(ਸਮਾਜ ਵੀਕਲੀ)
ਮੈਂ ਆਪਣੀ ਸ਼ਕਤੀ ਦੇ
ਵਹਿਣ ਨੂੰ ਸਮੇਟੀ,
ਕਈਆਂ ਯੁੱਗਾਂ ਤੋਂ
ਏਥੇ ਹੀ ਹਾਂ!
ਕਈਆਂ ਮਿੱਟੀਆਂ ਵਿੱਚ
ਰਲ਼ੀ ਹੈ ਮੇਰੀ ਮਹਿਕ!
ਤਾਣੇ-ਪੇਟੇ ਦਾ
ਦੋ-ਪਲਾਈ ਸੂਤਰ ਬਣ,
ਗੁਜ਼ਰੀ ਹਾਂ ਕਬੀਰ ਦੇ ਪੋਟਿਆਂ ਵਿੱਚੋਂ!
ਸਤਨਾਜਾ ਛੱਟਦੀ ਲੋਈ ਦਾ
ਸਬਰ ਹੈ ਮੇਰੀ ਹੋਂਦ ਵਿੱਚ!
ਸਤਜੁਗ ਦਾ ਦੂਸਰਾ ਅੱਖਰ
ਹਿੱਸਾ ਹੈ ਮੇਰੇ ਨਾਂ ਦਾ!
ਤ੍ਰੇਤਾ ਦੀ ਭੀਲਣੀ ਦੇ ਟੁੱਕੇ ਹੋਏ
ਬੇਰਾਂ ਤੋਂ ਉੱਗੀ ਹੋਈ ਬੇਰੀ ਹਾਂ ਮੈਂ!
ਮੇਰੇ ਹੀ ਕੰਡਿਆਂ ‘ਤੇ ਪੱਕਿਆ ਹੈ
ਭੀਲਣੀ ਦਾ ਸਿਦਕ!
ਪਰ ਕੋਈ ਸ਼ਦੀਦ ਮੋਹ ਭਿੱਜਾ ਰਾਮ,,
ਨਹੀਂ ਗੁਜ਼ਰਿਆ ਮੇਰੇ ਕੋਲੋਂ!
ਦੁਆਪਰ ਵਿੱਚ ਅਰਜਨ ਨੂੰ
ਸ੍ਰੇਸ਼ਟ ਬਣਾਉਂਦੀ ਸੱਜੇ ਅੰਗੂਠੇ ਦੀ,
ਪਤਲੀ ਜਿਹੀ ਰੇਖਾ ਹਾਂ ਮੈਂ!
ਤੇ ਦ੍ਰੋਪਦੀ ਦੇ ਬਸਤਰ ਦਾ ਆਖ਼ਰੀ ਸਿਰਾ!
ਜੋ ਨਹੀਂ ਵੇਖ ਸਕੀਆਂ
ਸ਼ਰਮਿੰਦੀਆਂ ਤੇ ਲਾਲਚੀ ਅੱਖਾਂ!
ਉਹ ਵਾਰੀ ਦੇ ਵੱਟੇ ਲਾਹੁਣ ਵਾਲ਼ਾ ਕੇਸ਼ਵ!
ਵੇਖਦਾ ਰਿਹਾ ਲਾਚਾਰੀ ਦੀ ਚਰਮ-ਸੀਮਾ!
ਨਾਨਕ ਦੀ ਸਮਾਧੀ ਦੇ ਪਲਾਂ ਵਿੱਚ
ਹਵਾ ਬਣ ਗੂੰਜੀ ਹਾਂ!
ਮਰਦਾਨੇ ਦੀ ਰਬਾਬ ਵਿੱਚੋਂ!
ਵੇਈਂ ਦੇ ਥੱਲੇ ਦਾ ਉਹ ਆਖ਼ਰੀ ਸਿਰਾ ਹਾਂ!
ਜਿੱਥੇ ਠਹਿਰਿਆ ਸੀ ਪੀਰ!
ਮੈਨੂੰ ਜਿੰਦਗੀ ਦਾ ਭੇਤ ਦੱਸਣ!
ਵਰ੍ਹਿਆਂ ਦੀ ਹਾਜ਼ਰ-ਨਾਜ਼ਰ ਚੁੱਪ ਹਾਂ ਮੈਂ!
ਮਾਨਵਰ-ਜਾਤੀ ਲਈ ਸਿਰਜਿਆ
ਇੱਕ ਹੋਰ ਉਪਨਿਸ਼ਦ ਹਾਂ ਮੈਂ
ਜਿਸ ਵਿੱਚ ਸ਼ਾਮਲ ਨੇ ਚਾਰੇ ਵੇਦ!
ਵੇਦਾਂ ਵਿੱਚ ਪੁਰਾਣ!
ਬੜੇ ਹੀ ਰਹੱਸਮਈ
ਅਤੇ ਦੁਖਦਾਈ ਸਫ਼ਰ ਹੁੰਦੇ ਨੇ ,
ਯੁੱਗਾਂ ਤੀਕ ਬਿਨਾਂ ਥੱਕੇ
ਜਿਊਂਦਿਆਂ ਰਹਿਣ ਦੇ !
~ ਰਿਤੂ ਵਾਸੂਦੇਵ