ਐਡੀਲੇਡ (ਸਮਾਜ ਵੀਕਲੀ): ਆਸਟਰੇਲੀਆ ਦੇ ਪ੍ਰਾਂਤ ਦੱਖਣੀ ਆਸਟਰੇਲੀਆ ਵਿੱਚ 55ਵੀਆਂ ਸੂਬਾਈ ਲੋਅਰ ਪਾਰਲੀਮੈਂਟ (ਸਟੇਟ ਮੈਂਬਰ ਪਾਰਲੀਮੈਂਟ) ਦੀਆਂ ਚੋਣਾਂ 19 ਮਾਰਚ ਨੂੰ ਹੋ ਰਹੀਆਂ ਹਨ ਜਿਸ ਲਈ ਲਗਪਗ 1266719 ਵੋਟਰ ਹੇਠਲੇ ਸਦਨ ਦੀਆਂ ਕੁੱਲ 47 ਸੀਟਾਂ ਲਈ ਮਤਦਾਨ ਕਰਨਗੇ। ਇਸ ਵਾਰ ਹੇਠਲੇ ਸਦਨ ਲਈ 15 ਸਿਆਸੀ ਪਾਰਟੀਆਂ ਨੇ ਕਰੀਬ 250 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਭਾਰਤੀ ਭਾਈਚਾਰਾ ਵੀ ਇਨ੍ਹਾਂ ਚੋਣਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ।
ਇਨ੍ਹਾਂ ਚੋਣਾਂ ਨਾਲ (ਅਪਰ ਹਾਊਸ) ਉਪਰਲੇ ਸਦਨ ਦੇ 11 ਲੈਜਿਸਲੈਟਿਵ ਕੌਂਸਲ ਮੈਂਬਰਾਂ ਦੀ ਚੋਣ ਵੀ ਸਿੱਧੇ ਤੌਰ ’ਤੇ ਕਰਵਾਈ ਜਾਵੇਗੀ। ਉਪਰਲੇ ਸਦਨ ਦੇ ਕੁੱਲ 22 ਲੈਜਿਸਲੇਟਿਵ ਕੌਂਸਲ ਮੈਂਬਰ ਹਨ, ਜਿਨ੍ਹਾਂ ਦਾ ਕਾਰਜਕਾਲ ਅੱਠ ਸਾਲ ਹੈ। ਇਸ ਵਾਰ ਲੈਜਿਸਲੈਟਿਵ ਕੌਂਸਲ ਮੈਂਬਰ ਲਈ 51 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਦੱਖਣੀ ਆਸਟਰੇਲੀਆ ਦੇ ਚੋਣ ਵਿਭਾਗ ਅਨੁਸਾਰ ਵੋਟਾਂ ਲਈ ਪ੍ਰਬੰਧ ਮੁਕੰਮਲ ਹਨ। ਇਸ ਵਾਰ ਸਮਾਜ ਸੇਵੀ ਆਸਟਰੇਲਿਆਈ ਪੰਜਾਬੀ ਅਮਰੀਕ ਸਿੰਘ ਥਾਂਦੀ ਆਜ਼ਾਦ ਉਮੀਦਵਾਰ ਵਜੋਂ ਲੈਜਿਸਲੇਟਿਵ ਕੌਂਸਲ ਮੈਂਬਰ ਲਈ ਚੋਣ ਮੈਦਾਨ ਵਿੱਚ ਹਨ। ਉਹ ਜ਼ਿਲ੍ਹਾ ਜਲੰਧਰ ਦੇ ਪਾਲ ਕਦੀਮ ਤੋਂ ਸਾਲ 1982 ਵਿੱਚ ਦੱਖਣੀ ਆਸਟਰੇਲੀਆ ਆਏ ਸਨ। ਇੱਥੇ ਉਨ੍ਹਾਂ ਮਕੈਨੀਕਲ ਇੰਜਨੀਅਰਿੰਗ ਕਰਨ ਉਪਰੰਤ ਮੋਟਰ ਮਕੈਨਿਕ ਦੇ ਨਾਲ ਹੋਰ ਕਿੱਤਿਆਂ ਵਿੱਚ ਵੀ ਕੰਮ ਕੀਤਾ। ਸ੍ਰੀ ਥਾਂਦੀ ਦੇ ਦੱਸਣ ਅਨੁਸਾਰ ਉਹ ਪਿਛਲੇ ਕਰੀਬ 30 ਸਾਲਾਂ ਤੋਂ ਭਾਰਤੀ ਭਾਈਚਾਰੇ ਸਮੇਤ ਵੱਖ-ਵੱਖ ਵਰਗ ਦੇ ਲੋਕਾਂ ਵਿੱਚ ਵਿਚਰਦੇ ਆ ਰਹੇ ਹਨ ਅਤੇ ਉਹ ਹਮੇਸ਼ਾਂ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਯਤਨਸ਼ੀਲ ਰਹਿੰਦੇ ਹਨ।
ਹੁਕਮਰਾਨ ਲਿਬਰਲ ਪਾਰਟੀ ਨੇ ਹਲਕਾ ਇਨਫੀਲਡ ਤੋਂ ਲੇਬਰ ਪਾਰਟੀ ਦੇ ਵਿਰੁੱਧ ਮੈਂਬਰ ਪਾਰਲੀਮੈਂਟ ਲਈ ਪੰਜਾਬੀ ਮੂਲ ਦੀ ਆਸਟਰੇਲਿਆਈ ਸਾਰੂ ਰਾਣਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸਾਰੂ ਰਾਣਾ ਦੱਖਣੀ ਆਸਟਰੇਲੀਆ ਵਿੱਚ ਕਿੱਤੇ ਵਜੋਂ ਅਧਿਆਪਕਾ ਹਨ ਪਰ ਉਹ ਦੱਖਣੀ ਆਸਟਰੇਲੀਆ ਵਿੱਚ ਸ਼ਮਸ਼ੀਰ ਸੰਸਥਾ ਚਲਾ ਰਹੇ ਹਨ ਜਿਸ ਰਾਹੀਂ ਸਰਕਾਰੀ ਅਰਧ ਸਰਕਾਰੀ ਅਤੇ ਵੱਖ ਵੱਖ ਭਾਈਚਾਰੇ ਦੀਆਂ ਸੰਸਥਾਵਾਂ ਨਾਲ ਮਿਲ ਕੇ ਘਰੇਲੂ ਹਿੰਸਾ, ਜਿਨਸੀ ਸ਼ੋਸ਼ਣ ਅਤੇ ਹੋਰ ਸਮਾਜਿਕ ਮੁੱਦਿਆਂ ਪ੍ਰਤੀ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਸਰਗਰਮ ਰਹਿੰਦੇ ਹਨ। ਉਹ ਇਸ ਹਲਕੇ ਤੋਂ ਦੂਸਰੀ ਵਾਰ ਚੋਣ ਲੜ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly