ਸੋਨੂ ਸੂਦ ਦੀ ਗੱਡੀ ਥਾਣੇ ’ਚ ਬੰਦ

ਮੋਗਾ (ਸਮਾਜ ਵੀਕਲੀ):  ਮੋਗਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਦੇ ਭਰਾ ਬੌਲੀਵੁੱਡ ਅਦਾਕਾਰ ਸੋਨੂ ਸੂਦ ਦੀ ਗੱਡੀ ਪੁਲੀਸ ਨੇ ਥਾਣਾ ਸਿਟੀ ਵਿੱਚ ਬੰਦ ਕਰ ਦਿੱਤੀ ਹੈ। ਅਕਾਲੀ ਦਲ ਵੱਲੋਂ ਅਦਾਕਾਰ ਖ਼ਿਲਾਫ਼ ਪੋਲਿੰਗ ਦੌਰਾਨ ਬੂਥਾਂ ਉੱਤੇ ਜਾ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਸੀ। ਡੀਐੱਸਪੀ ਸਿਟੀ ਜਸ਼ਨਦੀਪ ਸਿੰਘ ਗਿੱਲ ਨੇ ਕਿਹਾ ਕਿ ਹਲਕਾ ਅਬਜ਼ਰਵਰ ਦੀ ਹਦਾਇਤ ਉੱਤੇ ਪੁਲੀਸ ਨੇ ਕਾਲੇ ਰੰਗ ਦੀ ਐਂਡੇਵਰ ਗੱਡੀ ਕਬਜ਼ੇ ਵਿੱਚ ਲਈ ਹੈ ਅਤੇ ਉਸ ’ਤੇ ਦੋਸ਼ ਹੈ ਕਿ ਉਹ ਘਰ ਰਹਿਣ ਦੀ ਬਜਾਏ ਬਾਹਰ ਘੁੰਮ ਰਿਹਾ ਸੀ। ਪਿੰਡ ਲੰਡੇਕੇ ਤੋਂ ਕਬਜ਼ੇ ਵਿੱਚ ਲਈ ਗਈ ਗੱਡੀ ਅਦਾਕਾਰ ਸੋਨੂ ਸੂਦ ਦੇ ਦੋਸਤ ਦੀ ਦੱਸੀ ਜਾਂਦੀ ਹੈ।

ਥਾਣਾ ਸਿਟੀ ਮੁਖੀ ਇੰਸਪੈਕਟਰ ਦਲਜੀਤ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਜੋ ਹੁਕਮ ਮਿਲੇਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਮੋਗਾ ਵਿਧਾਨ ਸਭਾ ਹਲਕੇ ਦੇ ਚੋਣ ਅਧਿਕਾਰੀ ਕਮ ਐੱਸਡੀਐੱਮ ਸਤਵੰਤ ਸਿੰਘ ਨੇ ਕਿਹਾ ਕਿ ਸੋਨੂ ਸੂਦ ਨੂੰ ਘਰ ਅੰਦਰ ਰਹਿਣ ਦੀ ਹਦਾਇਤ ਕੀਤੀ ਗਈ ਸੀ ਪਰ ਉਹ ਬਾਹਰ ਘੁੰਮ ਰਿਹਾ ਸੀ। ਹੁਣ ਉਸ ਨੂੰ ਘਰ ਭੇਜ ਦਿੱਤਾ ਗਿਆ ਹੈ ਅਤੇ ਉਸ ਉੱਤੇ ਨਿਗਰਾਨੀ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।

ਬੌਲੀਵੁੱਡ ਅਦਾਕਾਰ ਸੋਨੂ ਸੂਦ ਨੇ ਕਿਹਾ ਕਿ ਪਾਰਕਿੰਗ ਦੀ ਸਮੱਸਿਆ ਕਾਰਨ ਉਨ੍ਹਾਂ ਗੱਡੀ ਇੱਕ ਪਾਸੇ ਪਾਰਕ ਕੀਤੀ ਹੋਈ ਸੀ ਪਰ ਉਸ ਵਿੱਚ ਕੋਈ ਇਤਰਾਜ਼ਯੋਗ ਸਮੱਗਰੀ ਨਹੀਂ ਸੀ। ਸੂਦ ਨੇ ਦੋਸ਼ ਲਗਾਇਆ ਕਿ ਅਕਾਲੀ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਵੱਲੋਂ ਉਨ੍ਹਾਂ ਦੇ ਸਮਰਥਕ ਵੋਟਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਟਵੀਟ ਕਰਕੇ ਚੋਣ ਕਮਿਸ਼ਨ, ਡੀਜੀਪੀ ਅਤੇ ਮੋਗਾ ਪੁਲੀਸ ਨੂੰ ਹਲਕੇ ਦੇ ਬਾਕੀ ਉਮੀਦਵਾਰਾਂ ਉੱਤੇ ਵੋਟਾਂ ਦੀ ਖਰੀਦ-ਫ਼ਰੋਖਤ ਕਰਨ ਦਾ ਦੋਸ਼ ਲਗਾਇਆ ਹੈ। ਸ਼ਿਕਾਇਤਕਰਤਾ ਅਕਾਲੀ ਆਗੂ ਦੀਦਾਰ ਸਿੰਘ ਨੇ ਦੱਸਿਆ ਕਿ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਦਾ ਭਰਾ ਸੋਨੂ ਸੂਦ ਵੱਖ-ਵੱਖ ਬੂਥਾਂ ਉੱਤੇ ਜਾ ਕੇ ਵੋਟਰਾਂ ਨੂੰ ਭਰਮਾ ਰਿਹਾ ਸੀ। ਉਨ੍ਹਾਂ ਕਿਹਾ ਕਿ ਸੋਨੂ ਸੂਦ ਮੂਲ ਰੂਪ ਵਿੱਚ ਮੋਗਾ ਵਾਸੀ ਹੈ ਅਤੇ ਚੋਣਾਂ ਦੌਰਾਨ ਉਹ ਆਪਣੇ ਘਰ ਠਹਿਰ ਸਕਦਾ ਹੈ ਪਰ ਪੋਲਿੰਗ ਬੂਥਾਂ ਉੱਤੇ ਜਾਣਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਘੋਰ ਉਲੰਘਣਾ ਹੀ ਨਹੀਂ ਸਗੋਂ ਕਾਨੂੰਨੀ ਤੌਰ ਉੱਤੇ ਅਪਰਾਧ ਵੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਿਲੰਗਾਨਾ ਦੇ ਮੁੱਖ ਮੰਤਰੀ ਵੱਲੋਂ ਊਧਵ ਠਾਕਰੇ ਨਾਲ ਮੁਲਾਕਾਤ
Next articleਕੇਸੀਆਰ ਨੇ ਪਵਾਰ ਨਾਲ ਵੀ ਕੀਤੀ ਸਿਆਸੀ ਚਰਚਾ