ਜ਼ੀਰਕਪੁਰ (ਸਮਾਜ ਵੀਕਲੀ) : ਨਵਜੋਤ ਸਿੰਘ ਸਿੱਧੂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਦਿਆਂ ਹੀ ਹਲਕਾ ਡੇਰਾਬੱਸੀ ਵਿੱਚ ਕਾਂਗਰਸੀ ਧੜੇਬੰਦੀ ਮੁੜ ਤੋਂ ਉੱਭਰਨੀ ਸ਼ੁਰੂ ਹੋ ਗਈ ਹੈ। ਸ਼ਹਿਰ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪੋਸਟਰਾਂ ’ਤੇ ਕਾਲਖ ਮਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੀਆਂ ਹਵਾਈ ਅੱਡੇ ਵਾਲੀਆਂ ਟਰੈਫਿਕ ਲਾਈਟਾਂ ਸਮੇਤ ਹੋਰ ਪਾਸੇ ਪ੍ਰਧਾਨ ਬਣਨ ਮਗਰੋਂ ਲਗਾਏ ਗਏ ਵਧਾਈ ਵਾਲੇ ਬੋਰਡਾਂ ’ਤੇ ਛਪੀ ਸ੍ਰੀ ਸਿੱਧੂ ਦੀ ਤਸਵੀਰ ’ਤੇ ਸ਼ਰਾਰਤੀ ਅਨਸਰਾਂ ਵੱਲੋਂ ਕਾਲਖ ਮਲ ਦਿੱਤੀ ਗਈ ਹੈ ਜਦਕਿ ਦੂਜੇ ਪਾਸੇ ਕਾਂਗਰਸੀਆਂ ਨੇ ਹਲਕਾ ਇੰਚਾਰਜ ਦੀਪਇੰਰ ਸਿੰਘ ਢਿੱਲੋਂ ਦੇ ਇਸ਼ਾਰੇ ’ਤੇ ਸ਼ਰਾਰਤੀ ਅਨਸਰਾਂ ਵੱਲੋਂ ਇਹ ਕਾਰਾ ਕੀਤੇ ਜਾਣ ਦੇ ਦੋਸ਼ ਲਗਾਏ ਜਾ ਰਹੇ ਹਨ।
ਇਕੱਤਰ ਜਾਣਕਾਰੀ ਅਨੁਸਾਰ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਤੋਂ ਨਾਰਾਜ਼ ਬੈਠੇ ਵੱਖ-ਵੱਖ ਕਾਂਗਰਸੀ ਧੜੇ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਮਗਰੋਂ ਹੁਣ ਸਰਗਰਮ ਹੋ ਗਏ ਹਨ। ਇਨ੍ਹਾਂ ਕਾਂਗਰਸੀਆਂ ਵੱਲੋਂ ਲੰਘੇ ਦਿਨੀਂ ਸ੍ਰੀ ਸਿੱਧੂ ਨਾਲ ਮੀਟਿੰਗ ਕੀਤੇ ਜਾਣ ਤੋਂ ਇਲਾਵਾ ਸ਼ਹਿਰ ਵਿੱਚ ਵਧਾਈ ਬੋਰਡ ਲਗਾਏ ਗਏ ਸਨ। ਸ਼ਹਿਰ ਵਿੱਚ ਇਸ ਵੇਲੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੇ ਧੜੇ ਅਤੇ ਜਸਪਾਲ ਸਿੰਘ ਜ਼ੀਰਕਪੁਰ ਦੇ ਧੜੇ ਵੱਲੋਂ ਵੱਖੋ ਵੱਖਰੇ ਬੋਰਡ ਲਗਾਏ ਗਏ ਸਨ।
ਇਸ ਸਬੰਧੀ ਜਸਪਾਲ ਸਿੰਘ ਜ਼ੀਰਕਪੁਰ ਨੇ ਦੋਸ਼ ਲਾਏ ਕਿ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੇ ਇਸ਼ਾਰੇ ’ਤੇ ਬਾਕੀ ਕਾਂਗਰਸੀਆਂ ਦੇ ਫਲੈਕਸ ਜਾਂ ਤਾਂ ਫਾੜ ਦਿੱਤੇ ਗਏ ਹਨ ਜਾਂ ਉਨ੍ਹਾਂ ਉੱਪਰ ਕਾਲਖ ਮਲ ਦਿੱਤੀ ਗਈ ਹੈ ਜਿਨ੍ਹਾਂ ਸਬੰਧੀ ਸਬੂਤਾਂ ਸਮੇਤ ਹਾਈਕਮਾਂਡ ਨੂੰ ਸ਼ਿਕਾਇਤ ਕੀਤੀ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly