ਸਪਾ ਨੇ ਭਾਗਵਤ ਤੋਂ ਜਾਤ-ਪਾਤ ਬਾਰੇ ਸਪੱਸ਼ਟੀਕਰਨ ਮੰਗਿਆ

ਲਖਨਊ, (ਸਮਾਜ ਵੀਕਲੀ) : ਸਮਾਜਵਾਦੀ ਪਾਰਟੀ ਨੇ ਸੰਘ ਮੁਖੀ ਮੋਹਨ ਭਾਗਵਤ ਤੋਂ ਜਾਤ-ਪਾਤ ਦੀ ਹਕੀਕਤ ਬਾਰੇ ਸਪੱਸ਼ਟੀਕਰਨ ਮੰਗਦਿਆਂ ਕਿਹਾ ਕਿ ਰਾਮਚਰਿਤਮਾਨਸ ਤੋਂ ਜਾਤੀਵਾਦ ਸਬੰਧੀ ਟਿੱਪਣੀਆਂ ਹਟਾਈਆਂ ਜਾਣ। ਜ਼ਿਕਰਯੋਗ ਹੈ ਕਿ ਬੀਤੇ ਦਿਨ ਮੋਹਨ ਭਾਗਵਤ ਨੇ ਮੁੁੰਬਈ ਵਿੱਚ ਇੱਕ ਰੈਲੀ ਦੌਰਾਨ ਕਿਹਾ ਸੀ ਕਿ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਸਾਰੇ ਬਰਾਬਰ ਹਨ ਅਤੇ ਜਾਤ-ਪਾਤ ਆਦਿ ਦੇ ਮਸਲੇ ਪੁਜਾਰੀਆਂ ਵੱਲੋਂ ਖੜ੍ਹੇ ਕੀਤੇ ਗਏ ਹਨ, ਜੋ ਕਿ ਗਲਤ ਹਨ।

ਇਸ ਬਾਰੇ ਅਖਿਲੇਸ਼ ਯਾਦਵ ਨੇ ਟਵੀਟ ਕੀਤਾ, ‘‘ਕਿਰਪਾ ਕਰਕੇ ਇਹ ਵੀ ਸਪੱਸ਼ਟ ਕੀਤਾ ਜਾਵੇ ਕਿ ਇਨਸਾਨਾਂ ਦੇ ਸਾਹਮਣੇ ਜਾਤੀਵਾਦ ਦੀ ਅਸਲੀਅਤ ਕੀ ਹੈ।’’ ਇਸ ਦੌਰਾਨ ਮੌਰਿਆ ਨੇ ਮੁੜ ਰਾਮਚਰਿਤਮਾਨਸ ਵਿੱਚੋਂ ਜਾਤੀਵਾਦ ਸਬੰਧੀ ਟਿੱਪਣੀਆਂ ਹਟਾਉਣ ਦੀ ਮੰਗ ਕੀਤੀ। ਮੌਰਿਆ ਨੇ ਟਵੀਟ ਕੀਤਾ, ‘‘ਜਾਤੀਵਾਦ ਪੰਡਤਾਂ (ਬ੍ਰਾਹਮਣਾਂ) ਨੇ ਸ਼ੁਰੂ ਕੀਤਾ, ਇਹ ਕਹਿ ਕੇ ਸੰਘ ਮੁਖੀ ਭਾਗਵਤ ਨੇ ਧਰਮ ਦੀ ਆੜ ਵਿੱਚ ਔਰਤਾਂ, ਆਦਿਵਾਸੀਆਂ, ਦਲਿਤਾਂ ਅਤੇ ਪੱਛੜੇ ਵਰਗ ਦੇ ਲੋਕਾਂ ਨਾਲ ਦੁਰਵਿਹਾਰ ਕਰਨ ਵਾਲੇ ਧਰਮ ਦੇ ਅਖੌਤੀ ਠੇਕੇਦਾਰਾਂ ਤੇ ਪਾਖੰਡੀਆਂ ਦਾ ਪਰਦਾਫਾਸ਼ ਕਰ ਦਿੱਤਾ ਹੈ। ਘੱਟੋ-ਘੱਟ ਹੁਣ ਤਾਂ ਰਾਮਚਰਿਤਮਾਨਸ ’ਚੋਂ ਇਤਰਾਜ਼ਯੋਗ ਟਿੱਪਣੀਆਂ ਹਟਾਉਣ ਲਈ ਅੱਗੇ ਆਓ।’’ ਉਨ੍ਹਾਂ ਕਿਹਾ, ‘‘ਜੇ ਇਹ ਬਿਆਨ ਮਜਬੂਰੀ ਵਿੱਚ ਨਹੀਂ ਦਿੱਤਾ ਗਿਆ ਤਾਂ ਸਰਕਾਰ ਨੂੰ ਕਹਿ ਕੇ ਰਾਮਚਰਿਤਮਾਨਸ ’ਚੋਂ ਔਰਤਾਂ, ਦਲਿਤਾਂ ਤੇ ਪੱਛੜੇ ਵਰਗ ਦੇ ਲੋਕਾਂ ਦਾ ਅਪਮਾਨ ਕਰਨ ਵਾਲੀਆਂ ਟਿੱਪਣੀਆਂ ਹਟਵਾਓ।’’

 

Previous articleਫੋਟੋਕਾਪੀਆਂ ਸਾੜਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਦੋ ਵਿਅਕਤੀਆਂ ਖ਼ਿਲਾਫ਼ ਐੱਨਐੱਸਏ ਲਾਇਆ
Next articleMother, 7 children die in house fire in France