ਚੰਡੀਗੜ੍ਹ (ਸਮਾਜ ਵੀਕਲੀ): ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਰ ਸ਼ਾਮ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ ਮਗਰੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਹੈ। ਅਨੁਸ਼ਾਸਨੀ ਕਮੇਟੀ ਨੇ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਤਹਿਤ ਅੱਜ ਸੁਨੀਲ ਜਾਖੜ ਨੂੰ ਪਾਰਟੀ ’ਚੋਂ ਦੋ ਸਾਲਾਂ ਲਈ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਸੀ। ਸੋਨੀਆ ਗਾਂਧੀ ਨੇ ਹਾਲਾਂਕਿ ਸੁਨੀਲ ਜਾਖੜ ਖ਼ਿਲਾਫ਼ ਮੁਅੱਤਲੀ ਵਰਗਾ ਸਖ਼ਤ ਕਦਮ ਚੁੱਕਣ ਤੋਂ ਪਾਸਾ ਵੱਟ ਲਿਆ ਕਿਉਂਕਿ ਕਾਂਗਰਸ ਪਹਿਲਾਂ ਹੀ ਨਿਵਾਣ ਵੱਲ ਖਿਸਕ ਰਹੀ ਹੈ। ਕਾਂਗਰਸ ਹਾਈਕਮਾਨ ਨੇ ਜਾਖੜ ਨੂੰ ਸਾਰੇ ਅਹੁਦਿਆਂ ਤੋਂ ਹਟਾ ਕੇ ਮਹਿਜ਼ ਖਾਨਾਪੂਰਤੀ ਕੀਤੀ ਹੈ ਕਿਉਂਕਿ ਸੁਨੀਲ ਜਾਖੜ ਕੋਲ ਇਸ ਵੇਲੇ ਪਾਰਟੀ ਦਾ ਕੋਈ ਵੀ ਅਹੁਦਾ ਨਹੀਂ ਹੈ। ਅਨੁਸ਼ਾਸਨੀ ਕਮੇਟੀ ਨੇ ਅੱਜ ਮੀਟਿੰਗ ਵਿਚ ਫੈਸਲਾ ਲੈਣ ਮਗਰੋਂ ਜਾਖੜ ਦੀ ਮੁਅੱਤਲੀ ਸਬੰਧੀ ਆਖਰੀ ਫੈਸਲਾ ਹਾਈਕਮਾਨ ’ਤੇ ਛੱਡ ਦਿੱਤਾ ਸੀ। ਉਂਜ ਅਨੁਸ਼ਾਸਨੀ ਕਮੇਟੀ ਦੇ ਫੈਸਲੇ ਤੋਂ ਪਹਿਲਾਂ ਹੀ ਅੱਜ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕੀਤਾ ਸੀ, ਜਿਸ ਵਿੱਚ ਜਾਵੇਦ ਅਖ਼ਤਰ ਦਾ ਹਵਾਲਾ ਦਿੱਤਾ ਗਿਆ ਸੀ। ਜਾਖੜ ਨੇ ਟਵੀਟ ਕੀਤਾ ਸੀ ਕਿ ਅੱਜ ਉਨ੍ਹਾਂ ਲੋਕਾਂ ਦੇ ਸਿਰ ਕਲਮ ਹੋਣਗੇ, ਜਿਨ੍ਹਾਂ ਵਿੱਚ ਜ਼ਮੀਰ ਬਚੀ ਹੈ।
ਵੇਰਵਿਆਂ ਅਨੁਸਾਰ ਅੱਜ ਤਾਰਿਕ ਅਨਵਰ ਦੀ ਪ੍ਰਧਾਨਗੀ ਹੇਠ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਹੋਈ ਸੀ, ਜਿਸ ਵਿਚ ਜਾਖੜ ਨੂੰ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਕਮੇਟੀ ਦਾ ਕਹਿਣਾ ਸੀ ਕਿ ਜਾਖੜ ਨੇ ਪਾਰਟੀ ਖ਼ਿਲਾਫ਼ ਜਾ ਕੇ ਬਿਆਨਬਾਜ਼ੀ ਕੀਤੀ ਅਤੇ ਅਨੁਸ਼ਾਸਨ ਭੰਗ ਕੀਤਾ। ਅਨੁਸ਼ਾਸਨੀ ਕਮੇਟੀ ਨੇ ਇੱਕ ਹੋਰ ਆਗੂ ਕੇ.ਵੀ.ਥਾਮਸ ਖ਼ਿਲਾਫ਼ ਵੀ ਕਾਰਵਾਈ ਲਈ ਲਿਖਿਆ ਹੈ। ਹਾਈਕਮਾਨ ਦੀ ਜਾਖੜ ਖਿਲਾਫ਼ ਮੱਠੀ ਕਾਰਵਾਈ ਤੋਂ ਸਾਫ ਹੈ ਕਿ ਹਾਈਕਮਾਨ ਅੰਦਰਖਾਤੇ ਸੁਨੀਲ ਜਾਖੜ ਨੂੰ ਕਿਸੇ ਵੀ ਸੂਰਤ ਵਿੱਚ ਗੁਆਉਣਾ ਨਹੀਂ ਚਾਹੁੰਦੀ। ਜਾਖੜ ਪਰਿਵਾਰ ਦੀ ਕਾਂਗਰਸ ਨੂੰ ਵੱਡੀ ਦੇਣ ਹੈ ਅਤੇ ਸੁਨੀਲ ਜਾਖੜ ਪੰਜਾਬ ਵਿਚ ਚੰਗਾ ਅਕਸ ਰੱਖਦੇ ਹਨ।ਸੂਤਰ ਦੱਸਦੇ ਹਨ ਕਿ ਹਾਈਕਮਾਨ ਦੇ ਏਲਚੀ ਤਾਂ ਆਖਰੀ ਮੌਕੇ ਤੱਕ ਸੁਨੀਲ ਜਾਖੜ ਤੱਕ ਪਹੁੰਚ ਕਰਕੇ ਆਖਦੇ ਰਹੇ ਕਿ ਉਹ ਇਕ ਲਾਈਨ ਦਾ ਜਵਾਬ ਲਿਖ ਕੇ ਭੇਜ ਦੇਣ। ਜਾਖੜ ਅਖੀਰ ਤੱਕ ਆਪਣੇ ਸਟੈਂਡ ’ਤੇ ਕਾਇਮ ਰਹੇ। ਜਾਖੜ ਨੇ ਇੱਕ ਇੰਟਰਵਿਊ ਵਿਚ ਕਿਹਾ ਸੀ ਕਿ ਜਦੋਂ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਉਤਾਰਿਆ ਗਿਆ ਤਾਂ ਉਦੋਂ 42 ਵਿਧਾਇਕਾਂ ਦੀ ਰਾਇ ਉਨ੍ਹਾਂ (ਜਾਖੜ) ਨੂੰ ਮੁੱਖ ਮੰਤਰੀ ਬਣਾੲੇ ਜਾਣ ਦੇ ਪੱਖ ਵਿਚ ਸੀ, ਪਰ ਹਾਈਕਮਾਨ ਨੇ ਆਪਣੀ ਧਰਮ-ਨਿਰਪੱਖ ਸੋਚ ਨੂੰ ਸੀਨੀਅਰ ਮਹਿਲਾ ਆਗੂ ਦੇ ਕਹਿਣ ’ਤੇ ਤਿਲਾਂਜਲੀ ਦੇ ਦਿੱਤੀ ਸੀ। ਜਾਖੜ ਨੇ ਚਰਨਜੀਤ ਚੰਨੀ ਦੀ ਵੀ ਆਲੋਚਨਾ ਕੀਤੀ ਸੀ। ਉਧਰ ਸੁਨੀਲ ਜਾਖੜ ਦੇ ਭਤੀਜੇ ਤੇ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਪਾਰਟੀ ਵਿਚ ਅਨੁਸ਼ਾਸਨ ਹੋਣਾ ਚਾਹੀਦਾ ਹੈ, ਪਰ ਇਹ ਸਾਰਿਆਂ ਲਈ ਬਰਾਬਰ ਹੋਵੇ। ਉਨ੍ਹਾਂ ਕਿਹਾ ਕਿ ਜਾਖੜ ਇੱਕ ਧਰਮ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ।
ਸਾਰਿਆਂ ਨੂੰ ਇਕੱਠੇ ਕਰਨ ਦੀ ਲੋੜ: ਵੇਰਕਾ
ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪਾਰਟੀ ਬਹੁਤ ਕਮਜ਼ੋਰ ਹੋ ਚੁੱਕੀ ਹੈ ਜਿਸ ਕਰਕੇ ਸਾਰਿਆਂ ਨੂੰ ਇਕੱਠੇ ਕਰਨ ਦੀ ਲੋੜ ਹੈ। ਜੇਕਰ ਕੋਈ ਗਲਤੀ ਕਰਦਾ ਹੈ ਤਾਂ ਸੁਧਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਖੜ ਤੋਂ ਇਲਾਵਾ ਹੋਰਨਾਂ ਲੋਕਾਂ ਨੇ ਵੀ ਸਵਾਲ ਖੜ੍ਹੇ ਕੀਤੇ ਸਨ, ਪਰ ‘ਬਲੀ ਦਾ ਬੱਕਰਾ’ ਸੁਨੀਲ ਜਾਖੜ ਨੂੰ ਬਣਾਉਣਾ ਗਲਤ ਹੈ। ਸੁਨੀਲ ਜਾਖੜ ਦਲਿਤਾਂ ਲਈ ਲੜਦੇ ਰਹੇ ਹਨ।
ਜਾਖੜ ਨੇ ਕਾਂਗਰਸ ਨੂੰ ਕਿਹਾ ‘ਗੁੱਡ ਲੱਕ’
ਅਨੁਸ਼ਾਸਨੀ ਕਮੇਟੀ ਦੇ ਫੈਸਲੇ ਮਗਰੋਂ ਸੁਨੀਲ ਜਾਖੜ ਨੇ ਕਾਂਗਰਸ ਨੂੰ ‘ਗੁੱਡ ਲੱਕ’ ਆਖਿਆ। ਕਮੇਟੀ ਨੇ 11 ਅਪਰੈਲ ਨੂੰ ਸੁਨੀਲ ਜਾਖੜ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਸੀ, ਪਰ ਜਾਖੜ ਨੇ ਇਸ ਨੋਟਿਸ ਨੂੰ ਤੌਹੀਨ ਮੰਨਿਆ ਜਿਸ ਕਰਕੇ ਉਨ੍ਹਾਂ ਪੰਜਾਬੀ ਹੋਣ ਦੇ ਨਾਤੇ ਆਪਣੀ ਅਣਖ ਦੀ ਹਿਫ਼ਾਜ਼ਤ ਕੀਤੀ। ਜਾਖੜ ਆਪਣੇ ਸਟੈਂਡ ਤੋਂ ਨਹੀਂ ਥਿੜਕੇ, ਜਿਸ ਪਿੱਛੋਂ ਹਾਈਕਮਾਨ ਨੂੰ ਹੀ ਨਰਮ ਐਕਸ਼ਨ ਲੈ ਕੇ ਮੁੱਦਾ ਖਤਮ ਕਰਨਾ ਪਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly