(ਸਮਾਜ ਵੀਕਲੀ)
ਅੱਜ 23 ਮਾਰਚ ਹੈ, ਅੱਜ ਸਾਨੂੰ ਖ਼ੂਬ ਸਜਾਵਣਗੇ
ਵੇਖੋ ! ਅੱਜ ਗਲਾਂ ਵਿੱਚ ਸਾਡੇ ਹਾਰ ਵੀ ਪਾਵਣਗੇ
ਬੰਨ੍ਹ ਕੇ ਬਸੰਤੀ ਪੱਗਾਂ, ਨਾਹਰੇ ਵੀ ਲਗਾਵਣਗੇ
ਅੱਜ 23 ਮਾਰਚ ਹੈ, ਅੱਜ ਸਾਨੂੰ ਖ਼ੂਬ ਸਜਾਵਣਗੇ
ਅਸੀਂ ਸਭ ਸਾਥੀਆਂ, ਨਹੀਂ ਚਾਹੀ ਸੀ ਮਸ਼ਹੂਰੀ
ਬਣ ਬਾਗ਼ੀ ਸੀ ਤੋੜਨੀ, ਫਿਰੰਗੀ ਦੀ ਮਗ਼ਰੂਰੀ
ਇਹ ਅੰਗਰੇਜ਼ ਹੋਰ ਨਹੀਂ ਰਾਜ ਕਰ ਪਾਵਣਗੇ
ਅੱਜ 23 ਮਾਰਚ ਹੈ, ਅੱਜ ਸਾਨੂੰ ਖ਼ੂਬ ਸਜਾਵਣਗੇ
ਇਹ ਫ਼ਿਰੰਗੀ ਮੁਲਕ ਅਸਾਡਾ ਲੁੱਟ ਰਹੇ ਸੀ
ਚਾੜ੍ਹ ਰਹੇ ਸੀ ਫਾਂਸੀ, ਹੌਂਸਲੇ ਨਾ ਟੁੱਟ ਰਹੇ ਸੀ
ਖ਼ਬਰੇ ਚਾਅ ਸ਼ਹੀਦਾਂ ਦੇ ਪੂਰੇ ਹੋ ਜਾਵਣਗੇ
ਅੱਜ 23 ਮਾਰਚ ਹੈ, ਅੱਜ ਸਾਨੂੰ ਖ਼ੂਬ ਸਜਾਵਣਗੇ
ਗ਼ੁਲਾਮੀ ਵਾਲ਼ਾ ਭਜਾ ਦਿੱਤਾ ਦੂਰ ਹਨੇਰਾ ਜੀ
ਆਜ਼ਾਦੀ ਵਾਲ਼ਾ ਚੜ੍ਹ ਗਿਆ ਨਵਾਂ ਸਵੇਰਾ ਜੀ
ਰਲ ਕੇ ਸਭ ਜਸ਼ਨ-ਏ-ਆਜ਼ਾਦੀ ਮਨਾਵਣਗੇ
ਅੱਜ 23 ਮਾਰਚ ਹੈ, ਅੱਜ ਸਾਨੂੰ ਖ਼ੂਬ ਸਜਾਵਣਗੇ…
ਪਰ
ਭਾਸ਼ਣਾਂ ਵਿੱਚ ਮੁਲਕ ਦਾ ਮਾਨ, ਬਣ ਗਏ ਹਾਂ
ਬਣ ਕੇ ਬੁੱਤ ਕਿਸੇ ਚੌਂਕ ਦੀ ਸ਼ਾਨ, ਬਣ ਗਏ ਹਾਂ
ਜਿੱਥੇ ਜੜੇ ਹਾਂ ਉਹ ਥੜੇ ਵੀ ਝਾੜੇ ਜਾਵਣਗੇ,
ਅੱਜ 23 ਮਾਰਚ ਹੈ, ਅੱਜ ਸਾਨੂੰ ਖ਼ੂਬ ਸਜਾਵਣਗੇ…
ਨਹੀਂ ਲੋੜ ਸਾਨੂੰ ਇਹ ਰੰਗ-ਬਰੰਗੇ ਹਾਰਾਂ ਦੀ
ਲਗਾ ਕੇ ਫੁੱਲਾਂ ਦੇ ਮਖੌਟੇ, ਹੱਥ ਜੋੜਦੇ ਖ਼ਾਰਾਂ ਦੀ
ਜਿਹੜੇ ਲੈ ਕੇ ਵੋਟਾਂ, ਨਾ ਛੇਤੀ ਮੂੰਹ ਵਿਖਲਾਵਣਗੇ,
ਅੱਜ 23 ਮਾਰਚ ਹੈ, ਅੱਜ ਸਾਨੂੰ ਖ਼ੂਬ ਸਜਾਵਣਗੇ…
ਨਸ਼ੇ, ਧੋਖੇ, ਧੱਕੇ, ਰਿਸ਼ਵਤ ਤੇ ਬੇਰੁਜ਼ਗਾਰੀ ਹੈ |
ਕਿਰਤ ਤੇ ਕਿਸਾਨੀ ਦੀ ਲੁੱਟ, ਅਜੇ ਵੀ ਜਾਰੀ ਹੈ |
ਆਜ਼ਾਦ ਖ਼ਿਜ਼ਾ ਹੈ ਪਰ ਦਿਨ ਅੱਛੇ ਕਦ ਆਵਣਗੇ,
ਅੱਜ 23 ਮਾਰਚ ਹੈ, ਅੱਜ ਸਾਨੂੰ ਖ਼ੂਬ ਸਜਾਵਣਗੇ…
ਚਲੋ ਫਿਰ ਵੀ ਵੀਰਨੋ! ਧੰਨਵਾਦ ਤੁਹਾਨੂੰ ਸਾਡਾ ਹੈ |
ਲੱਗ ਰਿਹਾ ਕੁਝ ਦਿਲਾਂ ਵਿੱਚ ਸੱਚੀਂ ਡੇਰਾ ਸਾਡਾ ਹੈ।
ਬੁੱਤਾਂ ‘ਤੇ ਨਹੀਂ, ਸਾਡੀ ਸੋਚ ‘ਤੇ ਫੁੱਲ ਚੜ੍ਹਾਵਣਗੇ,
ਅੱਜ 23 ਮਾਰਚ ਹੈ, ਅੱਜ ਸਾਨੂੰ ਖ਼ੂਬ ਸਜਾਵਣਗੇ…
ਮਨਜੀਤ ਸਿੰਘ ਬੱਧਣ 9417635053



