- ਚੰਨੀ ਮੀਟਿੰਗ ’ਚ ਸ਼ਾਮਲ ਨਾ ਹੋ ਸਕੇ
- ਅੱਧੀ ਦਰਜਨ ਹਲਕਿਆਂ ਦਾ ਪੇਚ ਫਸਿਆ
ਚੰਡੀਗੜ੍ਹ (ਸਮਾਜ ਵੀਕਲੀ): ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਪੰਜਾਬ ਚੋਣਾਂ ਲਈ ਦੂਜੀ ਸੂਚੀ ਤਿਆਰ ਕਰਨ ਲਈ ਸਬ-ਕਮੇਟੀ ਨੂੰ ਅਧਿਕਾਰ ਦੇ ਦਿੱਤੇ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰੀ ਚੋਣ ਕਮੇਟੀ ਦੀ ਪਹਿਲੀ ਮੀਟਿੰਗ ਵਿੱਚ ਕੁਝ ਵਿਧਾਇਕਾਂ ਦੀ ਟਿਕਟ ਸਬੰਧੀ ਪਏ ਰੱਫੜ ਦੇ ਨਿਪਟਾਰੇ ਲਈ ਇੱਕ ਸਬ-ਕਮੇਟੀ ਬਣਾਈ ਸੀ ਜਿਸ ਵਿੱਚ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ, ਅੰਬਿਕਾ ਸੋਨੀ, ਅਜੇ ਮਾਕਨ ਅਤੇ ਹਰੀਸ਼ ਚੌਧਰੀ ਆਦਿ ਸ਼ਾਮਲ ਹਨ| ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਕਰਕੇ ਲੰਘੀ ਰਾਤ ਹੀ ਵਿਦੇਸ਼ ਤੋਂ ਦਿੱਲੀ ਪੁੱਜੇ ਸਨ|
ਅੱਜ ਕੇਂਦਰੀ ਚੋਣ ਕਮੇਟੀ ਦੀ ਵਰਚੁਅਲ ਮੀਟਿੰਗ ਸੋਨੀਆ ਗਾਂਧੀ ਦੀ ਅਗਵਾਈ ਹੇਠ ਜੁੜੀ ਪਰ ਇਸ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੁੜ ਨਹੀਂ ਸਕੇ| ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਮੀਟਿੰਗ ਵਿੱਚ ਦੱਸਿਆ ਕਿ ਮੁੱਖ ਮੰਤਰੀ ਚੰਨੀ ਅੱਜ ਚੋਣ ਪ੍ਰਚਾਰ ਲਈ ਗਏ ਹੋਏ ਸਨ ਪਰ ਮੌਸਮ ਦੀ ਖਰਾਬੀ ਕਰਕੇ ਉਹ ਵਰਚੁਅਲ ਮੀਟਿੰਗ ਨਾਲ ਜੁੜਨ ਤੋਂ ਅਸਮਰੱਥ ਹਨ| ਕਈ ਆਗੂਆਂ ਨੇ ਹੈਰਾਨੀ ਵੀ ਪ੍ਰਗਟਾਈ ਕਿ ਵਰਚੁਅਲ ਮੀਟਿੰਗ ਵਿੱਚ ਕਿਤੋਂ ਵੀ ਜੁੜਿਆ ਜਾ ਸਕਦਾ ਹੈ ਤੇ ਇਸ ਨੂੰ ਲੈ ਕੇ ਕਈ ਸ਼ੰਕੇ ਵੀ ਖੜ੍ਹੇ ਹੋਏ| ਇਸ ਦੌਰਾਨ ਕਾਂਗਰਸੀ ਆਗੂ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਦੀ ਗੈਰ-ਮੌਜੂਦਗੀ ਵਿੱਚ ਟਿਕਟਾਂ ਦਾ ਫ਼ੈਸਲਾ ਲੈਣਾ ਵਾਜਬ ਨਾ ਸਮਝਿਆ ਤੇ ਮੌਕੇ ’ਤੇ ਹੀ ਸਬ ਕਮੇਟੀ ਨੂੰ ਇਹ ਅਧਿਕਾਰ ਦੇ ਦਿੱਤੇ।
ਸੂਤਰਾਂ ਮੁਤਾਬਕ ਹੁਣ ਸਬ ਕਮੇਟੀ ਵੱਲੋਂ ਮੁੱਖ ਮੰਤਰੀ ਨਾਲ ਮਸ਼ਵਰਾ ਕਰ ਕੇ 31 ਉਮੀਦਵਾਰਾਂ ਨੂੰ ਹਰੀ ਝੰਡੀ ਦਿੱਤੀ ਜਾਵੇਗੀ ਅਤੇ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਹੁਣ ਦੁਬਾਰਾ ਨਹੀਂ ਹੋਵੇਗੀ| ਉਮੀਦਵਾਰਾਂ ਦੇ ਨਾਮ ਫਾਈਨਲ ਕਰਨ ਮਗਰੋਂ ਸੋਨੀਆ ਗਾਂਧੀ ਕੋਲ ਸੂਚੀ ਪ੍ਰਵਾਨਗੀ ਲਈ ਜਾਵੇਗੀ| ਪਤਾ ਲੱਗਾ ਹੈ ਕਿ ਕੁਝ ਹਲਕਿਆਂ ਨੂੰ ਲੈ ਕੇ ਪ੍ਰਮੁੱਖ ਆਗੂਆਂ ਦੀ ਆਪਸੀ ਸਹਿਮਤੀ ਨਹੀਂ ਬਣ ਰਹੀ ਹੈ| ਪਤਾ ਲੱਗਾ ਹੈ ਕਿ ਹਲਕਾ ਭੋਆ ਅਤੇ ਖੇਮਕਰਨ ਦੀ ਟਿਕਟ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ ਜਿੱਥੋਂ ਨਵੇਂ ਉਮੀਦਵਾਰ ਲਈ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਇੱਕਮਤ ਹਨ| ਸੂਤਰਾਂ ਅਨੁਸਾਰ ਹਲਕਾ ਗਿੱਲ ਤੋਂ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਵੈਦ ਹਲਕਾ ਜਗਰਾਓਂ ਤੋਂ ਚੋਣ ਲੜਨ ਦੇ ਇੱਛੁਕ ਹਨ ਪਰ ਪਾਰਟੀ ਵੱਲੋਂ ਉਨ੍ਹਾਂ ਨੂੰ ਹਲਕਾ ਗਿੱਲ ਤੋਂ ਹੀ ਚੋਣ ਲੜਨ ਲਈ ਕਿਹਾ ਜਾ ਰਿਹਾ ਹੈ| ਇਸੇ ਤਰ੍ਹਾਂ ਹਲਕਾ ਜਲਾਲਾਬਾਦ ਤੋਂ ਰਵਿੰਦਰ ਆਵਲਾ ਚੋਣ ਨਹੀਂ ਲੜਨਾ ਚਾਹੁੰਦੇ ਅਤੇ ਉਨ੍ਹਾਂ ਦੀ ਦਿਲਚਸਪੀ ਗੁਰੂ ਹਰਸਹਾਏ ਹਲਕੇ ਵਿੱਚ ਹੈ| ਪਤਾ ਲੱਗਾ ਹੈ ਕਿ ਰਵਿੰਦਰ ਆਵਲਾ ਨੇ ਇੱਥੋਂ ਤੱਕ ਆਖ ਦਿੱਤਾ ਹੈ ਕਿ ਜੇ ਹਲਕਾ ਨਾ ਬਦਲਿਆ ਤਾਂ ਉਹ ਚੋਣ ਹੀ ਨਹੀਂ ਲੜਨਗੇ|
ਪਹਿਲੀ ਮੀਟਿੰਗ ਵਿਚ ਇਹ ਸੁਝਾਅ ਵੀ ਆਇਆ ਸੀ ਕਿ ਹਲਕਾ ਜਲਾਲਾਬਾਦ ਤਾਂ ਦਲਿਤ ਵਸੋਂ ਵਾਲਾ ਹਲਕਾ ਹੈ ਜਿੱਥੋਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਉਤਾਰਿਆ ਜਾਵੇ| ਮੁਕਤਸਰ ਦੀ ਸੀਟ ਐਤਕੀਂ ਮੁੜ ਬਰਾੜ ਪਰਿਵਾਰ ਦੇ ਹਿੱਸੇ ਆ ਸਕਦੀ ਹੈ| ਆਖ਼ਰੀ ਸਮੇਂ ’ਤੇ ਹਲਕਾ ਮੁਕਤਸਰ ਤੋਂ ਕਰਨ ਬਰਾੜ ਨੂੰ ਉਮੀਦਵਾਰ ਬਣਾਏ ਜਾਣ ’ਤੇ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ| ਸੂਤਰਾਂ ਮੁਤਾਬਕ ਹੁਣ ਜਿੰਨਾ ਸਮਾਂ ਦੂਜੀ ਸੂਚੀ ਵਿੱਚ ਦੇਰੀ ਹੋਵੇਗੀ, ਉੱੱਨਾ ਹੀ ਕਾਂਗਰਸ ਦਾ ਚੋਣਾਂ ਵਿੱਚ ਨੁਕਸਾਨ ਹੋਵੇਗਾ| ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਵਿੱਚ ਬਾਜ਼ੀ ਮਾਰ ਲਈ ਗਈ ਹੈ|
ਸੂਚੀ ’ਚ ਦੇਰੀ ਨੇ ਧੜਕਣਾਂ ਤੇਜ਼ ਕੀਤੀਆਂ
ਪੰਜਾਬ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਹੋਣ ’ਚ ਦੇਰੀ ਨੇ ਟਿਕਟਾਂ ਦੇ ਚਾਹਵਾਨਾਂ ਦੀ ਧੜਕਣ ਵਧਾ ਦਿੱਤੀ ਹੈ| ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਸਿਲਸਿਲਾ ਭਲਕ ਤੋਂ ਸ਼ੁਰੂ ਹੋ ਰਿਹਾ ਹੈ| ਪੰਜਾਬ ਦੇ 86 ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ 31 ਉਮੀਦਵਾਰਾਂ ਦਾ ਪੇਚ ਫਸਿਆ ਹੋਇਆ ਹੈ ਜਿਨ੍ਹਾਂ ਵਿੱਚ ਦਰਜਨ ਤੋਂ ਜ਼ਿਆਦਾ ਵਿਧਾਇਕ ਵੀ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly