ਜਸਪ੍ਰੀਤ ਕੌਰ ਸੰਘਾ ਹੁਸ਼ਿਆਰਪੁਰ
(ਸਮਾਜ ਵੀਕਲੀ) ਚੰਗਾ ਹਮਸਫ਼ਰ ਪ੍ਰਮਾਤਮਾ ਵਲੋਂ ਬਖਸ਼ਿਆ ਸਭ ਤੋਂ ਖ਼ੂਬਸੂਰਤ ਤੋਹਫਾ ਹੁੰਦਾ ਹੈ । ਦੋ ਅਨਜਾਣ ਰੂਹਾਂ, ਜਦੋਂ ਇੱਕ ਬੰਧਨ ਵਿੱਚ ਬੱਝ ਇੱਕ ਦੂਸਰੇ ਦਾ ਹੱਥ ਫੜ ਜ਼ਿੰਦਗੀ ਦੇ ਅਨਜਾਣ ਰਾਹਾਂ ’ਤੇ ਚੱਲਦੀਆਂ ਹਨ ਤਾਂ ਜ਼ਿੰਦਗੀ ਖ਼ੂਬਸੂਰਤ ਹੋ ਜਾਂਦੀ ਹੈ । ਜ਼ਿੰਦਗੀ ਦਾ ਪੰਧ ਭਾਵੇਂ ਲੰਮੇਰਾ ਹੁੰਦਾ ਹੈ ਪਰ ਜਦੋਂ ਰਾਹਾਂ ਦੇ ਹਾਣੀ ਰੂਹਾਂ ਦੇ ਹਾਣੀ ਬਣ ਜਾਣ ਤਾਂ ਇਹ ਔਖਾ ਪੈਂਡਾ ਵੀ ਆਸਾਨ ਹੋ ਜਾਂਦਾ ਹੈ । ਜ਼ਿੰਦਗੀ ਵਿੱਚ ਅਨੇਕਾਂ ਉਤਰਾਅ ਝੜਾਅ ਆਉਂਦੇ ਹਨ, ਜ਼ਿੰਦਗੀ ਕਦੇ ਵੀ ਇੱਕੋ ਜਿਹੀ ਨਹੀਂ ਰਹਿੰਦੀ । ਖ਼ੁਸ਼ੀਆਂ-ਗਮੀਆਂ ਇਹ ਦੋਵੇਂ ਹੀ ਨਾਲ-ਨਾਲ ਚੱਲਦੀਆਂ ਹਨ । ਕਈ ਵਾਰ ਜ਼ਿੰਦਗੀ ਬਹੁਤ ਔਖੇ ਇਮਤਿਹਾਨ ਵੀ ਲੈਂਦੀ ਹੈ ਪਰ ਜੇਕਰ ਉਸ ਇਮਤਿਹਾਨ ਵਿੱਚ ਤੁਹਾਡਾ ਹਮਸਫ਼ਰ ਤੁਹਾਡੀ ਢਾਲ ਬਣ ਖੜ ਜਾਵੇ ਤਾਂ ਕੰਡਿਆਂ ਭਰੀ ਜ਼ਿੰਦਗੀ ਵੀ ਫੁੱਲਾਂ ਦੀ ਸੇਜ ਜਾਪਣ ਲੱਗ ਜਾਂਦੀ ਹੈ । ਜ਼ਿੰਦਗੀ ਵਿੱਚ ਜੇਕਰ ਹਮਸਫ਼ਰ ਸੱਚਾ, ਸਮਝਦਾਰ ਅਤੇ ਵਫਾਦਾਰ ਮਿਲ ਜਾਵੇ ਤਾਂ ਜ਼ਿੰਦਗੀ ਜਿਊਣੀ ਆਸਾਨ ਹੋ ਜਾਂਦੀ ਹੈ।ਸਿਆਣੇ ਆਖਦੇ ਹਨ ਕਿ ਅੰਮ੍ਰਿਤ ਵੇਲੇ ਦੀ ਬਾਣੀ ਤੇ ਰੂਹਾਂ ਦੇ ਹਾਣੀ ਬੜੇ ਭਾਗਾਂ ਨਾਲ ਮਿਲਦੇ ਹਨ ਤੇ ਇਹ ਗੱਲ ਸੋਲਾਂ ਆਨੇ ਸੱਚ ਵੀ ਹੈ । ਪਤੀ ਪਤਨੀ ਦੇ ਰਿਸ਼ਤੇ ਦਾ ਆਧਾਰ ਪਿਆਰ ਤੇ ਵਿਸ਼ਵਾਸ ਹੁੰਦਾ ਹੈ । ਪਤੀ ਪਤਨੀ ਦੇ ਰਿਸ਼ਤੇ ਵਿੱਚ ਸ਼ੱਕ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ । ਜਿਸ ਰਿਸ਼ਤੇ ਵਿੱਚ ਸ਼ੱਕ ਆ ਜਾਵੇ ਉਹ ਰਿਸ਼ਤਾ ਕਦੇ ਵੀ ਲੰਬਾ ਨਹੀਂ ਚੱਲ ਸਕਦਾ । ਪਤੀ ਪਤਨੀ ਦਾ ਰਿਸ਼ਤਾ ਤਾਂ ਖੜਾ ਹੀ ਵਿਸ਼ਵਾਸ ਦੀ ਬੁਨਿਆਦ ’ਤੇ ਹੁੰਦਾ ਹੈ । ਜਿੱਥੇ ਪਿਆਰ ਅਤੇ ਵਿਸ਼ਵਾਸ ਦੋਵੇਂ ਹੋਣ ਉਹ ਰਿਸ਼ਤਾ ਕਦੇ ਨਹੀਂ ਡੋਲਦਾ । ਹਮਸਫ਼ਰ ਦਾ ਪੈਸੇ ਪੱਖੋਂ ਅਮੀਰ ਹੋਣਾ ਜ਼ਰੂਰੀ ਨਹੀਂ ਹੁੰਦਾ ਸਗੋਂ ਦਿਲੋਂ ਅਮੀਰ ਹੋਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਮਾੜੇ ਇਨਸਾਨ ਨਾਲ ਮਹਿਲਾਂ ਵਿੱਚ ਵੀ ਜ਼ਿੰਦਗੀ ਨਹੀਂ ਕੱਟੀ ਜਾ ਸਕਦੀ ਤੇ ਇੱਕ ਸੱਚੇ ਸੁੱਚੇ ਇਨਸਾਨ ਨਾਲ ਕੁੱਲੀ ਵਿੱਚ ਵੀ ਸਕੂਨ ਮਿਲ ਸਕਦਾ ਹੈ । ਪਤੀ ਪਤਨੀ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹੁੰਦੇ ਹਨ ਇਸ ਲਈ ਦੋਨਾਂ ਪਹੀਆਂ ਵਿਚਕਾਰ ਤਾਲਮੇਲ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ।ਇੱਕ ਸੱਚਾ ਹਮਸਫ਼ਰ ਆਪਣੇ ਸਾਥੀ ਨੂੰ ਕਦੇ ਵੀ ਨੀਵਾਂ ਨਹੀਂ ਦਿਖਾਉਂਦਾ । ਅੱਜ ਦੇ ਦੌਰ ਅੰਦਰ ਇੱਕ ਚੰਗਾ ਹਮਸਫ਼ਰ ਬਹੁਤ ਭਾਗਾਂ ਨਾਲ ਮਿਲਦਾ ਹੈ । ਸਾਡੇ ਸਮਾਜ ਦੀ ਸੋਚ ਹੈ ਕਿ ਜਦੋਂ ਵੀ ਅਸੀਂ ਰਿਸ਼ਤਾ ਜੋੜਦੇ ਹਾਂ ਤਾਂ ਇੱਕ ਦੂਸਰੇ ਦੀ ਜਾਤ – ਪਾਤ ਜਾਂ ਸਟੇਟਸ ਵੇਖ ਰਿਸ਼ਤਾ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਪਰ ਅਸਲ ਵਿੱਚ ਜਾਤ – ਪਾਤ ਨਾਲੋਂ ਵੱਧ ਜ਼ਰੂਰੀ ਹੈ ਦੋ ਜੀਆਂ ਦੀ ਮੱਤ ਦਾ ਮਿਲਣਾ ਕਿਉਂਕਿ ਗਰੀਬੀ ਕੱਟੀ ਜਾ ਸਕਦੀ ਹੈ ਪਰ ਮਾੜੇ ਇਨਸਾਨ ਨਾਲ ਜ਼ਿੰਦਗੀ ਕੱਟਣੀ ਬਹੁਤ ਮੁਸ਼ਕਿਲ ਹੁੰਦੀ ਹੈ । ਅਕਸਰ ਵੇਖਿਆ ਜਾਂਦਾ ਹੈ ਕਿ ਦੇਹਾਂ ਵਿਆਹੀਆਂ ਜਾਂਦੀਆਂ ਹਨ ਪਰ ਰੂਹਾਂ ਸਾਰੀ ਉਮਰ ਕੁਆਰੀਆਂ ਹੀ ਰਹਿ ਜਾਂਦੀਆਂ ਹਨ । ਜੇਕਰ ਦੋ ਜੀਆਂ ’ਚ ਰੂਹਾਂ ਦੀ ਸਾਂਝ ਨਾ ਹੋਵੇ ਤਾਂ ਇਹ ਰਿਸ਼ਤਾ ਜੱਗ ਲਈ ਤਮਾਸ਼ਾ ਬਣ ਜਾਂਦਾ ਹੈ । ਬੜੇ ਭਾਗਾਂ ਵਾਲੀਆਂ ਹੁੰਦੀਆਂ ਨੇ ਉਹ ਰੂਹਾਂ ਜੋ ਇਸ ਪਾਕ ਰਿਸ਼ਤੇ ਨੂੰ ਆਖਰੀ ਸਾਹ ਤੱਕ ਨਿਭਾਉਂਦੀਆਂ ਹਨ । ਜ਼ਿੰਦਗੀ ਹੋਰ ਵੀ ਖ਼ੂਬਸੂਰਤ ਹੋ ਜਾਂਦੀ ਹੈ ਜਦੋਂ ਤੁਹਾਡੀਆਂ ਸੱਧਰਾਂ, ਤੁਹਾਡੇ ਚਾਵਾਂ ,ਤੁਹਾਡੀਆਂ ਰੀਝਾਂ ਨੂੰ ਸਮਝਣ ਤੇ ਪੂਰਾ ਕਰਨ ਵਾਲਾ ਇਨਸਾਨ ਤੁਹਾਡਾ ਹਮਰਾਹੀ ਬਣੇ । ਹਮਸਫ਼ਰ ਜੇਕਰ ਸਾਥ ਨਿਭਾਉਣ ਵਾਲਾ ਤੇ ਸਮਝਣ ਵਾਲਾ ਮਿਲ ਜਾਵੇ ਤਾਂ ਕੰਡਿਆਂ ਭਰੀ ਜ਼ਿੰਦਗੀ ਵੀ ਫੁੱਲਾਂ ਦੀ ਸੇਜ ਲੱਗਦੀ ਹੈ ਪਰ ਜੇਕਰ ਰਾਹਾਂ ਦੇ ਹਾਣੀ ਰੂਹਾਂ ਦੇ ਹਾਣੀ ਨਾ ਬਣ ਸਕਣ ਤਾਂ ਇੱਕ ਖਲਾਅ ਸਾਰੀ ਜ਼ਿੰਦਗੀ ਰਿਸ਼ਤੇ ਵਿੱਚ ਰਹਿੰਦਾ ਹੈ ਤੇ ਫੁੱਲਾਂ ਦੀ ਸੇਜ ਵੀ ਕੰਡਿਆਂ ਵਾਂਗ ਚੁੱਭਦੀ ਹੈ । ਚੰਗਾ ਹਮਸਫ਼ਰ ਹਮੇਸ਼ਾ ਆਪਣੇ ਸਾਥੀ ਨੂੰ ਅੱਗੇ ਵੱਧਣ ਲਈ ਪ੍ਰੇਰਦਾ ਹੈ ।ਇਸੇ ਲਈ ਤਾਂ ਕਈ ਵਾਰ ਵੇਖਿਆ ਜਾਂਦਾ ਹੈ ਕਿ ਆਮ ਘਰਾਂ ਦੀਆਂ ਆਮ ਕੁੜੀਆਂ ਵੀ ਚੰਗੇ ਜੀਵਨ ਸਾਥੀ ਦੇ ਸਾਥ ਕਰਕੇ ਰਾਣੀਆਂ ਬਣ ਰਾਜ ਕਰਦੀਆਂ ਹਨ ਤੇ ਆਪਣੀਆਂ ਮੰਜਿਲਾਂ ਸਰ ਕਰ ਲੈਂਦੀਆਂ ਹਨ ਤੇ ਦੂਸਰੇ ਪਾਸੇ ਕਈ ਵਾਰ ਬੁਹਤੀਆਂ ਸੂਝਵਾਨ , ਸੋਹਣੀਆਂ – ਸੁਨੱਖੀਆਂ ਧੀਆਂ ਵੀ ਮਾੜੇ ਹਮਸਫ਼ਰ ਕਰਕੇ ਸਹੁਰੇ ਘਰ ਰੁਲ ਜਾਂਦੀਆਂ ਹਨ । ਅਸਲ ਵਿੱਚ ਹਮਸਫ਼ਰ ਜੇਕਰ ਇੱਕ ਚੰਗਾ ਦੋਸਤ ਬਣ ਜਾਵੇ ਤਾਂ ਜ਼ਿੰਦਗੀ ਦੀਆਂ ਗੁੰਝਲਾਂ ਆਸਾਨ ਹੋ ਜਾਂਦੀਆਂ ਹਨ । ਔਖੇ ਵੇਲੇ ਜਦੋਂ ਦੋ ਜੀਅ ਇੱਕ ਦੂਸਰੇ ਦਾ ਸਹਾਰਾ ਬਣ ਖੜਦੇ ਹਨ ਤਾਂ ਮੁਸ਼ਕਿਲਾਂ ਵੰਡੀਆਂ ਜਾਂਦੀਆਂ ਹਨ ਤੇ ਜਦੋਂ ਖ਼ੁਸ਼ੀਆਂ ’ਚ ਇਕੱਠੇ ਖੜਦੇ ਹਨ ਤਾਂ ਖ਼ੁਸ਼ੀਆਂ ਦੁਗਣੀਆਂ ਹੋ ਜਾਂਦੀਆਂ ਹਨ । ਹਰ ਰਿਸ਼ਤਾ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਸਾਥ ਛੱਡ ਜਾਂਦਾ ਹੈ ਪਰ ਹਮਸਫ਼ਰ ਦਾ ਸਾਥ ਹੀ ਅਜਿਹਾ ਹੁੰਦਾ ਹੈ ਜੋ ਆਖਰੀ ਸਾਹ ਤੱਕ ਨਿੱਭਦਾ ਹੈ । ਇਸ ਲਈ ਸੰਜੋਗਾਂ ਨਾਲ ਜੁੜੇ ਇਸ ਪਾਕ ਰਿਸ਼ਤੇ ਦੀ ਹਮੇਸ਼ਾ ਕਦਰ ਕਰੋ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



