ਅਣਸੁਖਾਵੇਂ ਸੜਕ ਹਾਦਸਿਆਂ ਸਬੰਧੀ ਸਪੀਕਰ ਸੰਧਵਾਂ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ

ਪਿੰਡ ਟਹਿਣਾ ਨੇੜੇ ਅੰਡਰ ਬਾਈਪਾਸ ਬਣਾਉਣ ਨੂੰ ਮਿਲੀ ਜੁਬਾਨੀ ਤੌਰ ’ਤੇ ਪ੍ਰਵਾਨਗੀ
 ਫਰੀਦਕੋਟ/ਕੋਟਕਪੂਰਾ 12 ਸਤੰਬਰ (ਬੇਅੰਤ ਗਿੱਲ ਭਲੂਰ) ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਆਉਂਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਵਸਨੀਕਾਂ ਦੀਆਂ ਵੱਖ- ਵੱਖ ਕਿਸਮਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਯਤਨਸ਼ੀਲ ਰਹਿਣ ਵਾਲੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਜੋ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਨੇ ਹਲਕੇ ਦੇ ਪਿੰਡ ਟਹਿਣਾ ਵਿਖੇ ਵਾਪਰ ਰਹੇ ਅਣਕਿਆਸੇ ਅਤੇ ਦੁਖਦਾਇਕ ਸੜਕ ਹਾਦਸਿਆਂ ਨੂੰ ਰੋਕਣ ਹਿੱਤ ਕੇਂਦਰ ਦੇ ਸੜਕ ਮੰਤਰਾਲਾ ਅਤੇ ਹਾਈਵੇ ਮੰਤਰੀ ਨਿਤਿਨ ਗਡਕਰੀ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕੀਤੀ। ਪੰਜਾਬ ਭਰ ਦੇ ਰਾਸ਼ਟਰੀ ਅਤੇ ਰਾਜ ਮਾਰਗਾਂ ਸਮੇਤ ਓਵਰਬਰਿਜ ਅਤੇ ਟੋਲ ਟੈਕਸਾਂ ਬਾਰੇ ਗੱਲਬਾਤ ਕਰਨ ਉਪਰੰਤ ਸਪੀਕਰ ਸੰਧਵਾਂ ਨੇ ਮੰਤਰੀ ਨਿਤਿਨ ਗਡਕਰੀ ਨੂੰ ਨੈਸ਼ਨਲ ਹਾਈਵੇ ’ਤੇ ਸਥਿੱਤ ਪਿੰਡ ਟਹਿਣਾ ਵਿਖੇ ਅੰਡਰ ਬਾਈਪਾਸ ਨਾ ਹੋਣ ਕਾਰਨ ਵਾਪਰਦੇ ਨਿੱਤ ਨਵੇਂ ਹਾਦਸਿਆਂ ਤੋਂ ਜਾਣੂ ਕਰਵਾਇਆ ਗਿਆ। ਜਿਸ ’ਤੇ ਨਿਤਿਨ ਗਡਕਰੀ ਵੱਲੋਂ ਸਪੀਕਰ ਸੰਧਵਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਜਲਦ ਹੀ ਪਿੰਡ ਟਹਿਣਾ ਨੇੜੇ ਅੰਡਰ ਬਾਈਪਾਸ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਇਸ ਸਬੰਧੀ ਲਿਖਤੀ ਪ੍ਰਵਾਨਗੀ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ। ਇਸ ਮੌਕੇ ਹਲਕੇ ਦੀਆਂ ਹੋਰ ਸੜਕਾਂ ਬਾਰੇ ਵੀ ਵਿਸਥਾਰ ਸਹਿਤ ਗੱਲਬਾਤ ਕੀਤੀ ਗਈ। ਸਦਭਾਵਨਾ ਭਰੇ ਮਾਹੌਲ ਵਿੱਚ ਹੋਈ ਗੱਲਬਾਤ ਤੋਂ ਬਾਅਦ ਕੁਝ ਚੋਣਵੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਪੀਕਰ ਸੰਧਵਾਂ ਨੇ ਦੱਸਿਆ ਕਿ ਜਿਸ ਤਰਾਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਪੰਜਾਬ ਭਰ ਦੇ ਲਗਭਗ ਇਕ ਦਰਜਨ ਮਾਰਗ ਟੋਲ ਮੁਕਤ ਕਰ ਦਿੱਤੇ ਹਨ, ਜਿਸ ਨਾਲ ਵਾਹਨ ਚਾਲਕਾਂ ਅਤੇ ਰਾਹਗੀਰਾਂ ਦੀ ਹਜ਼ਾਰਾਂ ਰੁਪਏ ਦੀ ਬੱਚਤ ਦੀ ਚਰਚਾ ਹੋਣੀ ਸੁਭਾਵਿਕ ਹੈ, ਉਸੇ ਤਰਾਂ ‘ਆਪ’ ਸਰਕਾਰ ਹੋਰਨਾ ਟੋਲ ਟੈਕਸਾਂ ਵਾਲੇ ਬੈਰੀਅਰ ਦੀ ਮਿਆਦ ਖਤਮ ਹੋਣ ਤੋਂ ਬਾਅਦ ਲੋਕਾਂ ਨੂੰ ਟੈਕਸ ਤੋਂ ਮੁਕਤ ਅਰਥਾਤ ਰਾਹਤ ਦੇਣ ਲਈ ਵਚਨਬੱਧ ਹੈ ਪਰ ਹਲਕੇ ਦੇ ਪਿੰਡ ਟਹਿਣਾ ਦੇ ਇਕ ਪਾਸੇ ਫਰੀਦਕੋਟ ਅਤੇ ਬਾਕੀ ਪਾਸਿਆਂ ਤੋਂ ਨਾਲ ਲੱਗਦੇ ਪਿੰਡਾਂ ਵਾਲੇ ਪਾਸਿਉਂ ਆਉਣ ਵਾਲੇ ਵਾਹਨ ਚਾਲਕਾਂ ਨਾਲ ਵਾਪਰੀਆਂ ਕਈ ਅਣਸੁਖਾਵੀਆਂ ਘਟਨਾਵਾਂ ਰੋਕਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹਾਂਪੱਖੀ ਹੁੰਗਾਰਾ ਭਰਿਆ ਹੈ। ਉਹਨਾਂ ਆਸ ਪ੍ਰਗਟਾਈ ਕਿ ਸੜਕ ਮੰਤਰਾਲੇ ਦੇ ਸਹਿਯੋਗ ਨਾਲ ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਆਉਂਦੇ ਪਿੰਡ ਟਹਿਣਾ ਸਮੇਤ ਨੇੜਲੇ ਹੋਰ ਪਿੰਡਾਂ ਅਤੇ ਸ਼ਹਿਰ ਫਰੀਦਕੋਟ ਦੇ ਵਾਹਨ ਚਾਲਕਾਂ ਦੀ ਉਕਤ ਸਮੱਸਿਆ ਜਲਦ ਦੂਰ ਹੋ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਯੁਸ਼ਮਾਨ ਭਵ ਮੁਹਿੰਮ ਦੀ ਸ਼ੁਰੂਆਤ ਸਬੰਧੀ ਪ੍ਰਿਸੀਪਲ ਸੈਕਟਰੀ ਹੈਲਥ ਨਾਲ ਕੀਤੀ ਵੀਡੀਓ ਕੰਫਰੰਨਸ ਰਾਹੀਂ ਮੀਟਿੰਗ 
Next articleਬੀੜ ਸਿੱਖਾਂਵਾਲਾ ਸਕੂਲ ਦੇ ਹੁਸ਼ਿਆਰ ਬੱਚਿਆਂ ਦਾ ਹੋਇਆ ਸਨਮਾਨ