ਸ੍ਰੀ ਅਨੰਦਪੁਰ ਸਾਹਿਬ ( ਧਰਮਾਣੀ )-(ਸਮਾਜ ਵੀਕਲੀ)-ਅਧਿਆਪਕ ਇੱਕ ਰਾਸ਼ਟਰ ਨਿਰਮਾਤਾ ਹੁੰਦਾ ਹੈ। ਉਸ ਨੇ ਆਪਣੇ ਵਿਦਿਆਰਥੀਆਂ ਨੂੰ ਤੇ ਸਮਾਜ ਨੂੰ ਇੱਕ ਚੰਗੇ ਰਾਹ ਵੱਲ ਲੈ ਕੇ ਜਾਣਾ ਹੁੰਦਾ ਹੈ। ਜੇਕਰ ਅੱਜ ਦੇ ਨੌਜਵਾਨ , ਵਿਦਿਆਰਥੀ ਅਤੇ ਸਮਾਜ ਅਧਿਆਪਕ ਦੇ ਕੀਤੇ ਚੰਗੇ ਕੰਮਾਂ ਦਾ ਸਤਿਕਾਰ ਕਰਨ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਅਤੇ ਅਧਿਆਪਕ ਹੋਰ ਜ਼ਿਆਦਾ ਸਮਰਪਿਤ ਹੋ ਕੇ ਆਪਣੇ ਸਮਾਜ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਜੀਅ – ਜਾਨ ਲਗਾ ਦਿੰਦੇ ਹਨ। ਜਿਵੇਂ ਕਿ ਮਾਸਟਰ ਸੰਜੀਵ ਧਰਮਾਣੀ ਅੱਜ ਬਤੌਰ ਅੰਤਰਰਾਸ਼ਟਰੀ ਉੱਘੇ ਪੰਜਾਬੀ ਲੇਖਕ , ਸਮਾਜ ਸੇਵਕ ਦੇ ਨਾਲ਼ – ਨਾਲ਼ ਕੁਦਰਤ ਪ੍ਰੇਮੀ , ਪੰਛੀ ਪ੍ਰੇਮੀ ਅਤੇ ਪੁਸਤਕ ਪ੍ਰੇਮੀ ਦੇ ਤੌਰ ‘ਤੇ ਜਾਣੇ ਜਾਂਦੇ ਹਨ ; ਉਨ੍ਹਾਂ ਨੂੰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ – ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ( ਪੰਜਾਬ ) ਵਿਖੇ ਕਰਵਾਏ ਗਏ ਵਿਸ਼ੇਸ਼ ” ਸਾਲਾਨਾ – ਸਮਾਰੋਹ ” ਦੇ ਦੌਰਾਨ ਉਨ੍ਹਾਂ ਦੀਆਂ ਸਿੱਖਿਆ , ਸਾਹਿਤ ਅਤੇ ਸਮਾਜ ਦੇ ਪ੍ਰਤੀ ਨਿਭਾਈਆਂ ਜਾ ਰਹੀਆਂ ਵਿਸ਼ੇਸ਼ – ਸੇਵਾਵਾਂ ਅਤੇ ਪਾਏ ਗਏ ਯੋਗਦਾਨ ਦੇ ਲਈ ਸਰਪੰਚ , ਗ੍ਰਾਮ ਪੰਚਾਇਤ ਗੰਭੀਰਪੁਰ ਲੋਅਰ ਸ੍ਰੀ ਮਨਜੀਤ ਕੁਮਾਰ ਜੀ , ਸਰਪੰਚ ਜਗਤਾਰ ਸਿੰਘ ਜੀ ,ਤਿੰਨੇ ਬਾਸਾਂ ਦੀ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਵਿਸ਼ੇਸ਼ – ਸਨਮਾਨ ਚਿੰਨ੍ਹ , ਸਨਮਾਨ – ਪੱਤਰ ਅਤੇ ਇੱਕ ਹਜਾਰ ਪੰਜ ਸੌ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਸਟਾਫ ਅਤੇ ਸਮੁੱਚੀ ਗ੍ਰਾਮ ਪੰਚਾਇਤ ਨੇ ਇਸ ਮੌਕੇ ਮਾਸਟਰ ਸੰਜੀਵ ਧਰਮਾਣੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਸਾਡੇ ਸਕੂਲ ਦੇ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ – ਕੀਮਤਾਂ , ਦੈਨਿਕ ਜੀਵਨ ਤੇ ਸਮਾਜਿਕ ਜਾਗਰੂਕਤਾ ਬਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਨਿਰੰਤਰ ਜਾਗਰੂਕ ਕਰਦੇ ਆ ਰਹੇ ਹਨ ਅਤੇ ਮਾਸਟਰ ਸੰਜੀਵ ਧਰਮਾਣੀ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਵਿੱਚ ਵੀ ਸਾਹਿਤ ਪੜ੍ਹਨ ਅਤੇ ਸਾਹਿਤ ਲਿਖਣ ਦੀ ਰੁਚੀ ਪੈਦਾ ਕੀਤੀ ਹੈ। ਜਿਸ ਦੇ ਸਿੱਟੇ ਵਜੋਂ ਅੱਜ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਦੀਆਂ ਬਾਲ – ਕਹਾਣੀਆਂ , ਬਾਲ – ਰਚਨਾਵਾਂ , ਬਾਲ – ਕਵਿਤਾਵਾਂ , ਬਾਲ ਪੇਂਟਿੰਗਜ਼ ਆਦਿ ਨਿਰੰਤਰ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਛਪਣ ਲੱਗ ਪਈਆਂ ਹਨ।ਇਸ ਸ਼ੁਭ ਮੌਕੇ ‘ਤੇ ਮਾਸਟਰ ਸੰਜੀਵ ਧਰਮਾਣੀ ਨੇ ਆਪਣੇ ਸਮੁੱਚੇ ਸਟਾਫ਼ ( ਸਕੂਲ ਮੁਖੀ ਮੈਡਮ ਅਮਨਪ੍ਰੀਤ ਕੌਰ ਜੀ ਤੇ ਸਟੇਟ ਐਵਾਰਡੀ ਅਧਿਆਪਕ ਪਰਮਜੀਤ ਕੁਮਾਰ ਜੀ ) , ਸਮੂਹ ਗ੍ਰਾਮ ਪੰਚਾਇਤ ਗੰਭੀਰਪੁਰ ਲੋਅਰ , ਸਮੁੱਚੀ ਸਕੂਲ ਮੈਨੇਜਮੈਂਟ ਕਮੇਟੀ , ਵਿਦਿਆਰਥੀਆਂ ਦੇ ਮਾਤਾ – ਪਿਤਾ ਅਤੇ ਹਾਜ਼ਰ ਹੋਏ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਵਧੀਆ ਕਾਰਗੁਜ਼ਾਰੀ ਦਰਸਾਉਣ ਦੀ ਹਾਮੀ ਭਰੀ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly