਰ ਕਰਕੇ ਮਨੁੱਖਤਾ ਦਾ ਘਾਣ ਨਾ ਕਰੇ, ਨਿਯਮਾ ਅਨੁਸਾਰ ਬਣਾਈਆਂ ਆਪਣੇ ਦੇਸ਼ਾਂ ਦੀਆਂ ਹੱਦਾਂ ਅੰਦਰ ਰਹੇ, ਮਨੁੱਖ ਜਾਤਾਂ ਧਰਮਾਂ ਦੇ ਨਾਵਾਂ ਤੇ ਨਫਰਤਾਂ ਫੈਲਾਅ ਕੇ ਮਨੁੱਖਾਂ ਦਾ ਕਤਿਲੇਆਮ ਨਾ ਕਰੇ, ਠੱਗੀਆਂ, ਚੋਰੀਆਂ ਅਤੇ ਨਸ਼ਿਆਂ ਦੇ ਵਪਾਰ ਬੰਦ ਕਰੇ, ਚੋਰਾਂ ਦਾ ਸਾਥ ਅਤੇ ਬੇਗੁਨਾਹਾਂ ਤੇ ਝੂਠੇ ਕੇਸ ਪਾ ਆਪਣੇ ਘਰ ਭਰਨ ਲਈ ਰਿਸਵਤਾਂ ਲੈਣੀਆਂ ਛੱਡੇ, ਸਹਿਰਾਂ ਦੀਆਂ ਸੜਕਾਂ ਤੇ ਨਾਜਾਇਜ ਕਬਜੇ, ਅਤੇ ਖਾਣ ਪੀਣ ਦੇ ਸਮਾਨ ਵਿੱਚ ਮਿਲਾਵਟਾਂ ਕਰਨੀਆਂ, ਗੁਆਢੀਆਂ ਦੀਆਂ ਵੱਟਾਂ ਵੱਢਣ, ਰਾਹਾਂ ਤੇ ਨਾਜਾਇਜ ਕਬਜੇ ਕਰਨੇ ਅਤੇ ਫਸਲਾਂ ਵਿੱਚ ਜਹਿਰ ਘੋਲਣਾ ਬੰਦ ਕਰੇ, ਕਿਸੇ ਦਾ ਹੱਕ ਮਾਰ ਕੇ ਨਾ ਖਾਵੇ, ਆਪਣੀ ਕਿਰਤ ਕਮਾ ਕੇ ਖਾਵੇ, ਸਮੁੱਚੀ ਧਰਤੀ ਨੂੰ ਆਪਣਾ ਘਰ ਅਤੇ ਸਮੁੱਚੀ ਮਨੁੱਖਤਾ ਨੂੰ ਆਪਣਾ ਪਰਿਵਾਰ ਸਮਝ ਕੇ ਪਿਆਰ ਕਰੇ, ਫਿਰ ਹੀ ਮਨੁੱਖੀ ਅਧਿਕਾਰ ਜੀਵਤ ਰਹਿਣਗੇ।
ਫਿਰ ਨਾ ਮਾਰੂ ਹਥਿਆਰਾਂ ਦੀ ਲੋੜ ਰਹਿਣੀ, ਨਾ ਪੁਲਿਸ ਅਤੇ ਫੌਜਾਂ ਦੀ ਲੋੜ, ਨਾ ਜੇਲਾਂ ਤੇ ਥਾਣਿਆਂ ਦੀ ਲੋੜ, ਨਾ ਘਰਾਂ ਨੂੰ ਤਾਲਿਆਂ ਦੀ ਲੋੜ, ਫਿਰ ਨਾ ਕੋਈ ਦੂਜਾ ਸਾਡਾ ਦੁਸਮਣ ਹੋਣਾ, ਨਾ ਅਸੀਂ ਕਿਸੇ ਦੇ ਹੋਣੇ, ਫਿਰ ਸਮੁੱਚੇ ਮਨੁੱਖ ਹੀ ਸਾਡੇ ਮਿੱਤਰ ਪਿਆਰੇ ਹੋਣਗੇ। ਫਿਰ ਹੀ ਅਸੀਂ ਕਹਿ ਸਕਾਂਗੇ ਕਿ ਅਸੀਂ ਸੂਝਵਾਨ ਮਨੁੱਖ ਹਾਂ ਸਾਨੂੰ ਮਨੁੱਖੀ ਅਧਿਕਾਰਾਂ ਦੀ ਸੋਝੀ ਹੈ। ਫਿਰ ਅਜਿਹੀ ਮਨੁੱਖਤਾ ਵਾਰੇ ਹੀ ਗੁਰੂ ਸਾਹਿਬ ਜੀ ਫੁਰਮਾਉਂਦੇ ਹਨ ਕਿ :- ਧਨਾਸਰੀ ਮਃ 5 ॥ ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛੁਟਕਾਏ ॥ ਮਨ ਤੇ ਬਿਸਰਿਓ ਸਗਲੋ ਧੰਧਾ ਗੁਰ ਕੀ ਚਰਣੀ ਲਾਏ ॥1॥ ਸਾਧਸੰਗਿ ਚਿੰਤ ਬਿਰਾਨੀ ਛਾਡੀ ॥ ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ ॥1॥ ਰਹਾਉ ॥ ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥2॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥3॥ ਬਿਨਸਿਓ ਢੀਠਾ ਅੰਮ੍ਰਿਤੁ ਵੂਠਾ ਸਬਦੁ ਲਗੋ ਗੁਰ ਮੀਠਾ ॥ ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ ॥4॥ (ਗੁਰੂ ਗ੍ਰੰਥ ਸਾਹਿਬ ਜੀ ਪੰਨਾ ਨੰਬਰ 671)
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501, ਫੋਨ ਨੰਬਰ :- 9417023911
ਹੳਰਲੳਜਸਨਿਗਹ7ੑਗਮੳਲਿ.ਚੋਮ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly