ਮੁੰਬਈ— ਅਭਿਨੇਤਾ ਸੋਨੂੰ ਸੂਦ ਨੇ ਹਾਲ ਹੀ ‘ਚ ਉਨ੍ਹਾਂ ਖਬਰਾਂ ‘ਤੇ ਆਪਣੀ ਚੁੱਪੀ ਤੋੜੀ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਧੋਖਾਧੜੀ ਦੇ ਇਕ ਮਾਮਲੇ ‘ਚ ਉਨ੍ਹਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।
ਅਭਿਨੇਤਾ ਨੇ ਸੋਸ਼ਲ ਮੀਡੀਆ ‘ਤੇ ਜਾ ਕੇ ਸਥਿਤੀ ਨੂੰ ਸਪੱਸ਼ਟ ਕੀਤਾ ਅਤੇ ਖ਼ਬਰਾਂ ਨੂੰ “ਸਨਸਨੀਖੇਜ਼” ਕਿਹਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਵਧਾ-ਚੜ੍ਹਾ ਕੇ ਦੱਸਿਆ ਜਾ ਰਿਹਾ ਹੈ। ਸੋਨੂੰ ਨੇ ਟਵੀਟ ਕੀਤਾ, ”ਸਾਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਚੱਲ ਰਹੀਆਂ ਖਬਰਾਂ ਬੇਹੱਦ ਸਨਸਨੀਖੇਜ਼ ਹਨ। ਸਿੱਧੇ ਸ਼ਬਦਾਂ ਵਿਚ, ਅਦਾਲਤ ਨੇ ਸਾਨੂੰ ਕਿਸੇ ਤੀਜੀ ਧਿਰ ਨਾਲ ਸਬੰਧਤ ਕੇਸ ਵਿਚ ਗਵਾਹ ਵਜੋਂ ਬੁਲਾਇਆ ਸੀ ਜਿਸ ਨਾਲ ਸਾਡਾ ਕੋਈ ਸਬੰਧ ਨਹੀਂ ਹੈ।
ਅਭਿਨੇਤਾ ਨੇ ਕਿਹਾ, “ਸਾਡੇ ਵਕੀਲਾਂ ਨੇ ਜਵਾਬ ਦਿੱਤਾ ਹੈ। 10 ਫਰਵਰੀ, 2025 ਨੂੰ ਅਸੀਂ ਇੱਕ ਬਿਆਨ ਦੇਵਾਂਗੇ, ਜਿਸ ਵਿੱਚ ਅਸੀਂ ਸਪੱਸ਼ਟ ਕਰਾਂਗੇ ਕਿ ਅਸੀਂ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਹਾਂ। ਅਸੀਂ ਨਾ ਤਾਂ ਬ੍ਰਾਂਡ ਅੰਬੈਸਡਰ ਹਾਂ ਅਤੇ ਨਾ ਹੀ ਕਿਸੇ ਹੋਰ ਤਰੀਕੇ ਨਾਲ ਜੁੜੇ ਹਾਂ। ਇਹ ਸਭ ਸਿਰਫ ਮੀਡੀਆ ਦਾ ਧਿਆਨ ਖਿੱਚਣ ਲਈ ਕੀਤਾ ਜਾ ਰਿਹਾ ਹੈ। ਇਹ ਦੁੱਖ ਦੀ ਗੱਲ ਹੈ ਕਿ ਮਸ਼ਹੂਰ ਹਸਤੀਆਂ ਨੂੰ ਸਾਫਟ ਟਾਰਗੇਟ ਬਣਾਇਆ ਜਾਂਦਾ ਹੈ। ਅਸੀਂ ਇਸ ਮਾਮਲੇ ‘ਚ ਸਖਤ ਕਾਰਵਾਈ ਕਰਾਂਗੇ।” ਦੱਸਿਆ ਗਿਆ ਹੈ ਕਿ ਲੁਧਿਆਣਾ ਦੀ ਇੱਕ ਅਦਾਲਤ ਨੇ ਇੱਕ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਸੋਨੂੰ ਸੂਦ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਇਹ ਵਾਰੰਟ ਲੁਧਿਆਣਾ ਦੀ ਜੁਡੀਸ਼ੀਅਲ ਮੈਜਿਸਟਰੇਟ ਰਮਨਪ੍ਰੀਤ ਕੌਰ ਨੇ ਜਾਰੀ ਕੀਤਾ ਹੈ। 51 ਸਾਲਾ ਅਦਾਕਾਰ ਨੂੰ ਇਸ ਕੇਸ ਵਿੱਚ ਗਵਾਹੀ ਦੇਣ ਲਈ ਬੁਲਾਇਆ ਗਿਆ ਸੀ, ਪਰ ਉਹ ਅਦਾਲਤੀ ਕਾਰਵਾਈ ਵਿੱਚ ਸ਼ਾਮਲ ਨਹੀਂ ਹੋ ਸਕਿਆ। ਇਸ ਤੋਂ ਬਾਅਦ ਮੈਜਿਸਟਰੇਟ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ।
ਅਦਾਲਤ ਦੇ ਹੁਕਮ ਵਿੱਚ ਲਿਖਿਆ ਹੈ, “ਸੋਨੂੰ ਸੂਦ ਨੂੰ ਸੰਮਨ ਜਾਂ ਵਾਰੰਟ ਭੇਜਿਆ ਗਿਆ ਸੀ, ਪਰ ਉਹ ਅਦਾਲਤ ਵਿੱਚ ਪੇਸ਼ ਹੋਣ ਵਿੱਚ ਅਸਫਲ ਰਿਹਾ। ਤੁਹਾਨੂੰ ਹੁਕਮ ਦਿੱਤਾ ਗਿਆ ਹੈ ਕਿ ਸੋਨੂੰ ਸੂਦ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰੋ।”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly